ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਸੁਨੀਲ ਜਾਖੜ ਨੇ ਵਿਰੋਧੀਆਂ ਨੂੰ ਘੇਰਿਆ, ਜਾਣੋ ਕੀ ਦਿੱਤਾ ਬਿਆਨ (ਵੀਡੀਓ)
Tuesday, Feb 10, 2026 - 01:09 PM (IST)
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਵਪਾਰਕ ਸਮਝੌਤੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਗਲਤ ਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਜਾਖੜ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਦੋਸ਼ ਲਾਇਆ ਕਿ ਉਹ ਦੇਸ਼ ਅਤੇ ਖ਼ਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਜਾਖੜ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਮਾਗਾ' (ਮੇਕ ਅਮਰੀਕਾ ਗ੍ਰੇਟ ਅਗੇਨ) ਦੇ ਨਾਅਰੇ ਅਤੇ ਸਖ਼ਤ ਟੈਰਿਫ ਨੀਤੀਆਂ ਨੇ ਦੁਨੀਆ ਭਰ 'ਚ ਇੱਕ ਅਸਮੰਜਸ ਵਾਲੀ ਸਥਿਤੀ ਪੈਦਾ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕੂਟਨੀਤੀ ਨਾਲ ਇਸ ਚੁਣੌਤੀ ਨੂੰ ਇੱਕ ਮੌਕੇ 'ਚ ਬਦਲ ਦਿੱਤਾ ਹੈ। ਜਾਖੜ ਦੇ ਅਨੁਸਾਰ ਮੋਦੀ ਜੀ ਨੇ ਅਮਰੀਕਾ ਦੇ 'ਮਾਗਾ' (MAGA) ਨੂੰ ਭਾਰਤ ਲਈ 'ਮਿਗ' (MIG - ਮੇਕ ਇੰਡੀਆ ਗ੍ਰੇਟ) 'ਚ ਬਦਲ ਦਿੱਤਾ ਹੈ, ਜਿਸ ਨਾਲ ਹੁਣ ਭਾਰਤੀ ਵਸਤੂਆਂ 'ਤੇ ਟੈਰਿਫ ਦੂਜੇ ਮੁਕਾਬਲੇਬਾਜ਼ ਦੇਸ਼ਾਂ ਨਾਲੋਂ ਘੱਟ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਪਿਆ ਵੱਡਾ ਪੰਗਾ! ਮੁਫ਼ਤ ਬਿਜਲੀ ਲੈਣ ਵਾਲੇ ਖ਼ਪਤਕਾਰਾਂ ਦੇ ਸੁੱਕੇ ਸਾਹ
ਕਿਸਾਨੀ ਹਿੱਤਾਂ ਦੀ ਰਾਖੀ ਦਾ ਦਾਅਵਾ
ਵਿਰੋਧੀਆਂ ਵੱਲੋਂ ਕਿਸਾਨਾਂ ਨੂੰ ਭੜਕਾਉਣ ਦੇ ਮੁੱਦੇ 'ਤੇ ਬੋਲਦਿਆਂ ਜਾਖੜ ਨੇ ਸਪੱਸ਼ਟ ਕੀਤਾ ਕਿ ਇਸ ਡੀਲ 'ਚ 90 ਤੋਂ 95 ਫ਼ੀਸਦੀ ਕਿਸਾਨੀ ਆਮਦਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਸਤੂਆਂ 'ਚ ਭਾਰਤ ਆਤਮ-ਨਿਰਭਰ ਹੈ, ਉਨ੍ਹਾਂ ਲਈ ਦਰਵਾਜ਼ੇ ਨਹੀਂ ਖੋਲ੍ਹੇ ਗਏ। ਉਨ੍ਹਾਂ ਹਿਮਾਚਲ ਅਤੇ ਕਸ਼ਮੀਰ ਦੇ ਸੇਬ ਉਤਪਾਦਕਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਤੈਅ ਕੀਤਾ ਹੈ ਕਿ 20 ਰੁਪਏ ਤੋਂ ਘੱਟ ਕੀਮਤ ਵਾਲਾ ਸੇਬ ਭਾਰਤ 'ਚ ਇੰਪੋਰਟ ਨਹੀਂ ਹੋ ਸਕੇਗਾ ਤਾਂ ਜੋ ਸਥਾਨਕ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ।
ਨੌਜਵਾਨਾਂ ਅਤੇ ਉਦਯੋਗਾਂ ਲਈ ਨਵੇਂ ਰਾਹ
ਜਾਖੜ ਨੇ ਕਿਹਾ ਕਿ ਇਹ ਸਮਝੌਤਾ ਸਿਰਫ ਖੇਤੀ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪੰਜਾਬ ਦੇ ਨੌਜਵਾਨਾਂ ਲਈ ਭਵਿੱਖ ਦੇ ਰਨਵੇਅ ਵਾਂਗ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਐੱਮ. ਐੱਸ. ਐੱਮ. ਈ. (MSME), ਟੈਕਸਟਾਈਲ ਅਤੇ ਫਾਰਮਾ ਉਦਯੋਗ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਜਿਸ ਨਾਲ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਘਟੇਗਾ।
ਇਹ ਵੀ ਪੜ੍ਹੋ : ਭਾਬੀ ਕਮਲ ਕੌਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ, ਅੰਮ੍ਰਿਤਪਾਲ ਮਹਿਰੋਂ ਨੂੰ ਬਠਿੰਡਾ ਅਦਾਲਤ ਨੇ...
ਕਿਸਾਨ ਆਗੂਆਂ ਨੂੰ ਗੱਲਬਾਤ ਦਾ ਸੱਦਾ
ਕਿਸਾਨ ਅੰਦੋਲਨ ਅਤੇ ਰੇਲਾਂ ਰੋਕਣ ਦੇ ਮੁੱਦੇ 'ਤੇ ਜਾਖੜ ਨੇ ਕਿਸਾਨ ਆਗੂਆਂ, ਖ਼ਾਸ ਕਰਕੇ ਰਾਜੇਵਾਲ ਅਤੇ ਉਗਰਾਹਾਂ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹ ਹੋਣ ਦੀ ਬਜਾਏ ਮੇਜ਼ 'ਤੇ ਬੈਠ ਕੇ ਗੱਲ ਕਰਨ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਈ ਖ਼ਦਸ਼ੇ ਹਨ ਤਾਂ ਸਾਨੂੰ ਲਿਖ ਕੇ ਦਿਓ, ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰਕੇ ਉਨ੍ਹਾਂ ਨੂੰ ਹੱਲ ਕਰਵਾਵਾਂਗੇ ਪਰ ਬਿਨਾਂ ਵਜ੍ਹਾ ਤੇਲ ਫੂਕਣ ਅਤੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ।
ਪਾਕਿਸਤਾਨ ਨਾਲ ਵਪਾਰ 'ਤੇ ਸਖ਼ਤ ਸਟੈਂਡ
ਪਾਕਿਸਤਾਨ ਨਾਲ ਸਰਹੱਦ ਖੋਲ੍ਹਣ ਅਤੇ ਵਪਾਰ ਸ਼ੁਰੂ ਕਰਨ ਦੀਆਂ ਮੰਗਾਂ 'ਤੇ ਜਾਖੜ ਨੇ ਦੋ ਟੁੱਕ ਜਵਾਬ ਦਿੱਤਾ ਕਿ "ਤਾਲੀ ਦੋਵੇਂ ਹੱਥਾਂ ਨਾਲ ਵੱਜਦੀ ਹੈ"। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਡਰੋਨਾਂ ਰਾਹੀਂ ਨਸ਼ੇ ਅਤੇ ਹਥਿਆਰ ਭੇਜਣਾ ਅਤੇ ਅੱਤਵਾਦ ਬੰਦ ਨਹੀਂ ਕਰਦਾ, ਉਦੋਂ ਤੱਕ ਵਪਾਰ ਖੋਲ੍ਹਣਾ ਖ਼ਤਰਨਾਕ ਹੋ ਸਕਦਾ ਹੈ। ਇਸ ਪ੍ਰੈੱਸ ਕਾਨਫਰੰਸ ਰਾਹੀਂ ਸੁਨੀਲ ਜਾਖੜ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਭਾਰਤ-ਅਮਰੀਕਾ ਡੀਲ ਪੰਜਾਬ ਦੇ ਉਦਯੋਗਿਕ ਅਤੇ ਖੇਤੀਬਾੜੀ ਭਵਿੱਖ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
