ਤਾਮਿਲਨਾਡੂ ’ਚ 7 ਸਿੱਖ ਉਮੀਦਵਾਰ ਚੋਣ ਮੈਦਾਨ ’ਚ, ਕਿਸਾਨ ਅੰਦੋਲਨ ਨਾਲ ਹੈ ਸਬੰਧ

04/05/2024 2:58:30 PM

ਜਲੰਧਰ/ਤਾਮਿਲਨਾਡੂ- 2021 ਦੇ ਦਿੱਲੀ ਕਿਸਾਨ ਅੰਦੋਲਨ ’ਚ ਸਿੱਖਾਂ ਦੀ ਹਿੱਸੇਦਾਰੀ ਤੋਂ ਪ੍ਰੇਰਣਾ ਲੈਂਦੇ ਹੋਏ ਬਹੁਜਨ ਦ੍ਰਵਿੜ ਪਾਰਟੀ (ਬੀ. ਡੀ. ਪੀ.) ਨੇ ਤਾਮਿਲਨਾਡੂ ’ਚ 7 ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਕ ਨਵਾਂ ਸੋਸ਼ਲ ਇੰਜੀਨੀਅਰਿੰਗ ਤਜਰਬਾ ਕਰਦੇ ਹੋਏ ਪਾਰਟੀ ਨੇ ਸਿੱਖ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਇੱਥੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮੂਲ ਤੌਰ ’ਤੇ ਵੱਖ-ਵੱਖ ਧਰਮਾਂ ਨਾਲ ਸਬੰਧ ਰੱਖਣ ਵਾਲੇ ਇਨ੍ਹਾਂ ਸਾਰੇ ਉਮੀਦਵਾਰਾਂ ਨੇ ਕਿਸਾਨਾਂ ਦੇ ਵਿਖਾਵੇ ਵਿਚ ਹਿੱਸਾ ਲੈਣ ਤੋਂ ਬਾਅਦ ਸਿੱਖ ਧਰਮ ਅਪਣਾ ਲਿਆ ਹੈ।

ਇਨ੍ਹਾਂ ਸੀਟਾਂ ’ਤੇ ਲੜਨਗੇ ਚੋਣ

ਇਨ੍ਹਾਂ 7 ਉਮੀਦਵਾਰਾਂ ’ਚ ਸੇਲਵਾਕੁਮਾਰ ਉਰਫ ਸੇਲਵਾ ਸਿੰਘ (27) ਤਿਰੂਨੇਲਵੇਲੀ ਚੋਣ ਹਲਕੇ ਤੋਂ ਚੋਣ ਲੜ ਰਹੇ ਹਨ, ਜਦੋਂਕਿ ਪਲਾਨੀਸਾਮੀ ਸਿੰਘ (36) ਵਿਰੁਧੁਨਗਰ ਤੋਂ, ਰਾਜਨ ਸਿੰਘ (60) ਕੰਨਿਆਕੁਮਾਰੀ ਤੋਂ, ਸੀਤਾ ਕੌਰ (52) ਤੇਨਕਾਸੀ ਤੋਂ, ਮਣੀਵਾਸਗਮ (46) ਰਾਮਨਾਥਪੁਰਮ ਤੋਂ, ਥੁਥੁਕੁਡੀ ਤੋਂ ਅਸੀਰਿਆਰ ਸ਼ਨਮੁਗਸੁੰਦਰਮ ਸਿੰਘ (37) ਅਤੇ ਮਦੁਰੈ ਚੋਣ ਹਲਕੇ ਤੋਂ ਨਾਗਾ ਵਾਮਸਾ ਪਾਂਡਿਅਨ ਸਿੰਘ (30) ਚੋਣ ਮੈਦਾਨ ਵਿਚ ਹਨ। ਤਿਰੂਨੇਲਵੇਲੀ ਤੋਂ ਖੜ੍ਹੇ ਉਮੀਦਵਾਰ ਨੂੰ ‘ਸੱਤ ਕਿਰਨਾਂ ਵਾਲਾ ਪੈਨ ਨਿੱਬ’ ਪ੍ਰਤੀਕ ਦਿੱਤਾ ਗਿਆ ਹੈ, ਜਦੋਂਕਿ ਹੋਰ ਉਮੀਦਵਾਰ ‘ਹੀਰਾ’ ਪ੍ਰਤੀਕ ਚਿੰਨ੍ਹ ’ਤੇ ਚੋਣ ਲੜਨਗੇ।

ਪਹਿਲਾਂ ਬਸਪਾ ’ਚ ਸਨ ਪਾਰਟੀ ਦੇ ਸੰਸਥਾਪਕ

ਬੀ. ਡੀ. ਪੀ. ਦੇ ਸੰਸਥਾਪਕ ਜੀਵਨ ਸਿੰਘ ਥੁਥੁਕੁਡੀ ਤੋਂ ਹਨ। ਉਹ ਪਹਿਲਾਂ ਬੋਧ ਧਰਮ ਦੇ ਪੈਰੋਕਾਰ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਨੋਰਥ ਸਿੱਖ ਧਰਮ ਦੇ ਮਾਧਿਅਮ ਰਾਹੀਂ ਸੱਭਿਆਚਾਰਕ ਪਛਾਣ ਕਾਇਮ ਕਰ ਕੇ ਜ਼ਮੀਨੀ ਪੱਧਰ ’ਤੇ ਸਮਾਜਿਕ ਤਬਦੀਲੀ ਲਿਆਉਣਾ ਹੈ। ਜੀਵਨ ਸਿੰਘ ਮੁਤਾਬਕ ਪਾਰਟੀ ਦਾ ਮੁੱਢਲਾ ਸਿਧਾਂਤ ‘ਬੇਗਮਪੁਰਾ ਕਲਸ਼ਾ ਰਾਜ’ ਦੀ ਸਥਾਪਨਾ ਕਰਨਾ ਹੈ, ਜਿਸ ਦਾ ਪੰਜਾਬੀ ’ਚ ਮਤਲਬ ਭੇਦ-ਭਾਵ ਤੋਂ ਮੁਕਤ ਸੂਬਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਐੱਸ. ਸੀ./ਐੱਸ. ਟੀ., ਓ. ਬੀ. ਸੀ. ਤੇ ਧਾਰਮਿਕ ਘੱਟ ਗਿਣਤੀਆਂ ਦੇ ਸਸ਼ਕਤੀਕਰਨ ਲਈ ਕੰਮ ਕਰਦੀ ਹੈ, ਜੋ ਭਾਰਤ ’ਚ ਆਬਾਦੀ ਦਾ 95 ਫੀਸਦੀ ਹਿੱਸਾ ਹਨ। ਜੀਵਨ ਸਿੰਘ ਪਹਿਲਾਂ ਬਸਪਾ ਵਿਚ ਸਨ ਪਰ ਪਾਰਟੀ ਦੀ ਮਹਾਪੁਰਸ਼ ਸੂਚੀ ’ਚੋਂ ਪੇਰਿਆਰ ਦੀ ਫੋਟੋ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਬਸਪਾ ਛੱਡ ਦਿੱਤੀ ਸੀ ਅਤੇ 2019 ’ਚ ਬਹੁਜਨ ਦ੍ਰਵਿੜ ਪਾਰਟੀ ਦੀ ਸਥਾਪਨਾ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News