ਨਾਜਾਇਜ਼ ਬਿਲਡਿੰਗ ਨੂੰ ਸੀਲ ਕਰਨ ਦੇ ਮਾਮਲੇ ’ਚ ਇੰਸਪੈਕਟਰ ਨੇ ਅਧਿਕਾਰੀਆਂ ਦੀਆਂ ਅੱਖਾਂ ’ਚ ਪਾਈ ਧੂੜ
Saturday, May 25, 2024 - 03:37 PM (IST)
ਲੁਧਿਆਣਾ (ਹਿਤੇਸ਼)- ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਜੁੜਿਆ ਮਾਮਲਾ ਜ਼ੋਨ-ਡੀ ’ਚ ਸਾਹਮਣੇ ਆਇਆ ਹੈ, ਜਿੱਥੇ ਆਤਮ ਪਾਰਕ ਪੁਲਸ ਚੌਕੀ ਸਾਹਮਣੇ ਅਬਦੁੱਲਾਪੁਰ ਬਸਤੀ ਇਲਾਕੇ ’ਚ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਬਿਲਡਿੰਗ ਦੇ ਨਿਰਮਾਣ ਲਈ ਨਗਰ ਨਿਗਮ ਤੋਂ ਨਕਸ਼ਾ ਤਾਂ ਪਾਸ ਕਰਵਾਇਆ ਗਿਆ ਹੈ ਪਰ ਬੇਸਮੈਂਟ ਦੀ ਖੁਦਾਈ ਨਿਯਮਾਂ ਮੁਤਾਬਕ ਨਹੀਂ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼ਿਕਾਇਤ ਮਿਲਣ ’ਤੇ ਏ. ਟੀ. ਪੀ. ਵੱਲੋਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਹ ਖ਼ਬਰ ਵੀ ਪੜ੍ਹੋ - ਅੰਡਰ ਗਰਾਊਂਡ ਕੇਬਲ ਵਿਛਾਉਣ ਲਈ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਪੁੱਟ ਦਿੱਤੀ ਸੜਕ, ਪੁਲਸ ਕੋਲ ਪੁੱਜਾ ਮਾਮਲਾ
ਇਸ ਤੋਂ ਬਾਅਦ ਇੰਸਪੈਕਟਰ ਕਿਰਨਦੀਪ ਸਿੰਘ ਵੱਲੋਂ ਬਿਲਡਿੰਗ ਨੂੰ ਸੀਲ ਕਰਨ ਦਾ ਦਾਅਵਾ ਕੀਤਾ ਗਿਆ, ਜਦਕਿ ਅਸਲੀਅਤ ਇਹ ਹੈ ਕਿ ਆਲ੍ਹਾ ਅਧਿਕਾਰੀਆਂ ਦੀਆਂ ਅੱਖਾਂ ’ਚ ਧੂੜ ਝੋਕਣ ਲਈ ਬੰਦ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਇਸ ਸਬੰਧ ਵਿਚ ਏ. ਟੀ. ਪੀ. ਮੋਹਨ ਸਿੰਘ ਦਾ ਕਹਿਣਾ ਹੈ ਕਿ ਸਾਈਟ ’ਤੇ ਚੈਕਿੰਗ ਕਰਨ ਦੌਰਾਨ ਇੰਸਪੈਕਟਰ ਦੀ ਲਾਪ੍ਰਵਾਹੀ ਸਾਹਮਣੇ ਆਉਣ ’ਤੇ ਕਾਰਵਾਈ ਕਰਨ ਲਈ ਆਲ੍ਹਾ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਭੇਜੀ ਜਾਵੇਗੀ।
ਕਮਿਸ਼ਨਰ ਦੀ ਚੈਕਿੰਗ ਦੌਰਾਨ ਖੁੱਲ੍ਹ ਚੁੱਕੀ ਹੈ ਮਾਡਲ ਟਾਊਨ ’ਚ ਕਾਰਵਾਈ ਨਾ ਹੋਣ ਦੀ ਪੋਲ
ਜ਼ੋਨ-ਡੀ ਦੇ ਇੰਸਪੈਕਟਰ ਕਿਰਨਦੀਪ ਸਿੰਘ ਕੋਲ ਮਾਡਲ ਟਾਊਨ ਏਰੀਆ ਦਾ ਵੀ ਚਾਰਜ ਹੈ, ਜਿੱਥੇ 2 ਦਿਨ ਪਹਿਲਾਂ ਇੰਸਪੈਕਟਰ ਵੱਲੋਂ ਖੁਦ ਫੀਲਡ ’ਚ ਉਤਰ ਕੇ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਿਹਾਇਸ਼ੀ ਇਲਾਕੇ ’ਚ ਨਾਜਾਇਜ਼ ਤੌਰ ’ਤੇ ਕਮਰਸ਼ੀਅਲ ਬਿਲਡਿੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਪਰ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਦੇ ਨਿਰਮਾਣ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਅਤੇ ਨਾ ਹੀ ਫੀਸ ਜਮ੍ਹਾ ਕਰ ਕੇ ਰੈਗੂਲਰ ਕਰਨ ਦਾ ਨਿਯਮ ਹੈ। ਭਾਵੇਂ ਇਨ੍ਹਾਂ ’ਚੋਂ ਕੁਝ ਬਿਲਡਿੰਗਾਂ ’ਤੇ ਸੀਲਿੰਗ ਅਤੇ ਤੋੜਨ ਦੀ ਕਾਰਵਾਈ ਕੀਤੀ ਗਈ ਹੈ, ਜੋ ਕੁਝ ਦੇਰ ਬਾਅਦ ਬਣ ਕੇ ਤਿਆਰ ਹੋ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸੋਸ਼ਲ ਮੀਡੀਆ 'ਤੇ ਵਾਇਰਲ ਲੈਟਰ ਨੇ ਕਾਂਗਰਸ 'ਚ ਪਾਈਆਂ ਭਾਜੜਾਂ! ਰਾਜਾ ਵੜਿੰਗ ਨੇ ਦੱਸੀ ਅਸਲੀਅਤ
ਇਨ੍ਹਾਂ ’ਚ ਮੁੱਖ ਤੌਰ ’ਤੇ ਇਸ਼ਮੀਤ ਚੌਕ ਤੋਂ ਕ੍ਰਿਸ਼ਨਾ ਮੰਦਰ ਤੱਕ ਜਾਣ ਵਾਲੀ ਰੋਡ ’ਤੇ 10 ਜਨਵਰੀ ਨੂੰ ਸੀਲ ਕੀਤੀ ਗਈ ਇਕ ਬਿਲਡਿੰਗ ’ਚ ਕੁਲਚਾ ਕਲਚਰ ਅਤੇ ਇਕ ਬਿਲਡਿੰਗ ’ਚ ਡਿਟੇਲਿੰਗ ਸਟੂਡੀਓ ਖੁੱਲ੍ਹ ਗਿਆ ਹੈ, ਜਿਸ ਨੂੰ ਲੈ ਕੇ ਕਮਿਸ਼ਨਰ ਵੱਲੋਂ ਏ. ਟੀ. ਪੀ. ਤੋਂ ਰਿਪੋਰਟ ਮੰਗੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8