ਵੱਡੇ ਹੀ ਨਹੀਂ ਸਗੋਂ ਬੱਚੇ ਵੀ ਹੋ ਰਹੇ ਨੇ ਡਿਪਰੈਸ਼ਨ ਦਾ ਸ਼ਿਕਾਰ, ਮਾਪੇ ਵੀ ਨੇ ਜ਼ਿੰਮੇਵਾਰ, ਜਾਣੋ ਇਲਾਜ ਤੇ ਲੱਛਣਾਂ ਬਾਰੇ
Wednesday, Aug 21, 2024 - 12:54 PM (IST)
ਜਲੰਧਰ (ਬਿਊਰੋ) : ਵਿਸ਼ਵ ਭਰ 'ਚ ਡਿਪਰੈਸ਼ਨ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਦੇ ਸਮੇਂ 'ਚ ਸਿਰਫ਼ ਵੱਡੇ ਹੀ ਨਹੀਂ ਸਗੋਂ ਬੱਚੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈਆਂ ਨੂੰ ਤਾਂ ਇਸ ਬਿਮਾਰੀ ਬਾਰੇ ਪਤਾ ਵੀ ਨਹੀਂ ਲੱਗਦਾ। ਡਿਪਰੈਸ਼ਨ ਦਾ ਸ਼ਿਕਾਰ ਹੋਣ ਕਰਕੇ ਲੋਕ ਆਤਮਹੱਤਿਆ ਵਰਗਾ ਖ਼ਤਰਨਾਕ ਕਦਮ ਵੀ ਚੁੱਕ ਲੈਂਦੇ ਹਨ। ਇਸ ਸਬੰਧੀ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਦੇ ਬਤੌਰ ਮਨੋਰੋਗ ਮਾਹਿਰ ਸੇਵਾਵਾਂ ਨਿਭਾ ਚੁੱਕੇ ਡਾਕਟਰ ਰੂਪੇਸ਼ ਚੌਧਰੀ ਨਾਲ ਸਾਡੀ ਟੀਮ ਨੇ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਡਿਪਰੈਸ਼ਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਅਤੇ ਇਸ ਸਮੱਸਿਆ ਦੇ ਲੱਛਣ ਕੀ ਹਨ।
ਡਿਪਰੈਸ਼ਨ ਦੇ ਲੱਛਣ
ਡਾਕਟਰਾਂ ਦਾ ਕਹਿਣਾ ਹੈ ਕਿ ਡਿਪਰੈਸ਼ਨ ਅੱਜ ਕੱਲ੍ਹ ਸਿਰਫ਼ ਵੱਡਿਆਂ ਨੂੰ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਲੱਛਣਾਂ ਬਾਰੇ ਗੱਲ ਕਰਦੇ ਹੋਏ ਡਾਕਟਰ ਨੇ ਕਿਹਾ ਕਿ ਨੀਂਦ ਨਾ ਆਉਣਾ, ਰਾਤ ਨੂੰ ਲੇਟ ਸੌਣਾ, ਭੁੱਖ ਨਾ ਲੱਗਣਾ, ਗੁੱਸਾ ਆਉਣਾ, ਮਨ ਬੇਚੈਨ ਰਹਿਣਾ, ਭਾਰ ਨਾ ਵੱਧਣਾ, ਖਾਣਾ ਨਾ ਪਚਨਾ, ਦਸਤ ਲੱਗਣਾ, ਯਾਦਾਸ਼ਤ ਕਮਜ਼ੋਰ ਹੋਣੀ, ਆਪਣੇ ਕੰਮ ਭੁੱਲ ਜਾਣਾ, ਵਾਰ-ਵਾਰ ਰੋਣ ਦਾ ਦਿਲ ਕਰਨਾ, ਸਿਰ ਦਰਦ, ਜ਼ਿਆਦਾ ਨੀਂਦ ਆਉਣੀ, ਖੁਦਕੁਸ਼ੀ ਕਰਨ ਦਾ ਦਿਲ ਕਰਨਾ, ਦਿਨ 'ਚ ਦੋ ਜਾਂ ਤਿੰਨ ਘੰਟੇ ਜਾਂ ਫਿਰ ਇਸ ਤੋਂ ਜ਼ਿਆਦਾ ਸਮਾਂ ਮਨ ਉਦਾਸ ਰਹਿਣਾ ਆਦਿ ਡਿਪਰੈਸ਼ਨ ਦੇ ਲੱਛਣ ਹੋ ਸਕਦੇ ਹਨ। ਡਿਪਰੈਸ਼ਨ ਦਾ ਸਮੇਂ ਸਿਰ ਇਲਾਜ ਜ਼ਰੂਰੀ ਹੈ। ਕਈ ਲੋਕਾਂ ਨੂੰ ਇਹ ਲੱਛਣ ਆਮ ਲੱਗਦੇ ਹਨ, ਜਿਸ ਦੇ ਚਲਦਿਆਂ ਲੋਕ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਸ ਪਿੱਛੇ ਡਿਪਰੈਸ਼ਨ ਜ਼ਿੰਮੇਵਾਰ ਹੁੰਦਾ ਹੈ, ਜਿਸ ਦਾ ਸਮੇਂ ਸਿਰ ਇਲਾਜ ਨਾ ਹੋਵੇ, ਤਾਂ ਮਰੀਜ਼ ਲਈ ਘਾਤਕ ਸਾਬਿਤ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ
ਡਿਪਰੈਸ਼ਨ ਦੇ ਕਾਰਨ
ਅਜੋਕੇ ਸਮੇਂ 'ਚ ਵਿਅਕਤੀ ਦੀਆਂ ਇੱਛਾਵਾਂ, ਟੀਚੇ ਨੂੰ ਪੂਰਾ ਨਾ ਕਰ ਪਾਉਣਾ ਅਤੇ ਮਨ ਦੇ ਮੁਤਾਬਿਕ ਕੰਮ ਪੂਰੇ ਨਾ ਹੋਣ ਕਰਕੇ ਵੀ ਡਿਪਰੈਸ਼ਨ ਵੱਧ ਰਿਹਾ ਹੈ। ਮਾਹਿਰ ਡਾਕਟਰ ਦੱਸਦੇ ਹਨ ਕਿ ਬੱਚਿਆਂ 'ਤੇ ਪੜ੍ਹਾਈ ਲਈ ਦਬਾਅ ਪਾਉਣਾ, ਮਾਪਿਆਂ ਦਾ ਬੱਚਿਆਂ ਵੱਲ ਧਿਆਨ ਨਾ ਦੇਣਾ, ਬੱਚਿਆਂ 'ਤੇ ਬੇਲੋੜਾ ਬੋਝ ਪਾਉਣਾ, ਉਨ੍ਹਾਂ ਤੋਂ ਜ਼ਿਆਦਾ ਉਮੀਦਾਂ ਰੱਖਣੀਆਂ ਅਤੇ ਉਮੀਦਾਂ ਪੂਰੀਆਂ ਨਾ ਹੋਣ 'ਤੇ ਉਨ੍ਹਾਂ 'ਤੇ ਗੁੱਸਾ ਕਰਨਾ ਆਦਿ ਕਾਰਨ ਵੀ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਬਾਕੀ ਬੱਚਿਆਂ ਦਾ ਉਨ੍ਹਾਂ ਨਾਲ ਵਿਵਹਾਰ ਵੀ ਡਿਪਰੈਸ਼ਨ ਦਾ ਇੱਕ ਵੱਡਾ ਕਾਰਨ ਬਣਦਾ ਹੈ। ਕਈ ਬੱਚਿਆਂ ਨੂੰ ਤਾਂ ਪਤਾ ਤੱਕ ਨਹੀਂ ਹੁੰਦਾ ਕਿ ਆਖਿਰਕਾਰ ਉਨ੍ਹਾਂ ਨੂੰ ਹੋਇਆ ਕੀ ਹੈ।
ਇਹ ਖ਼ਬਰ ਵੀ ਪੜ੍ਹੋ - ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ
ਡਿਪਰੈਸ਼ਨ ਦਾ ਇਲਾਜ
ਜਿਸ ਤਰ੍ਹਾਂ ਹਰ ਬਿਮਾਰੀ ਦਾ ਇਲਾਜ ਦਵਾਈ ਨਾਲ ਹੁੰਦਾ ਹੈ, ਉਸੇ ਤਰ੍ਹਾਂ ਡਿਪਰੈਸ਼ਨ ਦਾ ਵੀ ਇਲਾਜ ਦਵਾਈਆਂ ਨਾਲ ਹੁੰਦਾ ਹੈ। ਡਾਕਟਰ ਦੱਸਦੇ ਹਨ ਕਿ ਸਾਡੇ ਮਨਾਂ 'ਚ ਇਹ ਮਿੱਥ ਹੁੰਦੀ ਹੈ ਕਿ ਡਿਪਰੈਸ਼ਨ ਹੋ ਗਿਆ ਹੈ, ਤਾਂ ਇਸ ਦਾ ਇਲਾਜ ਦਿਮਾਗੀ ਹੋਵੇਗਾ ਅਤੇ ਦਿਮਾਗ 'ਤੇ ਇਸ ਦਾ ਅਸਰ ਹੋਵੇਗਾ ਪਰ ਸਾਡੇ ਅੰਦਰ ਹੈਪੀ ਹਾਰਮੋਨਸ ਹੁੰਦੇ ਹਨ, ਜਿਨ੍ਹਾਂ ਨੂੰ ਕੈਮੀਕਲਸ ਦੇ ਨਾਲ ਐਕਟਿਵ ਕੀਤਾ ਜਾ ਸਕਦਾ ਹੈ, ਜੋ ਸਮੇਂ ਦੇ ਨਾਲ ਅਤੇ ਉਮਰ ਦੇ ਨਾਲ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਉਨ੍ਹਾਂ ਨੂੰ ਜਗਾਉਣਾ ਬੇੱਹਦ ਜਰੂਰੀ ਹੈ ਅਤੇ ਇਹ ਦਵਾਈਆਂ ਨਾਲ ਜਾਗਦੇ ਹਨ। ਜੇਕਰ ਤੁਹਾਨੂੰ ਡਿਪਰੈਸ਼ਨ ਦਾ ਕੋਈ ਵੀ ਲੱਛਣ ਲੱਗਦਾ ਹੈ, ਤਾਂ ਤੁਰੰਤ ਆਪਣੇ ਮਨੋਰੋਗ ਮਾਹਿਰ ਡਾਕਟਰ ਨਾਲ ਸੰਪਰਕ ਕਰੋ ਅਤੇ ਇਸ ਦਾ ਇਲਾਜ ਕਰਵਾਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।