Axis ਬੈਂਕ ਦਾ ATM ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਸ਼ਾਤਰ ਮੁਲਜ਼ਮ ਕਾਬੂ, ਲੋਹੇ ਦੀ ਸੱਬਲ ਬਰਾਮਦ
Tuesday, Feb 10, 2026 - 03:15 PM (IST)
ਲੁਧਿਆਣਾ (ਰਾਜ): ਸ਼ੇਰਪੁਰ ਇਲਾਕੇ ਵਿਚ ਬੀਤੀ ਰਾਤ ਐਕਸਿਸ ਬੈਂਕ ਦੇ ATM ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਸ਼ਾਤਰ ਚੋਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਵਰਤੀ ਗਈ ਲੋਹੇ ਦੀ ਸੱਬਲ ਵੀ ਬਰਾਮਦ ਕਰ ਲਈ ਗਈ ਹੈ।
ਜਾਣਕਾਰੀ ਅਨੁਸਾਰ ਏ.ਐੱਸ.ਆਈ ਅਜਮੇਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ 'ਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ੇਰਪੁਰ ਸਥਿਤ ਫੈਸ਼ਨ ਕਿੰਗ ਸ਼ੋਅਰੂਮ ਦੇ ਕੋਲ ਲੱਗੇ ਐਕਸਿਸ ਬੈਂਕ ਦੇ ਏ.ਟੀ.ਐਮ ਵਿਚ ਭੰਨਤੋੜ ਕਰਕੇ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ, ਜੋ ਕਿ ਫੋਕਲ ਪੁਆਇੰਟ ਇਲਾਕੇ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਹੈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇਕ ਲੋਹੇ ਦੀ ਸੱਬਲ ਬਰਾਮਦ ਹੋਈ ਹੈ, ਜਿਸ ਦੀ ਵਰਤੋਂ ਉਸ ਨੇ ਏ.ਟੀ.ਐੱਮ ਨੂੰ ਤੋੜਨ ਲਈ ਕੀਤੀ ਸੀ। ਪੁਲਸ ਨੇ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਸ਼ਹਿਰ ਵਿਚ ਹੋਈਆਂ ਹੋਰ ਚੋਰੀ ਦੀਆਂ ਵਾਰਦਾਤਾਂ ਵਿਚ ਵੀ ਸ਼ਾਮਲ ਸੀ।
