ਮਹੇਸ਼ ਬਾਬੂ ਨੇ ਫਿਲਮ "ਦਿ ਬਲੱਫ" ''ਚ ਪ੍ਰਿਯੰਕਾ ਚੋਪੜਾ ਜੋਨਾਸ ਦੀ ਅਦਾਕਾਰੀ ਦੀ ਕੀਤੀ ਪ੍ਰਸ਼ੰਸਾ

Monday, Mar 02, 2026 - 03:22 PM (IST)

ਮਹੇਸ਼ ਬਾਬੂ ਨੇ ਫਿਲਮ "ਦਿ ਬਲੱਫ" ''ਚ ਪ੍ਰਿਯੰਕਾ ਚੋਪੜਾ ਜੋਨਾਸ ਦੀ ਅਦਾਕਾਰੀ ਦੀ ਕੀਤੀ ਪ੍ਰਸ਼ੰਸਾ

ਨਵੀਂ ਦਿੱਲੀ (ਏਜੰਸੀ) : ਤੇਲਗੂ ਸੁਪਰਸਟਾਰ ਮਹੇਸ਼ ਬਾਬੂ ਨੇ ਆਪਣੀ ਆਉਣ ਵਾਲੀ ਫ਼ਿਲਮ 'ਵਾਰਾਣਸੀ' ਦੀ ਸਹਿ-ਕਲਾਕਾਰ ਪ੍ਰਿਅੰਕਾ ਚੋਪੜਾ ਜੋਨਾਸ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਦਿ ਬਲੱਫ' (The Bluff) ਵਿੱਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਮਹੇਸ਼ ਬਾਬੂ ਨੇ ਪ੍ਰਿਅੰਕਾ ਦੇ ਕੰਮ ਨੂੰ "ਦਮਦਾਰ" ਅਤੇ "ਹਰ ਕਸੌਟੀ 'ਤੇ ਖਰਾ" ਉਤਰਨ ਵਾਲਾ ਦੱਸਿਆ ਹੈ।

PunjabKesari

ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਖ਼ਾਸ ਨੋਟ

ਐਤਵਾਰ ਸ਼ਾਮ ਨੂੰ ਆਪਣੇ 'ਐਕਸ' ਹੈਂਡਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਮਹੇਸ਼ ਬਾਬੂ ਨੇ ਲਿਖਿਆ, "'ਦਿ ਬਲੱਫ' ਇੱਕ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਗਈ ਫ਼ਿਲਮ ਹੈ, ਜਿਸ ਵਿੱਚ ਐਕਸ਼ਨ ਅਤੇ ਭਾਵਨਾਵਾਂ ਦਾ ਬਿਹਤਰੀਨ ਸੁਮੇਲ ਹੈ। ਪ੍ਰਿਅੰਕਾ ਚੋਪੜਾ ਆਪਣੇ ਬਿਹਤਰੀਨ ਫਾਰਮ ਵਿੱਚ ਹੈ ਅਤੇ ਆਪਣੀ ਦਮਦਾਰ ਅਦਾਕਾਰੀ ਨਾਲ ਹਰ ਪੱਖੋਂ ਪ੍ਰਭਾਵਿਤ ਕਰਦੀ ਹੈ। ਇਸ ਸ਼ਾਨਦਾਰ ਕੰਮ ਲਈ ਪੂਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ।"

ਕੀ ਹੈ ਫ਼ਿਲਮ 'ਦਿ ਬਲੱਫ' ਦੀ ਕਹਾਣੀ?

ਫ੍ਰੈਂਕ ਈ. ਫਲਾਵਰਜ਼ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਹ ਫ਼ਿਲਮ 25 ਫਰਵਰੀ ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਹੈ। ਇਹ ਫ਼ਿਲਮ ਇੱਕ ਅਜਿਹੀ ਮਹਿਲਾ ਸਮੁੰਦਰੀ ਡਾਕੂ (ਪ੍ਰਿਅੰਕਾ ਚੋਪੜਾ) ਦੀ ਕਹਾਣੀ ਹੈ, ਜੋ ਆਪਣੇ ਹਿੰਸਕ ਅਤੀਤ ਨੂੰ ਪਿੱਛੇ ਛੱਡ ਕੇ ਆਪਣੇ ਪਰਿਵਾਰ ਦੀ ਰੱਖਿਆ ਲਈ ਜੂਝ ਰਹੀ ਹੈ। ਫ਼ਿਲਮ ਵਿੱਚ ਸਫੀਆ ਓਕਲੇ-ਗ੍ਰੀਨ ਅਤੇ ਟੇਮੂਏਰਾ ਮੌਰਿਸਨ ਵਰਗੇ ਕਈ ਅੰਤਰਰਾਸ਼ਟਰੀ ਕਲਾਕਾਰ ਵੀ ਸ਼ਾਮਲ ਹਨ।

'ਵਾਰਾਣਸੀ' ਵਿੱਚ ਇਕੱਠੇ ਨਜ਼ਰ ਆਉਣਗੇ ਮਹੇਸ਼ ਅਤੇ ਪ੍ਰਿਅੰਕਾ

ਦੱਸ ਦੇਈਏ ਕਿ ਮਹੇਸ਼ ਬਾਬੂ ਅਤੇ ਪ੍ਰਿਅੰਕਾ ਚੋਪੜਾ ਮਸ਼ਹੂਰ ਨਿਰਦੇਸ਼ਕ ਐਸ.ਐਸ. ਰਾਜਾਮੌਲੀ ਦੀ ਅਗਲੀ ਵੱਡੀ ਐਕਸ਼ਨ-ਐਡਵੈਂਚਰ ਫ਼ਿਲਮ 'ਵਾਰਾਣਸੀ' ਵਿੱਚ ਇੱਕਠੇ ਕੰਮ ਕਰ ਰਹੇ ਹਨ। ਪ੍ਰਸ਼ੰਸਕਾਂ ਵਿੱਚ ਇਸ ਫ਼ਿਲਮ ਨੂੰ ਲੈ ਕੇ ਪਹਿਲਾਂ ਹੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।


author

cherry

Content Editor

Related News