ਸੈਂਸਰ ਬੋਰਡ ਦੀ ਕਸੌਟੀ ''ਤੇ ਖਰੀ ਉਤਰੀ ਫਿਲਮ ‘ਇੱਕੀਸ’, ਮਿਲਿਆ ‘UA’ ਸਰਟੀਫਿਕੇਟ
Wednesday, Dec 31, 2025 - 06:07 PM (IST)
ਮੁੰਬਈ- ਸ਼੍ਰੀਰਾਮ ਰਾਘਵਨ ਦੇ ਨਿਰਦੇਸ਼ਨ ਹੇਠ ਬਣੀ ਬਹੁ-ਚਰਚਿਤ ਵਾਰ ਡਰਾਮਾ ਫਿਲਮ ‘ਇੱਕੀਸ’ ਨੇ ਰਿਲੀਜ਼ ਤੋਂ ਪਹਿਲਾਂ ਆਪਣਾ ਆਖਰੀ ਪੜਾਅ ਪਾਰ ਕਰ ਲਿਆ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਨੂੰ ਦੇਖਣ ਤੋਂ ਬਾਅਦ UA ਸਰਟੀਫਿਕੇਟ ਜਾਰੀ ਕਰ ਦਿੱਤਾ ਹੈ, ਜਿਸਦਾ ਮਤਲਬ ਹੈ ਕਿ 13 ਸਾਲ ਤੋਂ ਵੱਧ ਉਮਰ ਦੇ ਬੱਚੇ ਆਪਣੇ ਮਾਪਿਆਂ ਦੀ ਨਿਗਰਾਨੀ ਹੇਠ ਇਸ ਫਿਲਮ ਦਾ ਆਨੰਦ ਮਾਣ ਸਕਣਗੇ।
15 ਸੈਕੰਡ ਦੇ ਡਾਇਲਾਗ ਅਤੇ ਟੈਂਕ ਦੇ ਨਾਮ 'ਤੇ ਚੱਲੀ ਕੈਂਚੀ
ਹਾਲਾਂਕਿ ਫਿਲਮ ਨੂੰ ਹਰੀ ਝੰਡੀ ਮਿਲ ਗਈ ਹੈ, ਪਰ ਸੈਂਸਰ ਬੋਰਡ ਨੇ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਅਹਿਮ ਬਦਲਾਅ ਕੀਤੇ ਹਨ। ਫਿਲਮ ਦੇ ਦੂਜੇ ਹਿੱਸੇ ਵਿੱਚੋਂ ਭਾਰਤ-ਪਾਕਿਸਤਾਨ ਸਬੰਧਾਂ ਨਾਲ ਜੁੜਿਆ ਇੱਕ 15 ਸੈਕੰਡ ਦਾ ਸੰਵਾਦ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਫਿਲਮ ਵਿੱਚ ਵਰਤੇ ਗਏ ਇੱਕ ਟੈਂਕ ਦਾ ਨਾਮ ਵੀ ਬਦਲਣ ਦੀ ਹਦਾਇਤ ਦਿੱਤੀ ਗਈ ਹੈ।
ਸ਼ਹੀਦ ਅਰੁਣ ਖੇਤਰਪਾਲ ਦੀ ਵੀਰਗਾਥਾ
ਇਹ ਫਿਲਮ ਭਾਰਤ ਦੇ ਸਭ ਤੋਂ ਨੌਜਵਾਨ ਪਰਮਵੀਰ ਚੱਕਰ ਜੇਤੂ ਮੇਜਰ ਅਰੁਣ ਖੇਤਰਪਾਲ ਦੀ ਸ਼ਾਨਦਾਰ ਬਹਾਦਰੀ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਮਹਿਜ਼ 21 ਸਾਲ ਦੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਇਸ ਫਿਲਮ ਰਾਹੀਂ ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੰਦਾ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕਰ ਰਹੇ ਹਨ। ਦਿੱਗਜ ਅਦਾਕਾਰ ਧਰਮਿੰਦਰ ਇਸ ਵਿੱਚ ਅਰੁਣ ਖੇਤਰਪਾਲ ਦੇ ਪਿਤਾ ਦੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਜੈਦੀਪ ਅਹਿਲਾਵਤ, ਸਿਮਰ ਭਾਟੀਆ ਅਤੇ ਮਰਹੂਮ ਅਦਾਕਾਰ ਅਸਰਾਨੀ ਵੀ ਦਿਖਾਈ ਦੇਣਗੇ।
ਵਰੁਣ ਧਵਨ ਕਿਉਂ ਹੋਏ ਰਿਜੈਕਟ?
ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਕਿਰਦਾਰ ਲਈ ਪਹਿਲਾਂ ਵਰੁਣ ਧਵਨ ਬਾਰੇ ਸੋਚਿਆ ਸੀ, ਪਰ ਅਰੁਣ ਖੇਤਰਪਾਲ ਦੀ ਭੂਮਿਕਾ ਲਈ ਉਨ੍ਹਾਂ ਨੂੰ ਇੱਕ ਬਹੁਤ ਹੀ 'ਮਾਸੂਮ' ਚਿਹਰੇ ਦੀ ਲੋੜ ਸੀ। ਇਸੇ ਕਾਰਨ ਅਗਸਤਿਆ ਨੰਦਾ ਉਨ੍ਹਾਂ ਦੀ ਪਹਿਲੀ ਪਸੰਦ ਬਣੇ। ਫਿਲਮ ਦਾ ਕੁੱਲ ਰਨਟਾਈਮ 2 ਘੰਟੇ 27 ਮਿੰਟ ਤੈਅ ਕੀਤਾ ਗਿਆ ਹੈ।
ਹੋਰ ਤਕਨੀਕੀ ਬਦਲਾਅ ਅਤੇ ਹਦਾਇਤਾਂ
ਬੋਰਡ ਨੇ ਫਿਲਮ ਦੇ ਸ਼ੁਰੂ ਵਿੱਚ ਪੂਨਾ ਹਾਰਸ ਰੈਜੀਮੈਂਟ, ਕਾਰਨਲ ਹਨੁਤ ਸਿੰਘ ਅਤੇ ਟੈਂਕ ਕਰੂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਡਿਸਕਲੇਮਰ ਜੋੜਨ ਲਈ ਕਿਹਾ ਹੈ।
ਸ਼ਰਾਬ ਦੇ ਬ੍ਰਾਂਡਾਂ ਨੂੰ ਬਲਰ (Blur) ਕਰਨ ਅਤੇ ਐਂਟੀ-ਸਮੋਕਿੰਗ ਸੰਦੇਸ਼ ਜੋੜਨ ਵਰਗੇ ਸੁਧਾਰ ਵੀ ਕੀਤੇ ਗਏ ਹਨ।
ਫਿਲਮ ਵਿੱਚ ਯੋਧਿਆਂ ਦੀਆਂ ਤਸਵੀਰਾਂ ਅਤੇ ਇੱਕ ਸ਼ੁਰੂਆਤੀ ਵੌਇਸਓਵਰ ਵੀ ਜੋੜਿਆ ਗਿਆ ਹੈ।
