ਕੈਨੇਡਾ ਭੇਜਣ ਦੇ ਨਾਂ ''ਤੇ 10 ਲੱਖ ਠੱਗੇ, ਟ੍ਰੈਵਲ ਏਜੰਟ ਮੁੰਡੀ ਗ੍ਰਿਫਤਾਰ
Monday, Nov 18, 2019 - 10:45 AM (IST)

ਜਲੰਧਰ (ਕਮਲੇਸ਼)— ਪੁਲਸ ਨੇ ਕੈਨੇਡਾ ਭੇਜਣ ਦੇ ਨਾਂ 'ਤੇ ਪੀੜਤ ਨੌਜਵਾਨ ਤੋਂ 10 ਲੱਖ ਰੁਪਏ ਠੱਗਣ ਵਾਲੇ ਮੁਲਜ਼ਮ ਟ੍ਰੈਵਲ ਏਜੰਟ ਅਵਤਾਰ ਸਿੰਘ ਮੁੰਡੀ ਵਾਸੀ ਪੰਜਾਬੀ ਬਾਗ ਮਕਸੂਦਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਮੁਲਜ਼ਮ ਦੀ ਪਤਨੀ ਬਲਦੀਪ ਕੌਰ ਵੀ ਨਾਮਜ਼ਦ ਹੈ ਪਰ ਉਹ ਅਜੇ ਫਰਾਰ ਹੈ।ਪੁਲਸ ਚੌਕੀ ਦੁਸਾਂਝ ਕਲਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਅਵਤਾਰ ਸਿੰਘ ਪਠਾਨਕੋਟ ਰੋਡ 'ਤੇ ਸਥਿਤ ਪਿੰਡ ਰਾਏਪੁਰ ਬੱਲਾਂ 'ਚ ਲੁਕਿਆ ਹੋਇਆ ਹੈ। ਪੁਲਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ।
ਏ. ਐੱਸ. ਆਈ. ਲਾਭ ਸਿੰਘ ਨੇ ਦੱਸਿਆ ਕਿ ਪਿੰਡ ਵਿਰਕ ਬਹੋਦੀਪੁਰ, ਗੋਰਾਇਆ ਵਾਸੀ ਕਿਰਨਦੀਪ ਕੌਰ ਪਤਨੀ ਬਲਜਿਦਰ ਸਿੰਘ ਨੇ ਮਈ 2019 'ਚ ਐੱਸ. ਐੱਸ. ਪੀ. ਦਫਤਰ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਪਤੀ-ਪਤਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੇ ਬੇਟੇ ਸੁਖਪ੍ਰੀਤ ਸਿੰਘ ਨੂੰ ਕੈਨੇਡਾ ਭੇਜ ਦੇਣਗੇ। ਇਸ ਲਈ ਉਨ੍ਹਾਂ ਨੂੰ 25 ਲੱਖ ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਚਾਰ ਕਿਸ਼ਤਾਂ 'ਚ 21.50 ਲੱਖ ਰੁਪਏ ਮੁੰਡੀ ਅਤੇ ਉਸ ਦੀ ਪਤਨੀ ਨੂੰ ਦਿੱਤੇ। ਮੁਲਜ਼ਮਾਂ ਨੇ ਆਪਣੇ ਵਾਅਦੇ ਦੇ ਉਲਟ ਉਨ੍ਹਾਂ ਦੇ ਬੇਟੇ ਨੂੰ ਵੀਅਤਨਾਮ ਭੇਜ ਦਿੱਤਾ ਪਰ ਉੱਥੋਂ ਅੱਗੇ ਕੈਨੇਡਾ ਨਹੀਂ ਭਿਜਵਾਇਆ। ਹਾਰ ਕੇ ਉਨ੍ਹਾਂ ਦੇ ਬੇਟੇ ਨੂੰ ਵਾਪਸ ਆਉਣਾ ਪਿਆ।
ਸ਼ਿਕਾਇਤ ਦੀ ਜਾਂਚ ਆਰਥਕ ਅਪਰਾਧ ਦੀ ਬ੍ਰਾਂਚ ਨੇ ਕੀਤੀ ਸੀ, ਜਿਸ 'ਚ ਸ਼ਿਕਾਇਤਕਰਤਾ ਮੁਲਜ਼ਮਾਂ ਨੂੰ ਸਿਰਫ 10 ਲੱਖ ਦੇਣ ਦੇ ਹੀ ਸਬੂਤ ਦਿਖਾ ਸਕਿਆ। ਐੱਸ. ਐੱਸ. ਪੀ. ਦਫਤਰ ਦੇ ਹੁਕਮਾਂ 'ਤੇ ਉਕਤ ਮੁਲਜ਼ਮ ਪਤੀ-ਪਤਨੀ ਦੇ ਖਿਲਾਫ ਥਾਣਾ ਗੋਰਾਇਆ 'ਚ 10 ਲੱਖ ਦੀ ਠੱਗੀ, ਇਮੀਗ੍ਰੇਸ਼ਨ ਐਕਟ ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਮੁਲਜ਼ਮ ਮੁੰਡੀ ਅਤੇ ਉਸ ਦੀ ਪਤਨੀ 'ਤੇ ਠੱਗੀ ਦੇ 20 ਤੋਂ ਜ਼ਿਆਦਾ ਕੇਸ ਦਰਜ
ਪੁਲਸ ਰਿਕਾਰਡ ਅਨੁਸਾਰ ਮੁਲਜ਼ਮਾਂ ਖਿਲਾਫ ਸਾਲ 2000 ਤੋਂ 2019 'ਚ ਜਲੰਧਰ, ਅੰਮ੍ਰਿਤਸਰ ਅਤੇ ਕਪੂਰਥਲਾ 'ਚ ਵਿਦੇਸ਼ ਭੇਜਣ ਦੇ ਨਾਂ 'ਤੇ 13, ਪ੍ਰਾਪਰਟੀ ਫਰਾਡ ਦੇ ਚਾਰ ਅਤੇ ਬੈਂਕ ਫਰਾਡ ਦੇ ਤਿੰਨ ਕੇਸ ਦਰਜ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 9 ਮਾਮਲਿਆਂ 'ਚ ਉਸ ਦੇ ਨਾਲ ਉਸ ਦੀ ਪਤਨੀ ਬਲਦੀਪ ਕੌਰ ਵੀ ਨਾਮਜ਼ਦ ਹੈ, ਜੋ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।