ਹੁਣ ਟੈਂਡਰਾਂ ਦੇ ਬਿਨਾਂ ਕੰਮ ਨਹੀਂ ਕਰਨਗੇ ਨਗਰ ਨਿਗਮ ਦੇ ਅਧਿਕਾਰੀ

10/25/2018 4:41:00 AM

ਜਲੰਧਰ,    (ਖੁਰਾਣਾ)—  ਕਾਂਗਰਸੀ ਕੌਂਸਲਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਵਿਚ  ਹੋਏ ਟਕਰਾਅ ਦਾ ਦੌਰ ਥਮ੍ਹਣ ਦਾ ਨਾਂ ਨਹੀਂ ਲੈ ਰਿਹਾ ਪਰ ਆਉਣ ਵਾਲੇ ਸਮੇਂ ਵਿਚ ਜੇਕਰ ਇਹ  ਮਾਮਲਾ ਬੈਕਫੁਟ ’ਤੇ ਨਹੀਂ ਗਿਆ ਤਾਂ ਆਗੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ  ਹੈ।
ਕੌਂਸਲਰ ਹਾਊਸ ਦੀ ਬੈਠਕ ਦਾ ਬਾਈਕਾਟ ਕਰਨ ਤੋਂ ਬਾਅਦ ਨਿਗਮ ਅਧਿਕਾਰੀਆਂ ਦੀਆਂ  ਆਪਸ ’ਚ ਕਈ ਬੈਠਕਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਫੈਸਲਾ ਲਿਆ ਗਿਆ ਕਿ ਹੁਣ  ਕੌਂਸਲਰਾਂ ਦੇ ਕਹਿਣ ’ਤੇ ਕੰਮ ਨਾ ਕਰਵਾਏ ਜਾਣ ਅਤੇ ਇਸ ਲਈ ਮੇਅਰ ਜਾਂ ਕਮਿਸ਼ਨਰ ਤੋਂ ਲਿਖਤ  ਮਨਜ਼ੂਰੀ ਪ੍ਰਾਪਤ ਕੀਤੀ ਜਾਵੇ। ਨਿਗਮ ਅਧਿਕਾਰੀਆਂ ਨੇ ਬਿਨਾਂ ਟੈਂਡਰ ਦੇ ਕੰਮ ਕਰਵਾਉਣ  ਤੋਂ ਇਨਕਾਰ ਕਰਨ ਦਾ ਫੈਸਲਾ ਲੈ ਲਿਆ ਹੈ। 
ਇਨ੍ਹਾਂ ਦਿਨੀਂ ਕੂਲ ਰੋਡ ਦੇ ਨਿਰਮਾਣ ਦਾ  ਕੰਮ ਚੱਲ ਰਿਹਾ ਹੈ। ਜਿਸ ਦੌਰਾਨ ਫੈਸਲਾ ਹੋਇਆ ਹੈ ਕਿ ਕੂਲ ਰੋਡ ’ਤੇ ਵਾਟਰ ਸਪਲਾਈ ਦੀ ਲਾਈਨ ਡਿਵਾਈਜ਼ਰ ਦੀ ਬਜਾਏ ਫੁੱਟਪਾਥ ਵੱਲ ਪਾਈ ਜਾਵੇ ਤਾਂ ਸੜਕ ਟੁੱਟਣ ਦੀ ਸਮੱਸਿਆ ਸਥਾਈ  ਰੂਪ ਹੋ ਸਕੇ। ਹੁਣ ਤੱਕ ਨਿਗਮ ਦੇ ਓ. ਐਂਡ. ਐੱਮ. ਸੈੱਲ ਨੇ ਵਾਟਰ ਸਪਲਾਈ ਲਾਈਨ  ਬਦਲਵਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਹੈ। ਸ਼ਾਇਦ ਅਧਿਕਾਰੀ ਟੈਂਡਰ ਪ੍ਰਕਿਰਿਆ ਦਾ ਇੰਤਜ਼ਾਰ  ਕਰ ਰਹੇ ਹਨ। ਖਸਤਾ ਹਾਲ ਕੂਲ ਰੋਡ ਦੇ ਕਾਰਨ ਖੇਤਰ ਦੇ ਕਾਂਗਰਸੀ ਆਗੂਆਂ  ਨੂੰ ਮੁਸ਼ਕਲਾਂ  ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਾਂਗਰਸੀ ਆਗੂ ਸੁਦੇਸ਼ ਵਿਜ ਨੇ ਮੰਗ ਕੀਤੀ ਹੈ  ਕਿ ਨਗਰ ਨਿਗਮ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਜਲਦੀ ਤੋਂ ਜਲਦੀ ਕੂਲ ਰੋਡ ਦਾ ਨਿਰਮਾਣ  ਪੂਰਾ ਕਰਵਾਏ ਕਿਉਂਕਿ ਜੇਕਰ ਸਰਦੀ ਸ਼ੁਰੂ ਹੋ ਗਈ ਤਾਂ ਲੁੱਕ ਦੀ ਕੁਆਲਿਟੀ ’ਤੇ ਅਸਰ ਪਵੇਗਾ।
 


Related News