‘ਅਕਾਲ’ ਫਿਲਮ ’ਚ ਇਕ ਨਵੀਂ ਦੁਨੀਆ ਦੇਖਣ ਨੂੰ ਮਿਲੇਗੀ : ਗਿੱਪੀ ਗਰੇਵਾਲ
Wednesday, Apr 09, 2025 - 04:07 PM (IST)

ਮੁੰਬਈ- ਪੰਜਾਬੀ ਫਿਲਮ ‘ਅਕਾਲ’ 10 ਅਪ੍ਰੈਲ ਭਾਵ ਕੱਲ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ। ‘ਅਕਾਲ’ ਪੰਜਾਬੀ ਦੇ ਨਾਲ-ਨਾਲ ਹਿੰਦੀ ਭਾਸ਼ਾ ’ਚ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਗਿੱਪੀ ਗਰੇਵਾਲ ਤੇ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ, ਜੋ ਪੰਜਾਬੀ ਸਿਨੇਮਾ ਲਈ ਵੱਡੀ ਫਿਲਮ ਮੰਨੀ ਜਾ ਰਹੀ ਹੈ। ਫਿਲਮ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਤੇ ਨਿਮਰਤ ਖਹਿਰਾ ਵਰਗੇ ਕਲਾਕਾਰ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੇ ਲੇਖਕ ਤੇ ਡਾਇਰੈਕਟਰ ਖ਼ੁਦ ਗਿੱਪੀ ਗਰੇਵਾਲ ਹਨ। ਗਿੱਪੀ ਗਰੇਵਾਲ ਨੇ ਇਸ ਸਬੰਧੀ ਮਜ਼ੇਦਾਰ ਗੱਲਾਂ ਸਾਂਝੀਆਂ ਕੀਤੀਆਂ ਹਨ, ਜੋ ਕੁਝ ਇਸ ਤਰ੍ਹਾਂ ਹਨ–
ਸਵਾਲ– ‘ਅਕਾਲ’ ਫਿਲਮ ’ਚ ਕੀ ਵੱਖਰਾ ਦੇਖਣ ਨੂੰ ਮਿਲੇਗਾ?
ਗਿੱਪੀ– ਅੱਜਕੱਲ ਲੋਕ ਇਹ ਵੀ ਦੇਖਦੇ ਹਨ ਕਿ ਅਸੀਂ ਕਿਹੜੀ ਨਵੀਂ ਦੁਨੀਆ ਫਿਲਮ ’ਚ ਦੇਖਣ ਜਾ ਰਹੇ ਹਾਂ। ਜਿਵੇਂ ‘ਬਾਹੂਬਲੀ’ ਦੀ ਦੁਨੀਆ ਅਸੀਂ ਦੇਖੀ ਨਹੀਂ ਸੀ। ਹਿੰਦੀ ਸਿਨੇਮਾ ’ਚ ਵੀ ਸਿੱਖਾਂ ਦੇ ਇਤਿਹਾਸ ’ਤੇ ਜ਼ਿਆਦਾ ਫਿਲਮਾਂ ਨਹੀਂ ਬਣੀਆਂ ਹਨ। ਜ਼ਿਆਦਾਤਰ ਸਿੱਖ ਫੌਜੀਆਂ ’ਤੇ ਹੀ ਫਿਲਮਾਂ ਬਣੀਆਂ ਹਨ ਪਰ ਸਿੱਖ ਯੌਧਿਆਂ ’ਤੇ ਅਜਿਹੀਆਂ ਫਿਲਮਾਂ ਨਹੀਂ ਬਣੀਆਂ ਹਨ। ‘ਅਕਾਲ’ ਫਿਲਮ ’ਚ ਵੀ ਇਕ ਨਵੀਂ ਦੁਨੀਆ ਦੇਖਣ ਨੂੰ ਮਿਲੇਗੀ।
ਸਵਾਲ– ‘ਅਰਦਾਸ’ ਰਾਹੀਂ ਤੁਸੀਂ ਲੇਖਕ ਤੇ ਡਾਇਰੈਕਟਰ ਬਣਨ ਦਾ ਜੋਖਮ ਲਿਆ। ਇਹ ਕਿੰਨਾ ਜ਼ਰੂਰੀ ਹੈ ਜ਼ਿੰਦਗੀ ’ਚ?
ਗਿੱਪੀ– ਮੈਂ ਜ਼ਿੰਦਗੀ ’ਚ ਬਹੁਤ ਜੋਖਮ ਲਏ ਹਨ। ਜ਼ਿੰਦਗੀ ਇਕ ਹੈ ਤੇ ਜੋ ਕੰਮ ਕਰਨ ਦਾ ਮਨ ਕਰਦਾ ਹੈ, ਉਸ ਨੂੰ ਇਕ ਵਾਰ ਤਾਂ ਜ਼ਰੂਰ ਕਰੋ। ਮੈਂ ਪੰਜਾਬ ਦੇ ਬਹੁਤ ਵੱਡੇ ਡਾਇਰੈਕਟਰਾਂ ਨਾਲ ਕੰਮ ਕੀਤਾ ਹੈ। ਮੇਰੀ ਸਕੂਲਿੰਗ ਉਨ੍ਹਾਂ ਨਾਲ ਬੇਹੱਦ ਵਧੀਆ ਹੋਈ ਹੈ। ਮੈਂ ਇੰਨਾ ਵਧੀਆ ਨਹੀਂ ਸੀ ਪਰ ਮੇਰੇ ਨਾਲ ਦੇ ਬਹੁਤ ਵਧੀਆ ਸਨ, ਉਨ੍ਹਾਂ ਸਾਰਿਆਂ ਕੋਲੋਂ ਮੈਂ ਸਿੱਖਦਾ ਰਿਹਾ। ‘ਅਰਦਾਸ’ ਮੈਂ ਜਦੋਂ ਲਿਖਣੀ ਸ਼ੁਰੂ ਕੀਤੀ, ਪਤਾ ਹੀ ਨਹੀਂ ਲੱਗਾ ਕਦੋਂ ਲਿਖੀ ਗਈ ਤੇ ਜ਼ਿੰਦਗੀ ’ਚ ਲਿਆ ਉਹ ਜੋਖਮ ਅੱਜ ਮੈਨੂੰ ਕਿਥੋਂ ਤੱਕ ਲੈ ਆਇਆ ਹੈ।
ਸਵਾਲ– ‘ਅਕਾਲ’ ਪੰਜਾਬੀ ਸਿਨੇਮਾ ਦੀ ਵੱਡੀ ਫਿਲਮ ਹੈ, ਇਸ ਨੂੰ ਬਣਾਉਣ ਬਾਰੇ ਕਦੋਂ ਸੋਚਿਆ ਸੀ?
ਗਿੱਪੀ– ‘ਅਰਦਾਸ’ ਦੇ ਸਮੇਂ ਹੀ ਮੈਂ ਸੋਚ ਰਿਹਾ ਸੀ ਕਿ ਕੁਝ ਅਲੱਗ ਬਣਾਇਆ ਜਾਵੇ। ‘ਅਕਾਲ’ ਲਿਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਤਾਂ ਅਸੀਂ ਬਣਾ ਹੀ ਨਹੀਂ ਪਾਵਾਂਗੇ ਕਿਉਂਕਿ ਇਸ ਲਈ ਵੱਡਾ ਬਜਟ ਚਾਹੀਦਾ ਸੀ। ਮੇਰੇ ਕੋਲ ਬਹੁਤ ਸਾਰੇ ਅਜਿਹੇ ਆਇਡੀਆ ਹਨ, ਜਿਨ੍ਹਾਂ ਨੂੰ ਮੈਂ ਬਣਾਉਣਾ ਚਾਹੁੰਦਾ ਹਾਂ ਪਰ ਮੇਰੇ ਕੋਲ ਉਨੇ ਪੈਸੇ ਨਹੀਂ ਹਨ ਤੇ ਜੇਕਰ ਉਨ੍ਹਾਂ ਨੂੰ ਘੱਟ ਬਜਟ ’ਚ ਬਣਾਇਆ ਗਿਆ ਤਾਂ ਉਹ ਆਇਡੀਆ ਬੇਕਾਰ ਹੋ ਜਾਵੇਗਾ। ਫਿਰ ਉਸ ਸਮੇਂ ਅਸੀਂ ‘ਅਰਦਾਸ’ ਕੀਤੀ। ਰੱਬ ਦਾ ਸ਼ੁਕਰ ਹੈ ਅੱਜ ਜਿਵੇਂ ਮੈਂ ‘ਅਕਾਲ’ ਬਣਾਉਣ ਦੀ ਸੋਚੀ ਸੀ, ਉਸ ਨੂੰ ਉਵੇਂ ਬਣਾ ਪਾਇਆ ਹਾਂ।
ਸਵਾਲ– ‘ਅਕਾਲ’ ਫਿਲਮ ਨੂੰ ਮੁੰਬਈ ਕਿਹੜੀ ਉਮੀਦ ਨਾਲ ਲੈ ਕੇ ਆਏ ਸੀ?
ਗਿੱਪੀ– ਮੈਂ ਪੰਜਾਬ ਤੋਂ ਜਦੋਂ ਇਥੇ ਆਇਆ ਤਾਂ ਗੱਲ ਚੱਲੀ ਕਿ ਇਥੇ ਕਿਸੇ ਨਾਲ ਕੋਲੈਬੋਰੇਟ ਕੀਤਾ ਜਾਵੇ। ਕੁਝ ਲੋਕਾਂ ਨਾਲ ਗੱਲਬਾਤ ਵੀ ਹੋਈ, ਉਨ੍ਹਾਂ ਕਿਹਾ ਕਿ ਦੱਸੋ ਕਿੰਨੇ ਪੈਸੇ ਚਾਹੀਦੇ ਹਨ, ਅਸੀਂ ਲਗਾ ਦਿੰਦੇ ਹਾਂ। ਅਸੀਂ ‘ਅਕਾਲ’ ਦਿਲੋਂ ਬਣਾਈ ਹੈ ਤੇ ਸਾਨੂੰ ਬੰਦਾ ਉਹੀ ਚਾਹੀਦਾ ਸੀ, ਜੋ ਦਿਲੋਂ ਫਿਲਮ ਨਾਲ ਜੁੜੇ। ਇਹ ਮੇਰੇ ਲਈ ਇਕ ਫਿਲਮ ਨਹੀਂ, ਬੱਚਾ ਹੈ ਮੇਰਾ। ਕਰਨ ਜੌਹਰ ਨਾਲ ਮੇਲ ਹੋਇਆ ਤੇ ਉਹ ਵੀ ਦਿਲੋਂ ਇਸ ਫਿਲਮ ਨਾਲ ਜੁੜੇ। ਇਹ ਸਾਡੇ ਲਈ ਸਭ ਤੋਂ ਵੱਡੀ ਚੀਜ਼ ਸੀ।
ਸਵਾਲ– ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸਭ ਨੂੰ ਡਰ ਲੱਗਦਾ ਹੈ ਪਰ ਤੁਹਾਡੀ ਫੀਲਿੰਗ ਕੀ ਹੈ ਇਸ ਸਮੇਂ?
ਗਿੱਪੀ– ਮੈਨੂੰ ਇਹ ਹੈ ਕਿ ਫਿਲਮ ਸਭ ਨੂੰ ਪਸੰਦ ਆਵੇ ਤੇ ਚੰਗੀ ਫਿਲਮ ਚੱਲ ਹੀ ਜਾਂਦੀ ਹੈ। ਜਿੰਨੇ ਵੀ ਲੋਕਾਂ ਨੇ ਹੁਣ ਤੱਕ ਇਹ ਫਿਲਮ ਦੇਖੀ ਹੈ, ਸਭ ਨੂੰ ਫਿਲਮ ਬਹੁਤ ਵਧੀਆ ਲੱਗੀ ਹੈ। ਅਸੀਂ ਦਿਲੋਂ ਇਹੀ ਸੋਚ ਕੇ ਫਿਲਮ ਬਣਾਈ ਹੈ ਕਿ ਇਕ ਚੰਗੀ ਫਿਲਮ ਬਣਾਈ ਜਾਵੇ। ਅਸੀਂ ਪੰਜਾਬੀ ਫਿਲਮ ਇਹ ਦੇਖ ਕੇ ਬਣਾਉਂਦੇ ਹਾਂ ਕਿ ਪੂਰਾ ਪਰਿਵਾਰ ਫਿਲਮ ਦੇਖਣ ਜਾਵੇ। ਫਿਲਮ ਇਕ ਫੈਸਟੀਵਲ ਵਾਂਗ ਹੋਣੀ ਚਾਹੀਦੀ ਹੈ।
ਸਵਾਲ– ਤੁਸੀਂ ਬਤੌਰ ਵਿਲੇਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਹੀਰੋ ਬਣਨ ਤੱਕ ਦਾ ਸਫਰ ਕਿਹੋ ਜਿਹਾ ਰਿਹਾ?
ਗਿੱਪੀ – ਮੈਨੂੰ ਅੱਜ ਵੀ ਇਹ ਲੱਗਦਾ ਹੈ ਕਿ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਕਿ ਤੁਸੀਂ ਕਿਹੜਾ ਕਿਰਦਾਰ ਨਿਭਾਅ ਰਹੇ ਹੋ। ਮੈਂ ਅੱਜ ਵੀ ਹਰ ਤਰ੍ਹਾਂ ਦਾ ਕਿਰਦਾਰ ਸੁਣਦਾ ਹਾਂ ਤੇ ਉਸ ’ਤੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਮੈਂ ਸ਼ੁਰੂਆਤ ਕੀਤੀ, ਉਦੋਂ ਜਿੰਮੀ ਸ਼ੇਰਗਿੱਲ ਵੱਡੇ ਕਲਾਕਾਰ ਸਨ, ਟੀਮ ਵੀ ਵਧੀਆ ਸੀ ਤਾਂ ਮੈਂ ਉਨ੍ਹਾਂ ਕਰ ਕੇ ਹੀ ਉਹ ਫਿਲਮ ਕੀਤੀ ਸੀ। ਉਸੇ ਫਿਲਮ ਦੇ ਕਰ ਕੇ ਮੈਨੂੰ ਕੰਮ ਮਿਲਣਾ ਸ਼ੁਰੂ ਹੋਇਆ।
ਸਵਾਲ– ਗਾਇਕੀ ਤੇ ਅਦਾਕਾਰੀ ਤੁਹਾਡੇ ਲਈ ਕਿਵੇਂ ਇਕ-ਦੂਜੇ ਨਾਲ ਸਬੰਧਤ ਹਨ?
ਗਿੱਪੀ– ਮੈਂ ਸਾਢੇ 17 ਸਾਲ ਦਾ ਸੀ, ਜਦੋਂ ਮੇਰੀ ਪਹਿਲੀ ਐਲਬਮ ਰਿਲੀਜ਼ ਹੋਈ। ਉਸ ਵੇਲੇ ਇਕ ਐਲਬਮ ’ਤੇ 3-4 ਲੱਖ ਰੁਪਏ ਲੱਗਦੇ ਸਨ, ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ, ਮੇਰੇ ਲਈ ਬਹੁਤ ਮੁਸ਼ਕਿਲ ਰਿਹਾ ਸ਼ੁਰੂਆਤੀ ਸਫਰ। ਪਹਿਲੀਆਂ ਐਲਬਮਾਂ ਨਹੀਂ ਚੱਲੀਆਂ। ਦੂਜੇ ਪਾਸੇ ਮੇਰਾ ਵਿਆਹ ਵੀ ਛੋਟੀ ਉਮਰ ’ਚ ਹੋਇਆ। ਫਿਰ ਅਸੀਂ ਵਿਦੇਸ਼ ਗਏ ਤੇ ਦਿਨ-ਰਾਤ ਕੰਮ ਕੀਤਾ। ਉਥੋਂ ਜੋ ਪੈਸਾ ਮਿਲਦਾ ਸੀ, ਉਸ ਨੂੰ ਜੋੜ ਕੇ ਮੈਂ ਐਲਬਮਾਂ ’ਤੇ ਲਾਇਆ। ਜਦੋਂ ਮੈਂ ਫਿਲਮਾਂ ’ਚ ਆਇਆ, ਉਦੋਂ ਕੰਮ ਮੇਰੇ ਲਈ ਥੋੜ੍ਹਾ ਸੌਖਾ ਹੋਇਆ। ਹੁਣ ਅੱਜ ‘ਅਕਾਲ’ ਤੱਕ ਪਹੁੰਚ ਗਏ ਹਾਂ।
ਸਵਾਲ– ਉਹ ਪਲ ਤੁਹਾਨੂੰ ਕਦੋਂ ਮਹਿਸੂਸ ਹੋਇਆ, ਜਦੋਂ ਤੁਸੀਂ ਖ਼ੁਦ ਨੂੰ ਇਕ ਸਟਾਰ ਵਜੋਂ ਦੇਖਿਆ?
ਗਿੱਪੀ– ਅਜਿਹਾ ਮੈਨੂੰ ‘ਕੈਰੀ ਆਨ ਜੱਟਾ’ ਸਮੇਂ ਮਹਿਸੂਸ ਹੋਇਆ। ਫਿਲਮ ਬਹੁਤ ਚੱਲੀ, ਹਰ ਪਾਸੇ ਸ਼ੋਅਜ਼ ਸੋਲਡ ਆਊਟ ਹੋਏ। ‘ਕੈਰੀ ਆਨ ਜੱਟਾ’ ਦੇ ਡਾਇਲਾਗਸ ‘ਸ਼ੋਅਲੇ’ ਵਾਂਗ ਹਿੱਟ ਹੋਏ, ਜੋ ਅੱਜ ਤੱਕ ਸੁਣਨ ਨੂੰ ਮਿਲਦੇ ਹਨ।