ਚੀਨ ’ਚ ਫੈਲਿਆ ਵਾਇਰਸ HMPV, ਹੁਣ ਭਾਰਤ ’ਚ ਫੈਲਣ ਦਾ ਖਦਸ਼ਾ

Tuesday, Jan 07, 2025 - 02:56 AM (IST)

ਚੀਨ ’ਚ ਫੈਲਿਆ ਵਾਇਰਸ HMPV, ਹੁਣ ਭਾਰਤ ’ਚ ਫੈਲਣ ਦਾ ਖਦਸ਼ਾ

ਲਗਭਗ 5 ਸਾਲ ਪਹਿਲਾਂ ਚੀਨ ਦੇ ‘ਵੁਹਾਨ’ ਸ਼ਹਿਰ ਤੋਂ ਸ਼ੁਰੂ ‘ਕੋਰੋਨਾ ਵਾਇਰਸ’ ਨੇ ਤਬਾਹੀ ਮਚਾ ਦਿੱਤੀ ਸੀ ਜਿਸ ਦੇ ਸਿੱਟੇ ਵਜੋਂ ਦੁਨੀਆ ਭਰ ’ਚ 71 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਇਨ੍ਹੀਂ ਦਿਨੀਂ ਚੀਨ ‘ਹਿਊਮਨ ਮੇਟਾਨਿਊਮੋ ਵਾਇਰਸ’ (ਐੱਚ.ਐੱਮ.ਪੀ.ਵੀ.) ਨਾਂ ਦੇ ਤੇਜ਼ੀ ਨਾਲ ਫੈਲ ਰਹੇ ਇਕ ਨਵੇਂ ਵਾਇਰਸ ਦੇ ਕਹਿਰ ਨਾਲ ਜੂਝ ਰਿਹਾ ਹੈ। ਉੱਥੇ ਸਰਦੀਆਂ ਸ਼ੁਰੂ ਹੁੰਦਿਆਂ ਹੀ ਹਸਪਤਾਲਾਂ ’ਚ ਨਿਮੋਨੀਆ ਦੇ ਮਰੀਜ਼ਾਂ ਦੀ ਗਿਣਤੀ ਵੀ ਕਾਫੀ ਵਧ ਗਈ ਹੈ ਅਤੇ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਬਾਲਗਾਂ ਤੋਂ ਇਲਾਵਾ ਵੱਡੀ ਗਿਣਤੀ ’ਚ 14 ਸਾਲ ਤੱਕ ਦੀ ਉਮਰ ਦੇ ਬੱਚੇ ਇਸ ਤੋਂ ਪ੍ਰਭਾਵਿਤ ਹੁੰਦੇ ਦੇਖੇ ਜਾ ਰਹੇ ਹਨ ਪਰ ਸਭ ਤੋਂ ਵੱਧ ਪ੍ਰਭਾਵਿਤ 2 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਜਿਸ ਕਾਰਨ ਚੀਨ ’ਚ ਹਾਲਾਤ ਇੰਨੀ ਤੇਜ਼ੀ ਨਾਲ ਵਿਗੜ ਰਹੇ ਹਨ ਕਿ ਉਥੋਂ ਦੀ ਸਰਕਾਰ ਨੇ ਸਿਹਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

‘ਵਿਸ਼ਵ ਸਿਹਤ ਸੰਗਠਨ’ ਅਨੁਸਾਰ ਹਾਲਾਂਕਿ ਡੱਚ ਵਿਗਿਆਨੀਆਂ ਨੇ ਇਸ ਦੀ ਖੋਜ 2001 ’ਚ ਹੀ ਕਰ ਲਈ ਸੀ ਪਰ 2 ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤਕ ਇਸ ਦੇ ਇਲਾਜ ਲਈ ਕੋਈ ਖਾਸ ‘ਐਂਟੀ ਵਾਇਰਲ ਥੈਰੇਪੀ’ ਅਤੇ ‘ਟੀਕਾ’ ਨਹੀ ਬਣਿਆ।

ਇਸ ਵਾਇਰਸ ਦੇ ਲੱਛਣ ਸਰਦੀਆਂ ’ਚ ਹੋਣ ਵਾਲੇ ਹੋਰ ਵਾਇਰਲ ਸੰਕਰਮਣ ਵਰਗੇ ਹਨ। ਇਸ ਕਾਰਨ ਖੰਘ, ਬੁਖਾਰ, ਨੱਕ ਬੰਦ ਹੋਣਾ, ਸਾਹ ਲੈਣ ’ਚ ਤਕਲੀਫ ਨਾਲ ਬ੍ਰੋਂਕਾਈਟਸ ਜਾਂ ਨਿਮੋਨੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਆਮ ਮਾਮਲਿਆਂ ’ਚ ਇਹ ਗਲ਼ ਦੀ ਘਰਘਰਾਹਟ ਜਾਂ ਖਾਰਿਸ਼ ਦਾ ਕਾਰਨ ਬਣਦਾ ਹੈ ਅਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ’ਚ ਇਹ ਸੰਕਰਮਣ ਗੰਭੀਰ ਰੂਪ ਲੈ ਸਕਦਾ ਹੈ।

ਕੇਂਦਰ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਸ ਤੋਂ ਬਚਣ ਲਈ ਮਾਸਕ ਲਾਉਣ, ਖੂਬ ਪਾਣੀ ਪੀਣ ਅਤੇ ਪੌਸ਼ਟਿਕ ਭੋਜਨ ਕਰਨ, ਸੰਕਰਮਣ ਘਟਾਉਣ ਲਈ ਕਮਰੇ ’ਚ ਵੈਂਟੀਲੇਸ਼ਨ ਕਰਨ, ਭੀੜ-ਭਾੜ ਵਾਲੀਆਂ ਥਾਵਾਂ ਤੋਂ ਬਚਣ, ਘਰ ਆਉਣ ’ਤੇ ਸਾਬਣ ਅਤੇ ਪਾਣੀ ਨਾਲ ਘੱਟ ਤੋਂ ਘੱਟ 20 ਸੈਕਿੰਡ ਹੱਥ ਧੋਣ ਜਾਂ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨ, ਬਿਨਾਂ ਧੋਤੇ ਹੱਥਾਂ ਨਾਲ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚਣ, ਸੰਕਰਮਿਤ (ਇਨਫੈਕਟਿਡ) ਲੋਕਾਂ ਤੋਂ ਦੂਰੀ ਬਣਾਈ ਰੱਖਣ ਦੀ ਲੋੜ ਹੈ।

ਇਸ ਤੋਂ ਇਲਾਵਾ ਛਿੱਕਣ ਸਮੇਂ ਆਪਣੇ ਹੱਥ ਅਤੇ ਮੂੰਹ ਨੂੰ ਢਕਣ, ਸੰਕਰਮਿਤ ਲੋਕਾਂ ਨਾਲ ਖਾਣ ਦੇ ਬਰਤਨ ਸਾਂਝੇ ਨਾ ਕਰਨ ਅਤੇ ਬੀਮਾਰ ਹੋਣ ਦੀ ਸਥਿਤੀ ’ਚ ਘਰ ਹੀ ਰਹਿਣ ਦੀ ਲੋੜ ਹੈ। ਲੋਕਾਂ ਨਾਲ ਹੱਥ ਮਿਲਾਉਣ ਦੀ ਥਾਂ ਨਮਸਤੇ ਕਰੋ। ਛਿੱਕ ਮਾਰਦਿਆਂ-ਖੰਘਦਿਆਂ ਨੱਕ, ਮੂੰਹ ਨੂੰ ਢਕਣਾ ਅਤੇ ਹੱਥਾਂ ਨੂੰ ਸਾਫ ਕਰਨਾ ਵੀ ਜ਼ਰੂਰੀ ਹੈ। ਖੰਘਣ ਅਤੇ ਛਿੱਕਣ ਨਾਲ ਨਿਕਲਣ ਵਾਲੇ ‘ਡ੍ਰਾਪਲੈਟਸ’ (ਕਣ) ਤੋਂ ਇਸਦੇ ਸੰਕਰਮਣ ਦਾ ਖਤਰਾ ਹੋ ਸਕਦਾ ਹੈ। ਫੇਫੜਿਆਂ ਦੀ ਬੀਮਾਰੀ ਵਾਲਿਆਂ ਨੂੰ ਵਧੇਰੇ ਚੌਕਸੀ ਵਰਤਣੀ ਚਾਹੀਦੀ ਹੈ।

ਭਾਰਤ ’ਚ ਵੀ ਇਸ ਰੋਗ ਨੇ ਦਸਤਕ ਦੇ ਦਿੱਤੀ ਹੈ ਅਤੇ ਇੱਥੇ ਵੀ ਚੀਨ ’ਚ ਫੈਲੇ ਐੱਚ.ਐੱਮ.ਪੀ.ਵੀ. ਵਾਇਰਸ ਦੇ 5 ਕੇਸ ਮਿਲੇ ਹਨ। ਪਹਿਲਾ ਕੇਸ ਰਾਜਸਥਾਨ ਤੋਂ ਇਲਾਜ ਲਈ ਅਹਿਮਦਾਬਾਦ ਪਹੁੰਚੇ 2 ਮਹੀਨਿਆਂ ਦੇ ਇਕ ਬੱਚੇ ਦਾ ਹੈ ਜਿਸ ਨੂੰ 15 ਦਿਨ ਪਹਿਲਾਂ ਅਹਿਮਦਾਬਾਦ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਸ਼ੁਰੂ ’ਚ 5 ਦਿਨਾਂ ਤੱਕ ਉਸ ਨੂੰ ਵੈਂਟੀਲੇਟਰ ’ਤੇ ਵੀ ਰੱਖਿਆ ਗਿਆ ਸੀ ਅਤੇ ਇਸ ਪਿੱਛੋਂ ਕੀਤੀਆਂ ਗਈਆਂ ਜਾਂਚਾਂ ’ਚ ਵਾਇਰਸ ਦੇ ਸੰਕਰਮਣ ਦਾ ਪਤਾ ਲੱਗਾ।

ਦੂਜਾ ਅਤੇ ਤੀਜਾ ਕੇਸ ਕਰਨਾਟਕ ਦੇ ਬੈਂਗਲੁਰੂ ’ਚ 3 ਮਹੀਨਿਆਂ ਦੀ ਬੱਚੀ ਅਤੇ 8 ਮਹੀਨੇ ਦੇ ਬੱਚੇ ਦਾ ਹੈ। ਇਨ੍ਹਾਂ ਦੋਵਾਂ ਬੱਚਿਆਂ ਦੀ ਜਾਂਚ ਬੈਂਗਲੁਰੂ ਦੇ ਇਕ ਹਸਪਤਾਲ ’ਚ ਕੀਤੀ ਗਈ ਸੀ। ਸਰਦੀ ਅਤੇ ਤੇਜ਼ ਬੁਖਾਰ ਤੋਂ ਪੀੜਤ ਉਕਤ ਦੋਵੇਂ ਬੱਚਿਆਂ ਦੇ ਮਾਮਲੇ ’ਚ ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਦੋਵੇਂ ਬੱਚੇ ਰੁਟੀਨ ਜਾਂਚ ਲਈ ਹਸਪਤਾਲ ਪਹੁੰਚੇ ਸਨ ਅਤੇ ਜਾਂਚ ਕਰਨ ’ਤੇ ਉਨ੍ਹਾਂ ਦੀ ਰਿਪਰੋਟ ਪਾਜ਼ਿਟਿਵ ਪਾਈ ਗਈ।

ਅਜੇ ਇਹ ਲੇਖ ਲਿਖਿਆ ਹੀ ਜਾ ਰਿਹਾ ਸੀ ਕਿ ਚੇਨਈ ’ਚ ਵੀ 2 ਬੱਚਿਆਂ ਦੇ ਸੰਕਰਮਣ ਹੋਣ ਦੀ ਖਬਰ ਆ ਗਈ ਹੈ। ਇਸ ਤਰ੍ਹਾਂ ਇਸ ਵਾਇਰਸ ਨਾਲ ਸੰਕਰਮਣ ਹੋਣ ਵਾਲਿਆਂ ਦੀ ਗਿਣਤੀ ਵਧਣ ਦਾ ਕਾਫੀ ਖਦਸ਼ਾ ਹੈ। ਇਸ ਲਈ ਇਸ ਸਬੰਧੀ ਸਿਹਤ ਮੰਤਰਾਲਾ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਸਾਵਧਾਨੀ ਵਰਤਣ ਵਿਚ ਹੀ ਭਲਾਈ ਹੈ ਕਿਉਂਕਿ ਜਿਵੇਂ-ਜਿਵੇਂ ਚੀਨ ਵਿਚ ਇਸ ਵਾਇਰਸ ਰੋਗ ਦੇ ਮਾਮਲੇ ਵਧ ਰਹੇ ਹਨ, ਇਸ ਵਾਇਰਸ ਦੇ ਖਤਰਿਆਂ ਅਤੇ ਇਲਾਜ ਦੀ ਕਮੀ ਬਾਰੇ ਚਿੰਤਾਵਾਂ ਵੀ ਵਧ ਰਹੀਆਂ ਹਨ।

–ਵਿਜੇ ਕੁਮਾਰ


author

Harpreet SIngh

Content Editor

Related News