ਭਵਾਨੀਗੜ੍ਹ ''ਚ ਵੱਡੀ ਵਾਰਦਾਤ, ਲੁੱਟ ਕੇ ਲੈ ਗਏ ਠੇਕਾ, CCTV ''ਚ ਕੈਦ ਹੋਈ ਘਟਨਾ

Thursday, Nov 13, 2025 - 01:53 PM (IST)

ਭਵਾਨੀਗੜ੍ਹ ''ਚ ਵੱਡੀ ਵਾਰਦਾਤ, ਲੁੱਟ ਕੇ ਲੈ ਗਏ ਠੇਕਾ, CCTV ''ਚ ਕੈਦ ਹੋਈ ਘਟਨਾ

ਭਵਾਨੀਗੜ੍ਹ (ਵਿਕਾਸ ਮਿੱਤਲ) : ਚੋਰਾਂ ਤੋਂ ਬਾਅਦ ਹੁਣ ਭਵਾਨੀਗੜ੍ਹ ਇਲਾਕੇ 'ਚ ਲੁਟੇਰਿਆਂ ਦਾ ਆਤੰਕ ਦੇਖਣ ਨੂੰ ਮਿਲ ਰਿਹਾ ਹੈ। ਬੀਤੀ ਰਾਤ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਅਜੀਤ ਨਗਰ ਦੇ ਸਾਹਮਣੇ ਸਥਿਤ ਸ਼ਰਾਬ ਦੇ ਠੇਕੇ ਤੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਮੋਟਰਸਾਈਕਲ ਸਵਾਰ 3 ਅਣਪਛਾਤੇ ਲੁਟੇਰੇ ਕਰਿੰਦੇ ਨੂੰ ਜ਼ਖਮੀ ਕਰਦਿਆਂ 43 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਸ ਨੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਤਸਵੀਰ ਠੇਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। 

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਲਵਾ ਲਿਕਰ ਕੰਪਨੀ ਸਰਕਲ ਭਵਾਨੀਗੜ੍ਹ ਦੇ ਠੇਕੇਦਾਰ ਸੰਜੀਵ ਕੁਮਾਰ ਸ਼ੈਟੀ ਵਾਸੀ ਦਿੜ੍ਹਬਾ ਅਤੇ ਵਿਜੇ ਕੁਮਾਰ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਕਰੀਬ 9 ਵਜੇ ਵਾਪਰੀ। ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਸ਼ਰਾਬ ਖਰੀਦਣ ਦੇ ਬਹਾਨੇ ਠੇਕੇ 'ਤੇ ਆਏ, ਜਿਨ੍ਹਾਂ 'ਚੋਂ ਦੋ ਨੇ ਮੂੰਹ ਢਕੇ ਹੋਏ ਸਨ। ਇਸ ਦੌਰਾਨ ਉਕਤ ਨੌਜਵਾਨਾਂ ਨੇ ਮੌਕਾ ਦੇਖ ਕੇ ਆਪਣੇ ਕੱਪੜਿਆਂ 'ਚ ਛੁਪ‍ਾਏ ਤੇਜ਼ਧਾਰ ਹਥਿਆਰ ਕੱਢ ਕੇ ਠੇਕੇ ਦੇ ਕਰਿੰਦੇ 'ਤੇ ਹਮਲਾ ਕਰ ਦਿੱਤਾ ਤੇ ਉਸਨੂੰ ਡਰਾਉਂਦੇ ਧਮਕਾਉਂਦੇ ਹੋਏ ਠੇਕੇ ਤੋਂ 43 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਭਵਾਨੀਗੜ੍ਹ ਸ਼ਹਿਰ ਵੱਲ ਨੂੰ ਫ਼ਰਾਰ ਹੋ ਗਏ। 

ਠੇਕੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਮੌਕੇ 'ਤੇ ਪੁੱਜੇ ਅਤੇ ਪੁਲਸ ਨੂੰ ਸੂਚਿਤ ਕੀਤਾ। ਇਸ ਮਗਰੋਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਧਰ, ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਹੈ। ਦੋ ਦਿਨ ਪਹਿਲਾਂ ਸ਼ਹਿਰ ਦੇ ਦਸਮੇਸ਼ ਨਗਰ ਵਿਚ ਸਥਿਤ ਇਕ ਘਰ 'ਚੋਂ ਰਾਇਫਲ ਅਤੇ 20 ਦੇ ਕਰੀਬ ਚੋਰੀ ਹੋਏ ਰੌੰਦ ਦੇ ਮਾਮਲੇ 'ਚ ਪੁਲਸ ਦੇ ਹੱਥ ਕੁਝ ਨਹੀਂ ਲੱਗਾ ਸੀ ਕਿ ਇਸ ਵਿਚਕਾਰ ਅਣਪਛਾਤੇ ਲੁਟੇਰੇ ਨੇ ਸ਼ਰਾਬ ਦੇ ਠੇਕੇ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। 

ਜਲਦ ਫੜੇ ਜਾਣਗੇ ਮੁਲਜ਼ਮ : ਡੀਐੱਸਪੀ ਰਾਹੁਲ ਕੌਸ਼ਲ 

ਦੂਜੇ ਪਾਸੇ ਡੀਐੱਸਪੀ ਰਾਹੁਲ ਕੌਸ਼ਲ ਭਵਾਨੀਗੜ੍ਹ ਦਾ ਕਹਿਣਾ ਹੈ ਕਿ ਪੁਲਸ ਲੁੱਟ ਦੀ ਘਟਨਾ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਹੈ। ਹੁਣ ਪੁਲਸ ਘਰੋਂ ਹਥਿਆਰ ਚੋਰੀ ਤੇ ਰਾਤ ਹੋਈ ਵਾਰਦਾਤ ਸਬੰਧੀ ਦੋਵਾਂ ਮਾਮਲਿਆਂ ਵਿਚ ਬਰਾਬਰ ਕੰਮ ਕਰ ਰਹੀ ਹੈ। ਡੀਐੱਸਪੀ ਨੇ ਦਾਅਵਾ ਕੀਤਾ ਕਿ ਵਾਰਦਾਤ ਦੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


author

Gurminder Singh

Content Editor

Related News