ਪੰਜਾਬ ਦੀ ਸਿਆਸਤ ’ਚ ਅਜੇ ਹੋਰ ਟੁੱਟ-ਭੱਜ ਹੋਣੀ ਬਾਕੀ! ਕਈ ਲੀਡਰ ਪਾਰਟੀ ਬਦਲਣ ਦੀ ਤਿਆਰੀ 'ਚ
Wednesday, Apr 24, 2024 - 11:00 AM (IST)

ਜਲੰਧਰ (ਧਵਨ)- ਪੰਜਾਬ ਦੀ ਸਿਆਸਤ ’ਚ ਅਜੇ ਹੋਰ ਟੁੱਟ-ਭੱਜ ਹੋਣੀ ਬਾਕੀ ਹੈ। ਪਿਛਲੇ ਇਕ ਹਫਤੇ ’ਚ ਕਈ ਦਿੱਗਜ਼ ਆਗੂਆਂ ਨੇ ਆਪਣੀਆਂ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਪਾਲਾ ਬਦਲ ਲਿਆ ਹੈ। ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ 1 ਜੂਨ ਨੂੰ ਪੈਣੀਆਂ ਹਨ ਅਤੇ ਲੰਬੀ ਚੋਣ ਪ੍ਰਕਿਰਿਆ ਹੋਣ ਦੇ ਕਾਰਨ ਦਲ-ਬਦਲ ਨੂੰ ਲਗਾਤਾਰ ਹੁਲਾਰਾ ਮਿਲ ਰਿਹਾ ਹੈ। ਸਿਆਸੀ ਪਾਰਟੀਆਂ ਨੂੰ ਚੋਣਾਂ ਲੜਨ ਲਈ ਆਗੂਆਂ ਦੀ ਘਾਟ ਮਹਿਸੂਸ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਾਜਪਾ ਨੂੰ ਲੱਗਿਆ ਵੱਡਾ ਝਟਕਾ! SC ਮੋਰਚਾ ਦੇ ਮੀਤ ਪ੍ਰਧਾਨ ਰੋਬਿਨ ਸਾਂਪਲਾ 'ਆਪ' 'ਚ ਸ਼ਾਮਲ
ਆਮ ਆਦਮੀ ਪਾਰਟੀ ਨੇ ਜਿਥੇ ਇਕ ਪਾਸੇ ਸਾਰੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤਾਂ ਉੱਥੇ ਹੀ ਵਿਰੋਧੀ ਪਾਰਟੀਆਂ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਅਜੇ ਵੀ ਉਮੀਦਵਾਰਾਂ ਦੀ ਚੋਣ ਕਰਨ ’ਚ ਲੱਗੀਆਂ ਹੋਈਆਂ ਹਨ। ਇਸ ਸਮੇਂ ਸਭ ਤੋਂ ਵੱਧ ਸਿਆਸੀ ਧਮਾਕੇ ਕਾਂਗਰਸ ’ਚ ਹੋ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਵੱਖ-ਵੱਖ ਆਗੂਆਂ ਨੂੰ ਆਮ ਆਦਮੀ ਪਾਰਟੀ ’ਚ ਲਿਆਉਣ ’ਚ ਲੱਗੇ ਹੋਏ ਹਨ।
ਪੰਜਾਬ ’ਚ ਚੋਣ ਨੋਟੀਫਿਕੇਸ਼ਨ ਮਈ ਦੇ ਪਹਿਲੇ ਹਫਤੇ ’ਚ ਜਾਰੀ ਹੋਣਾ ਹੈ, ਜਿਸ ’ਚ ਅਜੇ ਵੀ ਕਾਫੀ ਸਮਾਂ ਬਾਕੀ ਹੈ। ਇਸ ਲਈ ਸਿਆਸੀ ਹਲਕਿਆਂ ’ਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ’ਚ ਅਜੇ ਟੁੱਟ-ਭੱਜ ਦਾ ਕਾਰਜ ਬਾਕੀ ਹੈ ਅਤੇ ਇਸ ਲਈ ਵੱਖ-ਵੱਖ ਸਿਆਸੀ ਆਗੂ ਇਕ-ਦੂਜੇ ਨਾਲ ਸੰਪਰਕ ਕਰਨ ’ਚ ਲੱਗੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਇਕ-ਦੋ ਵੱਡੇ ਆਗੂ ਆਉਣ ਵਾਲੇ ਦਿਨਾਂ ’ਚ ਪਾਲਾ ਬਦਲ ਸਕਦੇ ਹਨ। ਇਹ ਆਗੂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਸੰਪਰਕ ’ਚ ਦੱਸੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਅੰਦਰ ਵੀ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੁਝ ਹੋਰ ਆਗੂਆਂ ਨੂੰ ‘ਆਪ’ ’ਚ ਸ਼ਾਮਲ ਕਰ ਸਕਦੇ ਹਨ। ਇਸ ਲਈ ਕਈ ਵਿਰੋਧੀ ਆਗੂਆਂ ਨੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਨੇੜਲਿਆਂ ਨਾਲ ਸੰਪਰਕ ਬਣਾਇਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪਟਿਆਲਾ 'ਚ ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜਣ ਦੇ ਮਾਮਲੇ 'ਚ ਆਇਆ ਨਵਾਂ ਮੋੜ
ਸਿਆਸੀ ਹਲਕਿਆਂ ’ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਹੁਣ ਆਗੂਆਂ ਅੱਗੇ ਪੰਜਾਬ ’ਚ ਕਾਫੀ ਬਦਲ ਮੌਜੂਦ ਹਨ। ਸੂਬੇ ’ਚ ਇਸ ਸਮੇਂ ‘ਆਪ’, ਕਾਂਗਰਸ, ਭਾਜਪਾ, ਅਕਾਲੀ ਦਲ ਸਣੇ ਹੋਰ ਸਿਆਸੀ ਪਾਰਟੀਆਂ ਮੌਜੂਦ ਹਨ। ਇਸ ਲਈ ਜਿਸ ਆਗੂ ਨੂੰ ਟਿਕਟ ਨਹੀਂ ਮਿਲਦੀ, ਉਹ ਦੂਜੀ ਪਾਰਟੀ ’ਚ ਚਲਿਆ ਜਾਂਦਾ ਹੈ। ਪਹਿਲੀ ਵਾਰ ਪੰਜਾਬ ਦੇ ਚੋਣ ਦ੍ਰਿਸ਼ ’ਚ ਲੋਕਾਂ ਨੂੰ ਭਾਰੀ ਉਲਟਫੇਰ ਤੇ ਦਲ-ਬਦਲ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਨਹੀਂ ਤਾਂ ਇਸ ਤੋਂ ਪਹਿਲਾਂ ਸਾਰੀਆਂ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ ਹੁੰਦੀਆਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8