ਵਾਲਮੀਕਿ ਮਜ਼੍ਹਬੀ ਸਿੱਖ ਸਮਾਜ ਨੇ ਕਾਂਗਰਸ ਨੂੰ ਅਜੇ ਟ੍ਰੇਲਰ ਹੀ ਦਿਖਾਇਆ, ਫਿਲਮ ਤਾਂ ਬਾਕੀ ਹੈ : ਚੰਦਨ ਗਰੇਵਾਲ

05/25/2019 6:49:49 PM

ਜਲੰਧਰ (ਜ. ਬ.)— ਵਾਲਮੀਕਿ ਮਜ਼੍ਹਬੀ ਸਿੱਖ ਸਮਾਜ ਨੇ ਕਾਂਗਰਸ ਨੂੰ ਲੋਕ ਸਭਾ ਚੋਣਾਂ 'ਚ ਅਜੇ ਟ੍ਰੇਲਰ ਦਿਖਾਇਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੂਰੀ ਫਿਲਮ ਦੇਖਣ ਨੂੰ ਮਿਲੇਗੀ। ਉਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਪ ਪ੍ਰਧਾਨ ਚੰਦਨ ਗਰੇਵਾਲ ਨੇ ਕਹੇ। ਚੰਦਨ ਨੇ ਕਿਹਾ ਕਿ ਵਾਲਮੀਕਿ ਸਮਾਜ ਨੇ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਸਬਕ ਸਿਖਾ ਦਿੱਤਾ ਹੈ। ਹਾਲਾਂਕਿ ਦੂਜੀ ਵਾਰ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸੰਤੋਖ ਚੌਧਰੀ ਦਾ ਚੌਧਰਪੁਣਾ ਕੱਢ ਦਿੱਤਾ। ਇਸ ਕਾਰਨ ਉਨ੍ਹਾਂ ਦੀ ਲੀਡ 70 ਹਜ਼ਾਰ ਤੋਂ ਘੱਟ ਹੋ ਕੇ ਸਿਰਫ 19 ਹਜ਼ਾਰ ਤੱਕ ਸਿਮਟ ਚੁੱਕੀ ਹੈ। ਗਰੇਵਾਲ ਨੇ ਵਾਲਮੀਕਿ ਸਮਾਜ ਸਮੇਤ ਸਾਰੇ ਸ਼ਹਿਰ ਵਾਸੀਆਂ ਦਾ ਅਕਾਲੀ ਦਲ-ਭਾਜਪਾ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਭਰਪੂਰ ਪਿਆਰ ਦੇਣ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਵਧਾਈ ਦਿੱਤੀ।

ਗਰੇਵਾਲ ਨੇ ਸੰਸਦ ਮੈਂਬਰ ਚੌਧਰੀ 'ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਚੌਧਰੀ ਕਹਿੰਦੇ ਸਨ ਕਿ 400 ਵਾਲਮੀਕਿ ਹਨ। ਜੇਕਰ ਉਹ ਵੋਟ ਨਹੀਂ ਪਾਉਣਗੇ ਤਾਂ ਕੋਈ ਫਰਕ ਨਹੀਂ ਪਵੇਗਾ ਪਰ ਅੱਜ ਚੌਧਰੀ ਦੇ ਕਥਨ ਦਾ ਕਾਂਗਰਸ ਹਸ਼ਰ ਦੇਖ ਲਏ। ਨਾਰਥ ਸੈਂਟਰਲ, ਵੈਸਟ ਤੇ ਕੈਂਟ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਨੂੰ ਕਰੀਬ ਹਰੇਕ ਬੂਥ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 32 ਹਜ਼ਾਰ ਦੀ ਲੀਡ ਜਿੱਤਣ ਵਾਲੇ ਕਾਂਗਰਸੀ ਵਿਧਾਇਕਾਂ ਨੇ 6-6 ਹਜ਼ਾਰ ਨਾਲ ਕਰਾਰੀ ਹਾਰ ਦਾ ਮੂੰਹ ਦੇਖਿਆ। ਗਰੇਵਾਲ ਨੇ ਦੱਸਿਆ ਕਿ ਇਤਿਹਾਸ ਗਵਾਹ ਹੈ ਕਿ ਵਾਲਮੀਕਿ ਮਜ਼੍ਹਬੀ ਸਿੱਖ ਸਮਾਜ ਦੇ ਟੁੱਟਣ ਨਾਲ ਕਾਂਗਰਸ ਦਾ ਹਸ਼ਰ ਬੁਰਾ ਹੋਇਆ ਹੈ।
2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਗਵਾਹ ਹਨ ਕਿ ਜਦੋਂ ਵਾਲਮੀਕਿ ਸਮਾਜ ਨੇ ਕਾਂਗਰਸ ਦਾ ਵਿਰੋਧ ਕੀਤਾ ਸੀ। ਇਸ ਦੌਰਾਨ 2007 ਵਿਚ ਕਾਂਗਰਸ ਨੂੰ 9 'ਚੋਂ ਸਿਰਫ ਇਕ ਵਿਧਾਨ ਸਭਾ ਹਲਕਾ ਤੋਂ ਜਿੱਤ ਮਿਲੀ ਸੀ। ਉਥੇ 2012 'ਚ ਕਾਂਗਰਸ ਦਾ ਸਾਰੇ 9 ਹਲਕਿਆਂ ਤੋਂ ਬਿਸਤਰਾ ਗੋਲ ਹੋ ਗਿਆ ਸੀ ਅਤੇ ਗਠਜੋੜ ਨੂੰ ਕਲੀਨ ਸਵੀਪ ਹਾਸਲ ਹੋਈ।

ਗਰੇਵਾਲ ਨੇ ਕਿਹਾ ਕਿ ਅਜੇ ਅਕਾਲੀ ਦਲ-ਭਾਜਪਾ ਦਾ ਟਾਰਗੇਟ 2022 ਦੇ ਵਿਧਾਨ ਸਭਾ ਚੋਣ ਹੋਣਗੇ ਅਤੇ ਵਾਲਮੀਕਿ ਸਮਾਜ ਪੂਰੇ ਜੋਸ਼ ਨਾਲ ਪੰਜਾਬ 'ਚ ਗਠਜੋੜ ਦੀ ਸਰਕਾਰ ਬਣਾ ਕੇ ਪ੍ਰਧਾਨ ਮੰਤਰੀ ਮੋਦੀ ਦਾ ਹੱਥ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਚੌਧਰੀ ਦੇ ਹੰਕਾਰ ਨੂੰ ਫਿਲੌਰ ਦੇ ਲੋਕਾਂ ਨੇ ਤੋੜ ਦਿੱਤਾ ਹੈ। 3 ਦਹਾਕਿਆਂ ਤੋਂ ਹਲਕੇ 'ਤੇ ਰਾਜ ਕਰਨ ਦੇ ਬਾਵਜੂਦ ਫਿਲੌਰ 'ਚੋਂ ਉਨ੍ਹਾਂ ਨੂੰ ਸਿਰਫ ਇਕ ਹਜ਼ਾਰ ਦੀ ਲੀਡ ਮਿਲੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਹਲਕਾ ਤੋਂ ਦੂਜੀ ਵਾਰ ਚੋਣ ਲੜ ਰਹੇ ਸੰਤੋਖ ਚੌਧਰੀ ਦਾਅਵਾ ਕਰਦੇ ਸਨ ਕਿ ਉਹ 1.50 ਲੱਖ ਵੋਟਾਂ ਦੇ ਫਰਕ ਨਾਲ ਜਿੱਤਣਗੇ ਪਰ ਅੱਜ ਹੰਕਾਰ ਨਾਲ ਭਰੇ ਚੌਧਰੀ ਪਰਿਵਾਰ ਦਾ ਭਰਮ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਪ੍ਰਧਾਨ, ਰਾਜਨ ਸੱਭਰਵਾਲ ਵੀ ਮੌਜੂਦ ਸਨ।


shivani attri

Content Editor

Related News