ਭਾਰਤੀ ਸਿਨੇਮਾ ਦਾ ਵਿਦੇਸ਼ਾਂ ''ਚ ਡੰਕਾ! ਫਿਲਮ ‘ਬੂੰਗ’ ਨੇ BAFTA ''ਚ ਜਿੱਤਿਆ ਐਵਾਰਡ
Monday, Feb 23, 2026 - 11:36 AM (IST)
ਮੁੰਬਈ (ਏਜੰਸੀ) : ਭਾਰਤੀ ਫਿਲਮ ਇੰਡਸਟਰੀ ਲਈ ਅੱਜ ਦਾ ਦਿਨ ਮਾਣ ਵਾਲਾ ਹੈ। ਐਕਸਲ ਐਂਟਰਟੇਨਮੈਂਟ, ਚਾਕਬੋਰਡ ਐਂਟਰਟੇਨਮੈਂਟ ਅਤੇ ਸੂਟੇਬਲ ਪਿਕਚਰਜ਼ ਦੀ ਫਿਲਮ ‘ਬੂੰਗ’ (Boong) ਨੇ 79ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡਸ (BAFTA) ਵਿੱਚ ਇਤਿਹਾਸ ਰਚ ਦਿੱਤਾ ਹੈ। ਇਸ ਫਿਲਮ ਨੇ ‘ਬੈਸਟ ਚਿਲਡਰਨ ਐਂਡ ਫੈਮਿਲੀ ਫਿਲਮ’ ਕੈਟੇਗਰੀ ਵਿੱਚ ਵੱਕਾਰੀ ਬਾਫਟਾ ਐਵਾਰਡ ਆਪਣੇ ਨਾਂ ਕੀਤਾ ਹੈ।
ਲੰਡਨ ਵਿੱਚ ਆਯੋਜਿਤ ਇਸ ਸ਼ਾਨਦਾਰ ਸਮਾਰੋਹ ਵਿੱਚ ਫਿਲਮ ਦੇ ਨਿਰਮਾਤਾ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ, ਲਕਸ਼ਮੀਪ੍ਰੀਆ ਦੇਵੀ ਅਤੇ ਐਲਨ ਮੈਕਐਲੇਕਸ ਸ਼ਾਮਲ ਹੋਏ। ਇਸ ਫਿਲਮ ਦਾ ਨਿਰਦੇਸ਼ਨ ਲਕਸ਼ਮੀਪ੍ਰੀਆ ਦੇਵੀ ਨੇ ਕੀਤਾ ਹੈ। ਇਹ ਫਿਲਮ ਭਾਰਤ ਦੀਆਂ ਖੇਤਰੀ ਕਹਾਣੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਗਈ ਹੈ। ‘ਬੂੰਗ’ ਨੇ ਇਹ ਜਿੱਤ ਆਸਾਨੀ ਨਾਲ ਹਾਸਲ ਨਹੀਂ ਕੀਤੀ। ਇਸ ਨੇ 'ਜ਼ੂਟੋਪੀਆ 2', 'ਲੀਲੋ ਐਂਡ ਸਟਿਚ' ਅਤੇ 'ਆਕਰ' ਵਰਗੀਆਂ ਵੱਡੀਆਂ ਅੰਤਰਰਾਸ਼ਟਰੀ ਫਿਲਮਾਂ ਨੂੰ ਕਰੜੀ ਟੱਕਰ ਦਿੰਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ।
ਕੀ ਹੈ ਫਿਲਮ ਦੀ ਕਹਾਣੀ?
ਇਹ ਇੱਕ ਅਜਿਹੇ ਛੋਟੇ ਲੜਕੇ ਦੀ ਭਾਵੁਕ ਕਹਾਣੀ ਹੈ, ਜੋ ਆਪਣੀ ਮਾਂ ਨੂੰ ਇੱਕ ਖ਼ਾਸ ਤੋਹਫ਼ਾ ਦੇਣਾ ਚਾਹੁੰਦਾ ਹੈ। ਉਸ ਨੂੰ ਲੱਗਦਾ ਹੈ ਕਿ ਉਸ ਦੇ ਪਿਤਾ (ਜੋ ਪਰਿਵਾਰ ਦੇ ਨਾਲ ਨਹੀਂ ਰਹਿੰਦੇ) ਨੂੰ ਵਾਪਸ ਘਰ ਲੈ ਕੇ ਆਉਣਾ ਹੀ ਸਭ ਤੋਂ ਕੀਮਤੀ ਤੋਹਫ਼ਾ ਹੋਵੇਗਾ। ਆਪਣੇ ਪਿਤਾ ਦੀ ਭਾਲ ਵਿੱਚ ਉਸ ਦੀ ਦੁਨੀਆ ਕਈ ਮੋੜ ਲੈਂਦੀ ਹੈ ਅਤੇ ਅੰਤ ਵਿੱਚ ਉਸ ਨੂੰ ਇੱਕ ਅਜਿਹਾ ਤੋਹਫ਼ਾ ਮਿਲਦਾ ਹੈ ਜਿਸ ਦੀ ਉਸ ਨੇ ਕਦੇ ਉਮੀਦ ਵੀ ਨਹੀਂ ਸੀ ਕੀਤੀ।
