8GB ਰੈਮ ਤੇ 10,000mAh ਬੈਟਰੀ ਵਾਲਾ Gionee M30 ਲਾਂਚ, ਜਾਣੋ ਕੀਮਤ
Wednesday, Aug 26, 2020 - 04:37 PM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਮੰਗਲਵਾਰ ਨੂੰ ਭਾਰਤ ’ਚ ਨਵਾਂ ਸਮਾਰਟਫੋਨ ਜਿਓਨੀ ਮੈਕਸ ਲਾਂਚ ਕੀਤਾ ਹੈ। ਇਸ ਦੇ ਨਾਲ ਕੰਪਨੀ ਚੀਨ ’ਚ ਇਕ ਹੋਰ ਸਮਾਰਟਫੋਨ Gionee M30 ਲੈ ਕੇ ਆਈ ਹੈ। ਜਿਓਨੀ ਮੈਕਸ ਜਿਥੇ ਸਸਤਾ ਸਮਾਰਟਫੋਨ ਹੈ ਉਥੇ ਹੀ Gionee M30 ਇਕ ਪ੍ਰੀਮੀਅਮ ਮਿਡ ਰੇਂਜ ਫੋਨ ਹੈ। ਇਸ ਵਿਚ ਪਾਵਰਫੁਲ ਹਾਰਡਵੇਅਰ ਦੇ ਨਾਲ ਰਗਡ ਫੋਨ ਡਿਜ਼ਾਇਨ ਦਿੱਤਾ ਗਿਆ ਹੈ। ਇਸ ਵਿਚ ਮੈਟਲ ਫਰੇਮ ਦੇ ਨਾਲ ਐਲਮੀਨੀਅਮ ਅਲੌਏ ਬਾਡੀ ਦਿੱਤੀ ਗਈ ਹੈ। ਨਾਲ ਹੀ ਪਿਛਲੇ ਪਾਸੇ ਲੈਦਰ ਵਰਗੀ ਫਿਨਿਸ਼ ਮਿਲਦੀ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ 10,000mAh ਦੀ ਬੈਟਰੀ ਹੈ।
ਕੀਮਤ
Gionee M30 ਸਮਾਰਟਫੋਨ ਕਾਲੇ ਰੰਗ ’ਚ ਆਉਂਦਾ ਹੈ। ਇਸ ਦੀ ਕੀਮਤ 1399 ਯੁਆਨ (ਕਰੀਬ 15 ਹਜ਼ਾਰ ਰੁਪਏ) ਹੈ। ਚੀਨ ’ਚ ਇਸ ਫੋਨ ਦੀ ਵਿਕਰੀ ਅਗਸਤ ’ਚ ਹੀ ਆਨਲਾਈਨ ਪਲੇਟਫਾਰਮਾਂ ਰਾਹੀਂ ਕੀਤੀ ਜਾਵੇਗੀ।
Gionee M30 ਦੇ ਫੀਚਰਜ਼
ਸਮਾਰਟਫੋਨ ’ਚ 6-ਇੰਚ ਦੀ ਐੱਲ.ਸੀ.ਡੀ. ਸਕਰੀਨ ਮਿਲਦੀ ਹੈ ਜੋ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ (1440x720 ਪਿਕਸਲ) ਵਾਲੀ ਡਿਸਪਲੇਅ ਹੈ। ਫੋਨ ’ਚ 8 ਜੀ.ਬੀ. ਰੈਮ ਅਤੇ ਮੀਡੀਟੈੱਕ ਹੇਲੀਓ ਪੀ60 ਪ੍ਰੋਸੈਸਰ ਮਿਲਦਾ ਹੈ। ਇਸ ਵਿਚ 128 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ। ਫੋਨ ’ਚ 10,000mAh ਦੀ ਬੈਟਰੀ ਮਿਲਦੀ ਹੈ ਜੋ ਲੰਬਾ ਬੈਟਰੀ ਬੈਕਅਪ ਦਿੰਦੀ ਹੈ। ਇਹ ਬੈਟਰੀ 25 ਵਾਟ ਫਾਸਟ ਚਾਰਜਿੰਗ ਅਤੇ ਰਿਵਰਸ ਚਾਰਜਿੰਗ ਨੂੰ ਵੀ ਸੁਪੋਰਟ ਕਰਦੀ ਹੈ। ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ।
ਫੋਟੋਗ੍ਰਾਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਮਿਲਦਾ ਹੈ ਜੋ LED ਫਲੈਸ਼ ਨਾਲ ਆਉਂਦਾ ਹੈ। ਕੈਮਰੇ ਦੇ ਠੀਕ ਹੇਠਾਂ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਫੇਸ ਅਨਲਾਕ ਲਈ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ ’ਚ 3.5mm ਹੈੱਡਫੋਨ ਜੈੱਕ, ਡਿਊਲ 4G VoLTE, ਵਾਈ-ਫਾਈ 802.11 b/g/n, ਬਲੂਟੂਥ 4.2 ਅਤੇ ਜੀ.ਪੀ.ਐੱਸ. ਵਰਗੇ ਫੀਚਰਜ਼ ਮਿਲਦੇ ਹਨ।