‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ ਦੀ ਪ੍ਰੇਮ ਕਹਾਣੀ

Tuesday, Jul 05, 2022 - 04:47 PM (IST)

ਪੰਜਾਬੀ ਫ਼ਿਲਮ ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ 8 ਜੁਲਾਈ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ, ਜਿਸ ਨੂੰ ਡਾਇਰੈਕਟ ਸ਼ਿਤਿਜ ਚੌਧਰੀ ਨੇ ਕੀਤਾ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਹਾਲ ਹੀ ’ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਨੇ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨਾਲ ਖ਼ਾਸ ਮੁਲਾਕਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼–

ਸਵਾਲ : ਟਰੇਲਰ ਨੂੰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲ ਰਹੀ ਹੈ?

ਸਰਗੁਣ ਮਹਿਤਾ– ਸਾਨੂੰ ਬਹੁਤ ਪਾਜ਼ੇਟਿਵ ਰੀਵਿਊਜ਼ ਮਿਲ ਰਹੇ ਹਨ। ਮੈਂ ਹਰ ਕਿਸੇ ਕੋਲੋਂ ਇਹੀ ਪੁੱਛਦੀ ਹਾਂ ਕਿ ਟਰੇਲਰ ਕਿਵੇਂ ਦਾ ਲੱਗਾ। ਅਸੀਂ ਪ੍ਰਮੋਸ਼ਨ ’ਚ ਰੁੱਝ ਜਾਂਦੇ ਹਾਂ, ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਟਰੇਲਰ ਪਸੰਦ ਆ ਰਿਹਾ ਹੈ ਜਾਂ ਨਹੀਂ।

ਸਵਾਲ : ਫ਼ਿਲਮ ਦੇ ਗੀਤ ਤੁਸੀਂ ਗਾਉਣ ਦੇ ਨਾਲ-ਨਾਲ ਲਿਖੇ ਵੀ ਹਨ। ਕੀ ਕਹੋਗੇ ਇਸ ਬਾਰੇ?

ਗੁਰਨਾਮ ਭੁੱਲਰ– ਮੈਂ ਬਹੁਤ ਉਤਸ਼ਾਹਿਤ ਸੀ ਇਸ ਫ਼ਿਲਮ ਲਈ। ਇਸ ਫ਼ਿਲਮ ਦੇ ਗੀਤ ਮੈਂ ਬਹੁਤ ਰੀਝ ਨਾਲ ਬਣਾਏ ਹਨ। ਜਿਸ ਦਿਨ ਤੋਂ ਅੰਬਰਦੀਪ ਨੇ ਮੈਨੂੰ ਕਹਾਣੀ ਸੁਣਾਈ ਹੈ, ਉਸ ਦਿਨ ਤੋਂ ਅਸੀਂ ਸਾਰੇ ਬਹੁਤ ਉਤਸ਼ਾਹਿਤ ਸੀ। ਮੈਂ ਇਸ ’ਚ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ।

ਸਵਾਲ : ਡਾਇਰੈਕਟਰ ਵਜੋਂ ਸ਼ਿਤਿਜ ਚੌਧਰੀ ਦੀ ਕਿਹੜੀ ਗੱਲ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ?

ਗੁਰਨਾਮ– ਉਹ ਬਹੁਤ ਚਿੱਲ ਰਹਿੰਦੇ ਹਨ। ਕਦੇ ਉਨ੍ਹਾਂ ਨੂੰ ਗੁੱਸੇ ਹੁੰਦੇ ਨਹੀਂ ਦੇਖਿਆ। ਬਹੁਤ ਬੰਦੇ ਸੈੱਟ ’ਤੇ ਰੌਲਾ ਪਾਉਂਦੇ ਹਨ। ਉਹ ਚੁੱਪ-ਚਾਪ ਹੱਸਦੇ-ਹੱਸਦੇ ਆਪਣਾ ਸ਼ੂਟ ਕੱਢ ਜਾਂਦੇ ਹਨ। ਇਹ ਮੈਨੂੰ ਵਧੀਆ ਲੱਗਾ ਕਿ ਕੂਲ ਮਾਇੰਡਿਡ ਹੋਣਾ ਆਪਣੇ ਆਪ ’ਚ ਇਕ ਕਲਾ ਹੈ।
ਸਰਗੁਣ– ਉਨ੍ਹਾਂ ਦੀ ਕਾਮਿਕ ਟਾਈਮਿੰਗ ਬਹੁਤ ਵਧੀਆ ਹੈ। ਜਦੋਂ ਉਹ ਤੁਹਾਡੇ ਨਾਲ ਬੈਠ ਗਏ ਤਾਂ ਉਨ੍ਹਾਂ ਨੇ ਤੁਹਾਨੂੰ ਇਕ ਘੰਟਾ ਹਸਾਉਣਾ ਹੈ। ਉਨ੍ਹਾਂ ਦੀ ਸਟੋਰੀ ਟੈਲਿੰਗ ਬਹੁਤ ਵਧੀਆ ਹੈ। ਉਹ ਟਾਈਮਿੰਗ ਜਦੋਂ ਕਲਾਕਾਰ ਨੂੰ ਦੱਸਦੇ ਹਨ ਤਾਂ ਉਹ ਪਰਦੇ ’ਤੇ ਕੰਮ ਆਉਂਦੀ ਹੈ।

ਸਵਾਲ : ਟਰੇਲਰ ’ਚ ਜਿੰਨਾ ਦਿਖਾਇਆ, ਉਸ ਤੋਂ ਇਲਾਵਾ ਫ਼ਿਲਮ ’ਚ ਹੋਰ ਕੀ-ਕੀ ਦੇਖਣ ਨੂੰ ਮਿਲੇਗਾ?

ਸਰਗੁਣ– ਤੁਸੀਂ ਮੰਨੋਗੇ ਨਹੀਂ ਕਿ ਸਾਡਾ ਟਰੇਲਰ ਅਜੇ ਸਿਰਫ 10 ਫੀਸਦੀ ਹੈ। ਸਾਡੇ ਕੋਲੋਂ ਕੱਟਿਆ ਹੀ ਨਹੀਂ ਗਿਆ ਟਰੇਲਰ। ਅਸੀਂ ਅਜੇ ਵੀ ਇਹੀ ਕਹਿ ਰਹੇ ਹਾਂ ਕਿ ਸਾਡਾ ਟਰੇਲਰ ਵਧੀਆ ਨਹੀਂ ਕਿਉਂਕਿ ਸਾਡੇ ਟਰੇਲਰ ਦੀ ਕਪੈਸਿਟੀ 100 ਫੀਸਦੀ ਸੀ, ਜਿਸ ਨੂੰ ਅਸੀਂ 10 ਫੀਸਦੀ ਕੱਟ ਪਾਏ ਹਾਂ ਕਿਉਂਕਿ ਇੰਨਾ ਕੁਝ ਹੈ ਫ਼ਿਲਮ ’ਚ ਕਿ ਸਾਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਪਾਈਏ ਤੇ ਕੀ ਨਾ ਪਾਈਏ।

ਸਵਾਲ : ਪੀਰੀਅਡ ਫ਼ਿਲਮ ਦੀ ਪ੍ਰੇਮ ਕਹਾਣੀ ਦੀ ਤੁਹਾਨੂੰ ਕੀ ਖ਼ੂਬਸੂਰਤੀ ਲੱਗਦੀ ਹੈ?

ਸਰਗੁਣ– ਮੈਨੂੰ ਲੱਗਦਾ ਹੈ ਕਿ ਉਹ ਸਮਾਂ ਹੀ ਬਹੁਤ ਸੋਹਣਾ ਸੀ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਹੁਣ ਅਸੀਂ ਰਿਸ਼ਤੇ ਖਰਾਬ ਕਰ ਦਿੱਤੇ। ਹੁਣ ਤਾਂ ਰਿਸ਼ਤੇ ਕਰੱਪਟ ਹੋ ਗਏ। ਪਹਿਲਾਂ ਰਿਸ਼ਤੇ ਨੂੰ ਨਿਭਾਉਣ ਲਈ ਕਈ ਯਤਨ ਕਰਨੇ ਪੈਂਦੇ ਸਨ, ਹੁਣ ਤੁਹਾਡਾ ਕਿਸੇ ਨੂੰ ਮਿਲਣਾ ਵੀ ਸੌਖਾ ਹੋ ਗਿਆ ਤੇ ਕਿਸੇ ਨੂੰ ਛੱਡਣਾ ਵੀ।

ਸਵਾਲ : ਘਰਦਿਆਂ ਦੀ ਕਿੰਨੀ ਸੁਪੋਰਟ ਰਹਿੰਦੀ ਹੈ?

ਗੁਰਨਾਮ– ਮੇਰੇ ਪਿਤਾ ਤੇ ਮੈਂ ਅਸੀਂ ਇਕੱਠਿਆਂ ਨੇ ਸਫਰ ਸ਼ੁਰੂ ਕੀਤਾ ਹੈ। ਉਹ ਆਡੀਸ਼ਨਜ਼ ’ਤੇ ਮੇਰੇ ਨਾਲ ਜਾਂਦੇ ਸਨ। ਆਪਣੇ ਦਫ਼ਤਰ ਤੋਂ ਛੁੱਟੀਆਂ ਲੈ ਕੇ ਬਾਅਦ ’ਚ ਓਵਰਟਾਈਮ ਲਗਾਉਂਦੇ ਸਨ। ਉਹ ਪਹਿਲੇ ਦਿਨ ਤੋਂ ਮੇਰੇ ਨਾਲ ਕਨੈਕਟਿਡ ਹਨ। ਮੈਂ ਤੀਜੀ ਜਮਾਤ ’ਚ ਸੀ, ਜਦੋਂ ਤੋਂ ਇਸ ਲਾਈਨ ’ਚ ਆ ਗਿਆ।

ਸਵਾਲ : ਤੁਹਾਡੇ ਸਹੁਰਿਆਂ ਨੇ ਇਸ ਟਰੇਲਰ ’ਤੇ ਕੀ ਰੀਵਿਊ ਦਿੱਤੇ?

ਸਰਗੁਣ– ਉਨ੍ਹਾਂ ਨੂੰ ਮੇਰੀ ਹਰ ਫ਼ਿਲਮ ਬਹੁਤ ਵਧੀਆ ਲੱਗਦੀ ਹੈ। ਮੇਰੀ ਸੱਸ ਬਹੁਤ ਪਿਆਰੀ ਹੈ, ਉਹ ਮੇਰੀ ਮਾਂ ਨੂੰ ਫੋਨ ਕਰਕੇ ਮੇਰੀ ਬਹੁਤ ਤਾਰੀਫ਼ ਕਰਦੇ ਹਨ। ਉਨ੍ਹਾਂ ਨੂੰ ਮੇਰੀਆਂ ਫ਼ਿਲਮਾਂ ਲਈ ਬਹੁਤ ਐਕਸਾਈਟਮੈਂਟ ਰਹਿੰਦੀ ਹੈ, ਜਦਕਿ ਉਨ੍ਹਾਂ ਨੂੰ ਪੰਜਾਬੀ ਬਹੁਤ ਘੱਟ ਸਮਝ ਆਉਂਦੀ ਹੈ। ਉਹ ਪਿੱਛੋਂ ਬਿਹਾਰ ਤੋਂ ਹਨ ਤੇ ਉਹ ਬਿਹਾਰੀ ਤੇ ਹਿੰਦੀ ਬੋਲਦੇ ਹਨ, ਫਿਰ ਵੀ ਉਹ ਆਪਣੇ ਦੋਸਤਾਂ ਨਾਲ ਜਾਂਦੇ ਹਨ ਫ਼ਿਲਮ ਦੇਖਣ ਲਈ।


Rahul Singh

Content Editor

Related News