ਨਗਰ ਨਿਗਮ ਨੇ 50 ਲੱਖ ਦਾ ਬਣਾਇਆ ਐਸਟੀਮੇਟ, ਠੇਕੇਦਾਰ ਉਸੇ ਕੰਮ ਨੂੰ ਘੱਟ ਕੀਮਤ ’ਚ ਕਰਨ ਲਈ ਰਾਜ਼ੀ

Sunday, May 05, 2024 - 09:47 AM (IST)

ਨਗਰ ਨਿਗਮ ਨੇ 50 ਲੱਖ ਦਾ ਬਣਾਇਆ ਐਸਟੀਮੇਟ, ਠੇਕੇਦਾਰ ਉਸੇ ਕੰਮ ਨੂੰ ਘੱਟ ਕੀਮਤ ’ਚ ਕਰਨ ਲਈ ਰਾਜ਼ੀ

ਜਲੰਧਰ (ਖੁਰਾਣਾ) – ਪੰਜਾਬ ਸਰਕਾਰ ਨੇ ਹਾਲ ਹੀ ਵਿਚ ਜਲੰਧਰ ਨਗਰ ਨਿਗਮ ਵੱਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਥਰਡ ਪਾਰਟੀ ਜਾਂਚ ਦਾ ਜ਼ਿੰਮਾ ਮਹਾਰਾਸ਼ਟਰ ਦੀ ਕੰਪਨੀ ਸ਼੍ਰੀਖੰਡੇ ਨੂੰ ਸੌਂਪਿਆ ਹੈ, ਜਿਸ ਨੇ ਮੌਕੇ ’ਤੇ ਜਾ ਕੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।

ਪਤਾ ਲੱਗਾ ਹੈ ਕਿ ਸ਼੍ਰੀਖੰਡੇ ਕੰਪਨੀ ਦੀ ਜਾਂਚ ਦੌਰਾਨ ਕਈ ਥਾਵਾਂ ’ਤੇ ਠੇਕੇਦਾਰਾਂ ਵੱਲੋਂ ਘਟੀਆ ਮਟੀਰੀਅਲ ਦੀ ਵਰਤੋਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼੍ਰੀਖੰਡੇ ਕੰਪਨੀ ਨਗਰ ਨਿਗਮ ਵੱਲੋਂ ਕਰਵਾਏ ਜਾਣ ਵਾਲੇ ਸਾਰੇ ਕੰਮਾਂ ਦੀ ਜਾਂਚ ਤਾਂ ਕਰੇਗੀ ਹੀ ਪਰ ਇਸ ਕੰਪਨੀ ਦੇ ਰਾਡਾਰ ’ਤੇ ਉਹ ਠੇਕੇਦਾਰ ਜ਼ਿਆਦਾ ਹੋਣਗੇ, ਜਿਨ੍ਹਾਂ ਨੇ ਬਹੁਤ ਜ਼ਿਆਦਾ ਡਿਸਕਾਊਂਟ ਦੇ ਕੇ ਨਗਰ ਨਿਗਮ ਦੇ ਟੈਂਡਰ ਲਏ ਹੋਏ ਹਨ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਨੇ ਵਿਕਾਸ ਕਾਰਜਾਂ ਦੀ ਇਕ ਲਿਸਟ ਤਿਆਰ ਕੀਤੀ ਸੀ, ਜਿਸ ਦੇ ਆਧਾਰ ’ਤੇ ਇਸ ਸਾਲ ਫਰਵਰੀ ਮਹੀਨੇ ਟੈਂਡਰਾਂ ਦੇ ਵਰਕਆਰਡਰ ਜਾਰੀ ਕਰ ਦਿੱਤੇ ਗਏ ਸਨ। ਇਨ੍ਹਾਂ ਕੰਮਾਂ ਦੇ ਟੈਂਡਰ 2023 ਵਿਚ ਲਾਏ ਗਏ ਸਨ। ਪਤਾ ਲੱਗਾ ਹੈ ਕਿ 45 ਕੰਮਾਂ ਵਾਲੀ ਸੂਚੀ ਵਿਚ ਵਧੇਰੇ ਠੇਕੇਦਾਰਾਂ ਨੇ 40 ਫੀਸਦੀ ਤੋਂ ਵੱਧ ਦੇ ਡਿਸਕਾਊਂਟ ਆਫਰ ਕਰ ਕੇ ਕੰਮ ਖੋਹੇ ਹਨ। ਇਸ ਕਾਰਨ ਨਗਰ ਨਿਗਮ ਨਾਲ ਸਬੰਧਤ ਖੇਤਰ ਵਿਚ ਚਰਚਾ ਹੈ ਕਿ ਜਾਂ ਤਾਂ ਐਸਟੀਮੇਟ ਹੀ ਗਲਤ ਬਣਾਏ ਗਏ ਹਨ ਜਾਂ ਇੰਨਾ ਜ਼ਿਆਦਾ ਡਿਸਕਾਊਂਟ ਦੇ ਕੇ ਕੰਮਾਂ ਦੀ ਕੁਆਲਿਟੀ ਦੇ ਪਾਉਣਾ ਅਤੇ ਨਿਯਮਾਂ ਅਨੁਸਾਰ ਕੰਮ ਕਰ ਪਾਉਣਾ ਅਸੰਭਵ ਜਿਹਾ ਜਾਪ ਰਿਹਾ ਹੈ। ਫਿਰ ਵੀ ਦੇਖਣਾ ਹੋਵੇਗਾ ਕਿ 40 ਫੀਸਦੀ ਤੋਂ ਵੱਧ ਡਿਸਕਾਊਂਟ ਵਾਲੇ ਕੰਮ ਸ਼੍ਰੀਖੰਡੇ ਕੰਪਨੀ ਦੀ ਜਾਂਚ ਵਿਚ ਕਿਵੇਂ ਪਾਸ ਹੋ ਪਾਉਂਦੇ ਹਨ।

ਖਾਸ ਗੱਲ ਇਹ ਹੈ ਕਿ ਨਗਰ ਨਿਗਮ ਨੇ ਪਿੰਡ ਬੜਿੰਗ ਵਿਚ ਗਲੀਆਂ ਦੇ ਨਿਰਮਾਣ ਦਾ ਕੰਮ 49.92 ਲੱਖ ਰੁਪਏ ਦਾ ਲਾਇਆ ਸੀ ਪਰ ਠੇਕੇਦਾਰ ਨੇ ਉਹ ਕੰਮ 28.82 ਲੱਖ ਵਿਚ ਲਿਆ ਹੈ, ਜਿਸ ਨਾਲ ਨਿਗਮ ਨੂੰ ਤਾਂ 21 ਲੱਖ ਰੁਪਏ ਤੋਂ ਵੱਧ ਦੀ ਸੇਵਿੰਗ ਹੋ ਜਾਵੇਗੀ ਪਰ ਠੇਕੇਦਾਰ ਕੰਮ ਦੀ ਕੁਆਲਿਟੀ ਕਿੱਥੋਂ ਲਿਆਵੇਗਾ, ਇਹ ਸਮਝ ਤੋਂ ਪਰ੍ਹੇ ਹੈ।

ਇਨ੍ਹਾਂ ਕੰਮਾਂ ਦੀ ਕੁਆਲਿਟੀ ’ਤੇ ਥਰਡ ਪਾਰਟੀ ਦੀ ਰਹੇਗੀ ਨਜ਼ਰ

-ਪਿੰਡ ਬੜਿੰਗ ਓਲਡ ਫਗਵਾੜਾ ਰੋਡ ਦੇ ਨੇੜੇ ਗਲੀਆਂ ਦਾ ਨਿਰਮਾਣ : ਸੇਵਿੰਗ 42.25 ਫੀਸਦੀ

-ਪਿੰਡ ਬੜਿੰਗ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਗਲੀਆਂ ਦਾ ਨਿਰਮਾਣ : ਸੇਵਿੰਗ 42.02 ਫੀਸਦੀ

-ਪਿੰਡ ਲੱਧੇਵਾਲੀ ਵਿਚ ਗਲੀਆਂ ਦਾ ਨਿਰਮਾਣ : ਸੇਵਿੰਗ 41.11 ਫੀਸਦੀ

-ਪਾਰਕ ਐਵੇਨਿਊ ਵਿਚ ਗਲੀਆਂ ਦਾ ਨਿਰਮਾਣ : ਸੇਵਿੰਗ 41.96 ਫੀਸਦੀ

-ਗੁਰੂ ਨਾਨਕਪੁਰਾ ਈਸਟ ਅਤੇ ਵੈਸਟ ਵਿਚ ਗਲੀਆਂ ਦਾ ਨਿਰਮਾਣ : ਸੇਵਿੰਗ 41.96 ਫੀਸਦੀ

-ਪਿੰਡ ਧੰਨੋਵਾਲੀ ਵਿਚ ਗਲੀਆਂ ਦਾ ਨਿਰਮਾਣ : ਸੇਵਿੰਗ 41.96 ਫੀਸਦੀ

-ਮਾਡਰਨ ਅਸਟੇਟ ਪਿੰਡ ਦਕੋਹਾ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਗਲੀਆਂ ਦਾ ਨਿਰਮਾਣ : ਸੇਵਿੰਗ 41.96 ਫੀਸਦੀ

-ਸਿੱਧੂ ਐਨਕਲੇਵ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਗਲੀਆਂ ਦਾ ਨਿਰਮਾਣ : ਸੇਵਿੰਗ 41.96 ਫੀਸਦੀ

-ਕੋਹਲੀ ਗੈਸ ਏਜੰਸੀ ਚੌਗਿੱਟੀ ਨੇੜੇ ਸੜਕ ਦਾ ਨਿਰਮਾਣ : ਸੇਵਿੰਗ 40.96 ਫੀਸਦੀ

-ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਗਲੀਆਂ ਦਾ ਨਿਰਮਾਣ : ਸੇਵਿੰਗ 40.11 ਫੀਸਦੀ

-ਪਿੰਡ ਪਰਾਗਪੁਰ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਗਲੀਆਂ ਦਾ ਨਿਰਮਾਣ : ਸੇਵਿੰਗ 40 ਫੀਸਦੀ

-ਨਿਊ ਰਤਨ ਨਗਰ ਆਟਾ ਚੱਕੀ ਵਾਲੀ ਗਲੀ ਦਾ ਨਿਰਮਾਣ : ਸੇਵਿੰਗ 40 ਫੀਸਦੀ

-ਰਾਜਾ ਗਾਰਡਨ ਦੀਆਂ ਗਲੀਆਂ ਦਾ ਨਿਰਮਾਣ : ਸੇਵਿੰਗ 40 ਫੀਸਦੀ

-ਪੰਜਪੀਰ ਕਾਲੋਨੀ ਵਿਚ ਸੜਕਾਂ ਦਾ ਨਿਰਮਾਣ : ਸੇਵਿੰਗ 40 ਫੀਸਦੀ

-ਬਾਬੂ ਜਗਜੀਵਨ ਰਾਮ ਚੌਕ ਨੇੜੇ ਸਰਵਿਸ ਲੇਨ ਦਾ ਨਿਰਮਾਣ : ਸੇਵਿੰਗ 40 ਫੀਸਦੀ

-ਬੂਟਾ ਮੰਡੀ ਹੱਡਾਰੋੜੀ ਨੇੜੇ ਸੜਕ ਦਾ ਨਿਰਮਾਣ : ਸੇਵਿੰਗ 40 ਫੀਸਦੀ

-ਅਵਤਾਰ ਨਗਰ ਦੀਆਂ ਗਲੀਆਂ ਦਾ ਨਿਰਮਾਣ : ਸੇਵਿੰਗ 39 ਫੀਸਦੀ

-ਬਸਤੀ ਦਾਨਿਸ਼ਮੰਦਾਂ ਆਨੰਦ ਸਵੀਟਸ ਦੇ ਨੇੜੇ ਸੜਕ ਦਾ ਨਿਰਮਾਣ : ਸੇਵਿੰਗ 38.69 ਫੀਸਦੀ

-ਭਾਰਤ ਨਗਰ ਵਿਚ ਇੰਟਰਲਾਕਿੰਗ ਟਾਈਲਾਂ ਨਾਲ ਸੜਕਾਂ ਦਾ ਨਿਰਮਾਣ : ਸੇਵਿੰਗ 38.88 ਫੀਸਦੀ

-ਸ਼ਾਂਤੀਪੁਰਾ ਵਿਚ ਗਲੀਆਂ ਦਾ ਨਿਰਮਾਣ : ਸੇਵਿੰਗ 38.39 ਫੀਸਦੀ

-ਬਸ਼ੀਰਪੁਰਾ ਸ਼ਮਸ਼ਾਨਘਾਟ ਨੇੜੇ ਗਲੀਆਂ ਦਾ ਨਿਰਮਾਣ : ਸੇਵਿੰਗ 38 ਫੀਸਦੀ।

ਮੁੱਖ ਮੰਤਰੀ ਦੀ ਗ੍ਰਾਂਟ ਨਾਲ ਹੋਏ ਕੰਮਾਂ ਦੀ ਜ਼ਿਆਦਾ ਚੈਕਿੰਗ ਨਹੀਂ ਹੋਈ

ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਜਲੰਧਰ ਸ਼ਹਿਰ ਦੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 50 ਕਰੋੜ ਰੁਪਏ ਦੀ ਵਿਸ਼ੇੇਸ਼ ਗ੍ਰਾਂਟ ਜਾਰੀ ਕੀਤੀ ਸੀ, ਿਜਸ ਦੇ ਕੰਮ ਜਲੰਧਰ ਨਗਰ ਨਿਗਮ ਵੱਲੋਂ ਵੱਖ-ਵੱਖ ਠੇਕੇਦਾਰਾਂ ਤੋਂ ਕਰਵਾਏ ਗਏ।

ਗ੍ਰਾਂਟ ਦੇ ਉਨ੍ਹਾਂ ਕੰਮਾਂ ਵਿਚ ਵੀ ਠੇਕੇਦਾਰਾਂ ਨੇ ਕਾਫੀ ਡਿਸਕਾਊਂਟ ਭਰਿਆ ਸੀ, ਜਿਸ ਕਾਰਨ ਪੰਜਾਬ ਸਰਕਾਰ ਨੇ ਚੀਫ ਇੰਜੀਨੀਅਰ ਭੇਜ ਕੇ ਉਨ੍ਹਾਂ ਐਸਟੀਮੇਟਾਂ ਦੀ ਚੈਕਿੰਗ ਤਕ ਕਰਵਾਈ ਸੀ। ਉਸ ਜਾਂਚ ਦੌਰਾਨ ਕਈ ਐਸਟੀਮੇਟ ਫਾਲਤੂ ਪਾਏ ਗਏ ਸਨ ਪਰ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਚੀਫ ਇੰਜੀਨੀਅਰ ਦੀ ਰਿਪੋਰਟ ਨੂੰ ਨਜ਼ਰਅੰਦਾਜ਼ ਕਰਦਿਆਂ ਵਧੇਰੇ ਕੰਮ ਕਰਵਾ ਲਏ, ਜਿਨ੍ਹਾਂ ਦੀ ਕੋਈ ਖਾਸ ਲੋੜ ਹੀ ਨਹੀਂ ਸੀ।

ਦੋਸ਼ ਲੱਗ ਰਹੇ ਹਨ ਕਿ ਮੁੱਖ ਮੰਤਰੀ ਦੀ ਗ੍ਰਾਂਟ ਨਾਲ ਵੀ ਠੇਕੇਦਾਰਾਂ ਵੱਲੋਂ ਘਟੀਆ ਪੱਧਰ ਦੇ ਕੰਮ ਕੀਤੇ ਗਏ ਕਿਉਂਕਿ ਉਸ ਸਮੇਂ ਜਾਂਚ ਏਜੰਸੀ ਨੇ ਕੰਮਾਂ ਦੀ ਕੁਆਲਿਟੀ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਹੁਣ ਕਿਉਂਕਿ ਸ਼੍ਰੀਖੰਡੇ ਕੰਪਨੀ ਵੱਲੋਂ ਨਿਗਮ ਦੇ ਠੇਕੇਦਾਰਾਂ ਦੇ ਕੰਮਾਂ ਦੀ ਜਾਂਚ ਕੀਤੀ ਜਾਵੇਗੀ, ਇਸ ਲਈ ਠੇਕੇਦਾਰਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ ਅਤੇ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਉਹ ਠੇਕੇਦਾਰ ਹਨ, ਜਿਨ੍ਹਾਂ ਨੇ 40 ਫੀਸਦੀ ਤੋਂ ਵੀ ਜ਼ਿਆਦਾ ਡਿਸਕਾਊਂਟ ਆਫਰ ਕਰ ਕੇ ਕੰਮ ਲਏ ਹੋਏ ਹਨ।

ਹੁਣ ਵਧੇਰੇ ਠੇਕੇਦਾਰ ਆਪਣੇ ਕੰਮਾਂ ਨੂੰ ਸ਼ੁਰੂ ਨਹੀਂ ਕਰ ਪਾ ਰਹੇ ਕਿਉਂਕਿ ਚੈਕਿੰਗ ਦੌਰਾਨ ਉਨ੍ਹਾਂ ਦਾ ਘਟੀਆ ਮਟੀਰੀਅਲ ਫੜਿਆ ਜਾ ਸਕਦਾ ਹੈ।


author

Harinder Kaur

Content Editor

Related News