ਇੱਕੋ ਰਾਤ ਹੋ ਗਈਆਂ ਦੋ ਵੱਡੀਆਂ ਵਾਰਦਾਤਾਂ, ਲੱਖਾਂ ਦਾ ਨੁਕਸਾਨ
Saturday, Feb 14, 2026 - 06:33 PM (IST)
ਡੇਰਾਬਸੀ (ਗੁਰਜੀਤ) : ਮੁਬਾਰਕਪੁਰ ਚੌਕੀ ਅਧੀਨ ਪੈਂਦੇ ਇਲਾਕੇ ’ਚ ਇੱਕੋ ਰਾਤ ਦੋ ਵੱਖ-ਵੱਖ ਥਾਵਾਂ ’ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਚੋਰ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਲੈ ਉੱਡੇ। ਇਨ੍ਹਾਂ ਘਟਨਾਵਾਂ ਨਾਲ ਇਲਾਕੇ ਦੇ ਵਪਾਰੀਆਂ ’ਚ ਡਰ ਦਾ ਮਾਹੌਲ ਹੈ। ਪਹਿਲੀ ਘਟਨਾ ਪਿੰਡ ਸੁੰਡਰਾਂ ਬੱਸ ਸਟੈਂਡ ਨੇੜੇ ਸਥਿਤ ਐੱਮ.ਐੱਸ. ਸੈਨਟਰੀ ਤੇ ਹਾਰਡਵੇਅਰ ਦੀ ਦੁਕਾਨ ’ਚ ਰਾਤ 12 ਵਜੇ ਵਾਪਰੀ। ਦੁਕਾਨ ਮਾਲਕ ਮੁਹੰਮਦ ਸਮੀਰ ਨੇ ਦੱਸਿਆ ਕਿ ਸਵੇਰੇ ਪੜੋਸੀ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਚੋਰ ਪਿੱਤਲ ਦੀਆਂ ਕਰੀਬ 200 ਟੂਟੀਆਂ, ਪਾਣੀ ਦੀਆਂ 5 ਮੋਟਰਾਂ ਅਤੇ 10 ਸ਼ਿੰਕਾ ਸਮੇਤ ਕਰੀਬ ਦੋ ਲੱਖ ਰੁਪਏ ਦੇ ਮੁੱਲ ਦਾ ਕੀਮਤੀ ਤੇ ਪਿੱਤਲ ਦਾ ਸਮਾਨ ਚੋਰੀ ਕਰਕੇ ਲੈ ਗਏ।
ਅਲਮੀਨੀਅਮ ਦੀਆਂ ਸੀਟਾਂ ਚੋਰੀ ਕੀਤੀਆਂ
ਦੂਜੀ ਵਾਰਦਾਤ ਪਿੰਡ ਭਾਂਖਰਪੁਰ ਵਿਖੇ ਰੇਲਵੇ ਓਵਰਬ੍ਰਿਜ ਦੀ ਸਰਵਿਸ ਰੋਡ ’ਤੇ ਸਥਿਤ ‘ਕੁਮਾਰ ਜਨਰੇਟਰਸ’ ’ਚ ਕਰੀਬ ਰਾਤ 2 ਵਜੇ ਵਾਪਰੀ। ਦੁਕਾਨ ਮਾਲਕ ਅਸ਼ਵਨੀ ਕੁਮਾਰ ਪੁੱਤਰ ਪ੍ਰੀਤਮ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਰਾਹ ਚਲਦੇ ਜਾਣਕਾਰ ਨੇ ਫੋਨ ਕਰਕੇ ਦੱਸਿਆ ਕਿ ਦੁਕਾਨ ਦਾ ਸ਼ਟਰ ਪੁੱਟਿਆ ਹੋਇਆ ਹੈ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਅੰਦਰੋਂ ਅਲਮੀਨੀਅਮ ਦੀਆਂ ਸੀਟਾਂ ਚੋਰੀ ਹੋ ਚੁੱਕੀਆਂ ਸਨ, ਜਿਨ੍ਹਾਂ ਦੀ ਕੀਮਤ ਲਗਭਗ ਇਕ ਲੱਖ ਰੁਪਏ ਹੈ। ਮਾਲਕ ਅਨੁਸਾਰ ਚੋਰਾਂ ਦੀ ਗਿਣਤੀ ਦੋ ਤੋਂ ਤਿੰਨ ਹੋ ਸਕਦੀ ਹੈ, ਕਿਉਂਕਿ ਨਵਾਂ ਤੇ ਮਜਬੂਤ ਸ਼ਟਰ ਪੁੱਟਣ ’ਚ ਕਾਫੀ ਮਿਹਨਤ ਤੇ ਤਾਕਤ ਦੀ ਜ਼ਰੂਰਤ ਲੱਗੀ ਹੋਵੇਗੀ।
ਪੁਲਸ ਗਸ਼ਤ ਵਧਾਉਣ ਦੀ ਮੰਗ
ਦੁਕਾਨ ਮਾਲਕਾਂ ਨੇ ਭਾਵੇਂ ਚੋਰੀ ਦੀ ਸ਼ਿਕਾਇਤ ਪੁਲਸ ਚੌਕੀ ’ਚ ਦਰਜ ਕਰਵਾ ਦਿੱਤੀ ਹੈ ਪਰ ਇੱਕੋ ਰਾਤ ਦੋ ਵੱਡੀਆਂ ਚੋਰੀਆਂ ਨਾਲ ਵਪਾਰੀਆਂ ’ਚ ਡਰ ਦਾ ਮਾਹੌਲ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਵਪਾਰੀਆਂ ਨੇ ਰਾਤਰੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
