VIP ਦੀ ਜਗ੍ਹਾ VVIP ਕਲਚਰ ਲੈ ਆਈ ਮਾਨ ਸਰਕਾਰ, ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ: ਪਰਗਟ ਸਿੰਘ
Saturday, Feb 07, 2026 - 03:05 PM (IST)
ਜਲੰਧਰ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ। ਜਲੰਧਰ ਦੇ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੀ ਸਿਆਸੀ ਲੀਡਰਸ਼ਿਪ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਪੁਲਸ ਫੋਰਸ ਕੋਲ ਕੋਈ ਸਪੱਸ਼ਟ ਦਿਸ਼ਾ ਨਹੀਂ ਰਹੀ।
ਪਰਗਟ ਸਿੰਘ ਨੇ ‘ਆਪ’ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢਦਿਆਂ ਕਿਹਾ ਕਿ ਜਿਸ ਪਾਰਟੀ ਨੇ VIP ਕਲਚਰ ਖ਼ਤਮ ਕਰਨ ਦੀ ਗੱਲ ਕੀਤੀ ਸੀ, ਉਸ ਨੇ ਪੰਜਾਬ ਵਿਚ VVIP ਕਲਚਰ ਲਾਗੂ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਸਾਰੀ ਪੁਲਸ ਫੋਰਸ ਸਿਰਫ ਕੁਝ ਗਿਣਤੀ ਦੇ VVIP ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਹੈ, ਜਦਕਿ ਆਮ ਜਨਤਾ ਨੂੰ ਬਿਨਾਂ ਕਿਸੇ ਸੁਰੱਖਿਆ ਦੇ ਰੱਬ ਆਸਰੇ ਛੱਡ ਦਿੱਤਾ ਗਿਆ ਹੈ।
AAP claimed to end VIP culture, but has instead imposed an even worse VVIP culture in Punjab.
— Pargat Singh (@PargatSOfficial) February 6, 2026
The entire police force is deployed to protect a few VVIPs, leaving common citizens without security.#LawAndOrder in Punjab has been left to fate. pic.twitter.com/SvaEeWeGIU
ਜਲੰਧਰ ਸ਼ਹਿਰ ਦੀ ਸਥਿਤੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਜਲੰਧਰ ਵਰਗੇ ਸ਼ਹਿਰ ਦੇ ਪੋਸ਼ ਇਲਾਕਿਆਂ ਵਿਚ ਧਾਰਮਿਕ ਸਥਾਨਾਂ ਦੇ ਬਾਹਰ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ। ਉਨ੍ਹਾਂ ਲੱਕੀ ਓਬਰਾਏ ਕਤਲਕਾਂਡ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਕਿਵੇਂ ਮੁਲਜ਼ਮ ਬੇਖੌਫ਼ ਹੋ ਕੇ ਗੋਲੀਆਂ ਚਲਾਉਂਦੇ ਹਨ ਅਤੇ ਕਤਲ ਕਰਕੇ ਫਰਾਰ ਹੋ ਜਾਂਦੇ ਹਨ।
ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਮਿਲ ਕੇ ਸ਼ਹਿਰ ਦੇ ਮਾੜੇ ਹਾਲਾਤਾਂ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪੁਲਸ ਅਧਿਕਾਰੀ ਜਲਦੀ ਕਾਰਵਾਈ ਦਾ ਭਰੋਸਾ ਦੇ ਰਹੇ ਹਨ, ਪਰ ਸੱਚਾਈ ਇਹ ਹੈ ਕਿ ਸਰਕਾਰ ਹਾਲਾਤ ਕੰਟਰੋਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਅਨੁਸਾਰ ਇਹ ਉਹੀ ਪੁਲਸ ਫੋਰਸ ਹੈ ਜਿਸ ਨੇ ਕਦੇ ਅੱਤਵਾਦ ਨੂੰ ਨੱਥ ਪਾਈ ਸੀ, ਪਰ ਸਹੀ ਲੀਡਰਸ਼ਿਪ ਨਾ ਹੋਣ ਕਾਰਨ ਅੱਜ ਸੂਬੇ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ।
