ਦੁਕਾਨਦਾਰ ਦੀ ਗੱਡੀ ’ਚੋਂ 4.20 ਲੱਖ ਚੋਰੀ ਕਰਨ ਵਾਲਾ ਕਾਬੂ

Monday, Feb 09, 2026 - 02:08 PM (IST)

ਦੁਕਾਨਦਾਰ ਦੀ ਗੱਡੀ ’ਚੋਂ 4.20 ਲੱਖ ਚੋਰੀ ਕਰਨ ਵਾਲਾ ਕਾਬੂ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-26 ਸਬਜ਼ੀ ਮੰਡੀ ’ਚ ਦੁਕਾਨਦਾਰ ਦੀ ਗੱਡੀ ’ਚੋਂ 4 ਲੱਖ 20 ਹਜ਼ਾਰ ਰੁਪਏ ਚੋਰੀ ਕਰਨ ਵਾਲੇ ਐਕਟਿਵਾ ਸਵਾਰ ਨੌਜਵਾਨ ਨੂੰ ਪੁਲਸ ਨੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਸਰਵਣ ਕੁਮਾਰ ਵਜੋਂ ਹੋਈ ਹੈ, ਜੋ ਕਾਲੋਨੀ ਨੰਬਰ ਚਾਰ ਦਾ ਰਹਿਣ ਵਾਲਾ ਹੈ। ਮੁਲਜ਼ਮ ਅਕਸਰ ਦੁਕਾਨਦਾਰ ਦੀ ਦੁਕਾਨ ’ਤੇ ਆਉਂਦਾ-ਜਾਂਦਾ ਸੀ। ਪੁਲਸ ਨੇ ਉਸ ਦੇ ਕਬਜ਼ੇ ’ਚੋਂ 3 ਲੱਖ 14 ਹਜ਼ਾਰ ਰੁਪਏ ਬਰਾਮਦ ਕੀਤੇ ਅਤੇ ਨਾਲ ਹੀ ਚੋਰੀ ’ਚ ਵਰਤੀ ਗਈ ਐਕਟਿਵਾ ਵੀ ਜ਼ਬਤ ਕਰ ਲਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਦੇ ਮਨ ’ਚ ਲਾਲਚ ਆ ਗਿਆ ਸੀ, ਜਿਸ ਕਾਰਨ ਉਸ ਤੋਂ ਇਹ ਅਪਰਾਧ ਹੋ ਗਿਆ। ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਜੇਲ੍ਹ ਭੇਜ ਦਿੱਤਾ ਗਿਆ।
ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਤੋਂ ਬਾਅਦ ਫੜ੍ਹਿਆ ਗਿਆ ਮੁਲਜ਼ਮ
ਦੁਕਾਨਦਾਰ ਪੰਚਕੂਲਾ ਦੇ ਸੈਕਟਰ-12 ਵਾਸੀ 58 ਸਾਲਾ ਚਤਰਭੁਜ ਦੀ ਸੈਕਟਰ-26 ਮੰਡੀ ’ਚ ਕਨਫੈਕਸ਼ਨਰੀ ਦੀ ਦੁਕਾਨ ਹੈ। ਉਹ ਸ਼ਨੀਵਾਰ ਸਵੇਰੇ ਦੁਕਾਨ ’ਤੇ ਜਾਣ ਲਈ ਓਮਨੀ ਵੈਨ ’ਚ ਘਰੋਂ ਨਿਕਲਿਆ ਸੀ। ਉਸ ਨੂੰ ਸ਼ੂਗਰ ਹੈ ਅਤੇ ਉਸ ਨੂੰ ਅਕਸਰ ਬਾਥਰੂਮ ਜਾਣ ਦੀ ਲੋੜ ਪੈਂਦੀ ਹੈ। ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਉਸ ਨੇ ਸੈਕਟਰ-26 ਦੇ ਸਤਿਸੰਗ ਭਵਨ ਦੇ ਨੇੜੇ ਗੱਡੀ ਖੜ੍ਹੀ ਕੀਤੀ ਅਤੇ ਬਾਥਰੂਮ ਚਲਾ ਗਿਆ। ਉਹ ਗੱਡੀ ਨੂੰ ਲਾਕ ਕਰਨਾ ਭੁੱਲ ਗਿਆ। ਜਦ ਉਹ ਵਾਪਸ ਆਇਆ ਤਾਂ ਅੰਦਰ ਪਿਆ ਬੈਗ ਗਾਇਬ ਸੀ ਜਿਸ ’ਚ 4 ਲੱਖ 20 ਹਜ਼ਾਰ ਰੁਪਏ ਨਕਦ ਅਤੇ ਖਾਣ-ਪੀਣ ਦਾ ਸਮਾਨ ਪਿਆ ਸੀ। ਸੂਚਨਾ ਮਿਲਦੇ ਹੀ ਸੈਕਟਰ-26 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਕੈਮਰਿਆਂ ’ਚ ਇਕ ਵਿਅਕਤੀ ਐਕਟਿਵਾ ’ਤੇ ਆਉਂਦਾ ਦਿਖਾਈ ਦਿੱਤਾ, ਜੋ ਬੈਗ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਸੈਕਟਰ-26 ਥਾਣਾ ਪੁਲਸ ਨੇ ਦੁਕਾਨਦਾਰ ਦੀ ਸ਼ਿਕਾਇਤ ’ਤੇ ਮੁਲਜ਼ਮ ’ਤੇ ਮਾਮਲਾ ਦਰਜ ਕੀਤਾ ਸੀ।


author

Babita

Content Editor

Related News