ਹੁਣ ਆ ਰਹੀ ''ਸੁਪਰ ਫਲੂ'' ਦੀ ਲਹਿਰ! Pak ''ਚ ਸਾਹਮਣੇ ਆਇਆ ਮਾਮਲਾ, ਭਾਰਤ ਲਈ ਵੀ ਅਲਰਟ

Monday, Dec 15, 2025 - 01:49 PM (IST)

ਹੁਣ ਆ ਰਹੀ ''ਸੁਪਰ ਫਲੂ'' ਦੀ ਲਹਿਰ! Pak ''ਚ ਸਾਹਮਣੇ ਆਇਆ ਮਾਮਲਾ, ਭਾਰਤ ਲਈ ਵੀ ਅਲਰਟ

ਵੈੱਬ ਡੈਸਕ : ਯੂਰਪ ਖਾਸ ਕਰ ਕੇ ਬ੍ਰਿਟੇਨ 'ਚ ਜਿਸ 'ਸੁਪਰ ਫਲੂ' ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਹੁਣ ਇਹ ਪਾਕਿਸਤਾਨ 'ਚ ਵੀ ਪਾਇਆ ਗਿਆ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਸਮੇਂ ਘਬਰਾਉਣ ਦੀ ਲੋੜ ਨਹੀਂ ਹੈ, ਪਰ ਭਾਰਤ 'ਚ ਵੀ ਇਸਦੇ ਫੈਲਣ ਦੇ ਖਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਇਹ ਫਲੂ ਇਨਫਲੂਐਂਜ਼ਾ A (H3N2) ਵਾਇਰਸ ਦਾ ਇੱਕ ਬਦਲਿਆ ਹੋਇਆ ਰੂਪ ਹੈ, ਜਿਸਨੂੰ 'ਸਬਕਲੇਡ K' ਕਿਹਾ ਜਾਂਦਾ ਹੈ । ਇਹ ਕੋਈ ਨਵਾਂ ਵਾਇਰਸ ਨਹੀਂ ਹੈ, ਸਗੋਂ ਪਹਿਲਾਂ ਤੋਂ ਮੌਜੂਦ ਫਲੂ ਵਾਇਰਸ 'ਚ ਹੋਏ ਕੁਝ ਜੈਨੇਟਿਕ ਬਦਲਾਵਾਂ ਦਾ ਨਤੀਜਾ ਹੈ ।

ਭਾਰਤ 'ਚ ਖ਼ਤਰਾ ਕਿਉਂ?
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਵਾਇਰਸ ਗੁਆਂਢੀ ਦੇਸ਼ ਵਿੱਚ ਫੈਲ ਰਿਹਾ ਹੈ ਤਾਂ ਭਾਰਤ ਵਿੱਚ ਵੀ ਇਸਦੇ ਕੇਸ ਸਾਹਮਣੇ ਆ ਸਕਦੇ ਹਨ। ਭਾਰਤ ਵਿੱਚ ਖ਼ਤਰਾ ਇਸ ਲਈ ਵੱਧ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੌਸਮ, ਹਵਾ ਅਤੇ ਲੋਕਾਂ ਦੀ ਆਵਾਜਾਈ ਕਾਫੀ ਹੱਦ ਤੱਕ ਇੱਕੋ ਜਿਹੀ ਹੈ। ਇਸ ਤੋਂ ਇਲਾਵਾ, ਸਰਦੀਆਂ ਵਿੱਚ ਸੰਘਣੀ ਧੁੰਦ ਅਤੇ ਪ੍ਰਦੂਸ਼ਣ, ਵੱਡੇ ਸ਼ਹਿਰਾਂ ਵਿੱਚ ਭੀੜ-ਭਾੜ ਤੇ ਸਕੂਲਾਂ 'ਚ ਬੱਚਿਆਂ ਦਾ ਆਪਸ 'ਚ ਮਿਲਣਾ, ਫਲੂ ਵਰਗੇ ਵਾਇਰਸਾਂ ਦੇ ਫੈਲਣ ਲਈ ਅਨੁਕੂਲ ਮਾਹੌਲ ਬਣਾਉਂਦਾ ਹੈ ।

ਕਮਜ਼ੋਰ ਟੀਕਾਕਰਨ ਇੱਕ ਵੱਡੀ ਸਮੱਸਿਆ
ਰਾਹਤ ਦੀ ਗੱਲ ਇਹ ਹੈ ਕਿ ਭਾਰਤ ਵਿੱਚ ਪਹਿਲਾਂ ਵੀ H3N2 ਫਲੂ ਦੇ ਕੇਸ ਦੇਖੇ ਜਾ ਚੁੱਕੇ ਹਨ ਤੇ ਦੇਸ਼ ਦਾ ਸਿਹਤ ਸਿਸਟਮ ਇਸ ਬਾਰੇ ਪੂਰੀ ਤਰ੍ਹਾਂ ਅਣਜਾਣ ਨਹੀਂ ਹੈ । ਭਾਰਤ ਵਿੱਚ ਫਲੂ ਸਰਵਿਲਾਂਸ (ਨਿਗਰਾਨੀ) ਸਿਸਟਮ ਮੌਜੂਦ ਹੈ ਅਤੇ ਹਸਪਤਾਲਾਂ ਵਿੱਚ ਟੈਸਟਿੰਗ ਦੀ ਸਹੂਲਤ ਉਪਲਬਧ ਹੈ । ਹਾਲਾਂਕਿ, ਇੱਕ ਵੱਡੀ ਸਮੱਸਿਆ ਇਹ ਹੈ ਕਿ ਭਾਰਤ ਵਿੱਚ ਫਲੂ ਦਾ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ, ਖਾਸ ਕਰਕੇ ਬਜ਼ੁਰਗਾਂ ਅਤੇ ਜ਼ਿਆਦਾ ਖਤਰੇ ਵਾਲੇ ਲੋਕਾਂ ਵਿੱਚ ।

ਕਿੰਨ੍ਹਾਂ ਲੋਕਾਂ ਨੂੰ ਹੈ ਸਭ ਤੋਂ ਵੱਧ ਖ਼ਤਰਾ?
ਡਾਕਟਰਾਂ ਦੇ ਅਨੁਸਾਰ, ਫਲੂ ਦਾ ਸਭ ਤੋਂ ਵੱਧ ਅਸਰ 60 ਸਾਲ ਤੋਂ ਵੱਧ ਉਮਰ ਦੇ ਲੋਕਾਂ, ਡਾਇਬਟੀਜ਼, ਦਿਲ ਜਾਂ ਫੇਫੜਿਆਂ ਦੀ ਬਿਮਾਰੀ ਵਾਲੇ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਮਰੀਜ਼ਾਂ 'ਤੇ ਪੈਂਦਾ ਹੈ। ਬੱਚੇ ਅਕਸਰ ਹਲਕੇ ਲੱਛਣਾਂ ਨਾਲ ਵਾਇਰਸ ਫੈਲਾ ਦਿੰਦੇ ਹਨ ਅਤੇ ਘਰ ਵਿੱਚ ਬਜ਼ੁਰਗਾਂ ਤੱਕ ਇਨਫੈਕਸ਼ਨ ਪਹੁੰਚ ਜਾਂਦਾ ਹੈ ।

ਬਚਾਅ ਲਈ ਡਾਕਟਰੀ ਸਲਾਹ
ਜੇ ਭਾਰਤ 'ਚ ਮਾਮਲੇ ਵਧਦੇ ਹਨ ਤਾਂ ਬਚਾਅ ਦੇ ਇਹ ਬਚਾਅ ਉਪਾਅ ਵਰਤੇ ਜਾਣਗੇ:
1. ਫਲੂ ਦਾ ਟੀਕਾ (ਵੈਕਸੀਨ) ਜ਼ਰੂਰ ਲਗਵਾਓ।
2. ਖੰਘ-ਜ਼ੁਕਾਮ ਹੋਣ 'ਤੇ ਮਾਸਕ ਪਹਿਨੋ।
3. ਹੱਥ ਵਾਰ-ਵਾਰ ਧੋਵੋ ਤੇ ਭੀੜ ਵਾਲੀਆਂ ਥਾਵਾਂ ਤੋਂ ਬਚੋ।
4. ਜੇਕਰ ਬਿਮਾਰ ਹੋ ਤਾਂ ਆਰਾਮ ਕਰੋ ।
5. ਬਿਨਾਂ ਲੋੜ ਐਂਟੀਬਾਇਓਟਿਕ ਨਾ ਲਓ।


author

Baljit Singh

Content Editor

Related News