ਕੀ ਇਸ ਵਾਰ ਕਲਾਕਾਰ ਨੂੰ ਮੌਕਾ ਦੇਣਗੇ ਫਰੀਦਕੋਟ ਦੇ ਲੋਕ? ਕਾਂਗਰਸ ਤੇ ਅਕਾਲੀ ਦਲ ਨੇ ਅਜੇ ਨਹੀਂ ਖੋਲ੍ਹੇ ਪੱਤੇ

04/01/2024 10:21:19 AM

ਬਾਘਾ ਪੁਰਾਣਾ (ਅਜੇ)- 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਅਤੇ ਕਈ ਲੀਡਰ ਆਪਣੇ-ਆਪਣੇ ਫਾਇਦਿਆਂ ਨੂੰ ਦੇਖਦੇ ਹੋਏ ਇਕ-ਦੂਸਰੀ ਪਾਰਟੀ ਵਿਚ ਟਪੂਸੀਆਂ ਮਾਰ ਰਹੇ ਹਨ, ਜਿਸ ਕਰ ਕੇ ਲੋਕਾਂ ਵਿਚ ਅਜਿਹੇ ਲੀਡਰਾਂ ਪ੍ਰਤੀ ਰੋਸ ਵੀ ਪਾਇਆ ਜਾ ਰਿਹਾ ਹੈ। ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ਵੱਲੋਂ ਹੁਣ ਤੱਕ ਲਗਭਗ 8 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਦਿੱਤੀ ਗਈ, ਜਿਸ ਵਿਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਗਰੀ ਯਾਰ ਪ੍ਰਸਿੱਧ ਕਲਾਕਾਰ ਅਤੇ ਕਾਮੇਡੀਅਨ ਕਰਮਜੀਤ ਸਿੰਘ ਅਨਮੋਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਅਤੇ 'ਆਪ' ਵੱਲੋਂ ਲੱਗਭਗ ਵਿਸਾਖੀ ਦੇ ਨੇੜ-ਤੇੜ ਦੂਜੀ ਸੂਚੀ ਐਲਾਨੇ ਜਾਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲ ਸਕਦੇ ਨੇ ਸਿਆਸੀ ਸਮੀਕਰਨ, 'ਆਪ'-ਕਾਂਗਰਸ ਤੇ ਅਕਾਲੀ-ਭਾਜਪਾ ਵਿਚਾਲੇ ਹੋ ਸਕਦੈ ਗੱਠਜੋੜ!

ਐਲਾਨੇ ਗਏ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਜੋ ਪਹਿਲੀ ਵਾਰ ਆਪਣੇ ਦਮ ’ਤੇ ਪੰਜਾਬ ਵਿਚ ਲੋਕ ਸਭਾ ਚੋਣ ਲੜ ਰਹੀ ਹੈ, ਵੱਲੋਂ ਪੰਜਾਬ ਵਿਚ ਆਪਣੇ 6 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਟਿਕਟ ਦੇ ਕੇ ਨਿਵਾਜਿਆ ਹੈ, ਜੇਕਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੋਹਾਂ ਪਾਰਟੀਆਂ ਨੇ ਅਜੇ ਤੱਕ ਉਮੀਦਵਾਰਾਂ ਸਬੰਧੀ ਆਪਣੇ ਪੱਤੇ ਨਹੀਂ ਖੋਲ੍ਹੇ।

ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਕਿਸੇ ਵੀ ਸੈਲੀਬ੍ਰਿਟੀ ਨੂੰ ਲੋਕ ਸਭਾ ਦੀਆਂ ਪੌੜੀਆਂ ਚੜਾਉਣ ਦੇ ਮੂਡ ਵਿਚ ਨਹੀਂ ਹਨ ਕਿਉਂਕਿ ਜਦੋਂ ਪਹਿਲੀ ਵਾਰ ਗੁਰਦਾਸਪੁਰ ਤੋਂ ਭਾਜਪਾ ਦੀ ਸੀਟ ’ਤੇ ਗੁਰਦਾਸਪੁਰੀਆ ਨੇ ਸੰਨੀ ਦਿਉਲ ਨੂੰ ਆਪਣੇ ਵਿਰੋਧੀਆਂ ਤੋਂ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਭੇਜਿਆ ਸੀ ਤਾਂ ਜਿੱਤਣ ਤੋਂ ਬਾਅਦ ਸੰਨੀ ਦਿਉਲ ਨੇ ਆਪਣੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਦੂਰੀ ਬਣਾਈ ਰੱਖੀ, ਜਿਸ ਕਰ ਕੇ ਗੁਰਦਾਸਪੁਰ ਦੇ ਲੋਕ ਇਸ ਤੋਂ ਖਫ਼ਾ ਸਨ ਤਾਂ ਗੁੱਸੇ ਵਿਚ ਲੋਕਾਂ ਨੇ ਸੰਨੀ ਦਿਉਲ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਤੱਕ ਕੰਧਾਂ ਉਪਰ ਚਿਪਕਾ ਦਿੱਤੇ ਸਨ, ਪਰ ਇਸ ਵਾਰ ਫਿਰ 2024 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਲੋਕ ਕਲਾਕਾਰ ਕਰਮਜੀਤ ਸਿੰਘ ਅਨਮੋਲ ਅਤੇ ਭਾਜਪਾ ਵਲੋਂ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ, ਕਿਉਂਕਿ ਰਾਜਨੀਤਿਕ ਪਾਰਟੀਆਂ ਨੂੰ ਭੁਲੇਖਾ ਹੈ ਕਿ ਜੇਕਰ ਉਹ ਕਿਸੇ ਸੈਲੀਬ੍ਰਿਟੀ ਨੂੰ ਚੋਣ ਮੈਦਾਨ ਵਿਚ ਉਤਾਰਦੇ ਹਨ ਤਾਂ ਉਸ ਦੀ ਜਿੱਤ ਯਕੀਨੀ ਹੈ, ਇਸ ਲਈ ਹੀ ਆਪ ਅਤੇ ਭਾਜਪਾ ਵਲੋਂ ਸੈਲੀਬ੍ਰਿਟੀ ਨੂੰ ਚੋਣ ਮੈਦਾਨ ਵਿਚ ਆਣ ਖੜਾ ਕੀਤਾ ਹੈ, ਹੁਣ ਦੇਖਣਾ ਹੈ ਇਹ ਹੈ ਕਿ ਲੋਕ ਸੈਲੀਬ੍ਰਿਟੀ ਨੂੰ ਜਿਤਾ ਕੇ ਲੋਕ ਸਭਾ ਭੇਜਦੇ ਹਨ ਜਾਂ ਨਹੀਂ ਇਹ ਤਾਂ ਚੋਣ ਨਤੀਜਿਆਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਜਿਥੋਂ ਤੱਕ ਉਮੀਦ ਹੈ ਕਿ ਜਿਸ ਤਰ੍ਹਾਂ ਗੁਰਦਾਸਪੁਰ ਦੇ ਲੋਕ ਮੌਜੂਦਾ ਸੰਸਦ ਮੈਂਬਰ ਸੰਨੀ ਦਿਉਲ ਦੀ ਕਾਰਗੁਜਾਰੀ ਤੋਂ ਖਫ਼ਾ ਹਨ, ਉਸ ਤਰੀਕੇ ਨਾਲ ਇਸ ਵਾਰ ਲੋਕ ਸੈਲੀਬ੍ਰਿਟੀ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ।

ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ

ਕਾਂਗਰਸ ਪਾਰਟੀ ਦੇ ਦਾਅਵੇਦਾਰਾਂ ਦੀ ਲਾਈਨ ਵੀ ਲੰਮੀ

ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਨ ਵਾਲੇ ਦਾਅਵੇਦਾਰਾਂ ਦੀ ਵੀ ਲੰਮੀ ਲਾਈਨ ਹੈ, ਜਿਨ੍ਹਾਂ ਵਿਚ ਸਭ ਤੋਂ ਮੂਹਰੇ ਨਾਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਜਾਂ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਸਾਹੋਕੇ ਦੇ ਇਲਾਵਾ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਪਰਮਿੰਦਰ ਸਿੰਘ ਡਿੰਪਲ ਵੱਲੋਂ ਪੂਰੀ ਜ਼ੋਰ-ਅਜ਼ਮਾਇਸ਼ ਕੀਤੀ ਜਾ ਰਹੀ ਹੈ, ਪਰ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਫਰੀਦਕੋਟ ਹਲਕੇ ਦੇ ਨਾਲ ਸਬੰਧਤ ਆਗੂ ਨੂੰ ਟਿਕਟ ਨਾਲ ਨਿਵਾਜ਼ਦੀ ਹੈ ਜਾਂ ਨਹੀਂ।

ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤ ਦਾਅਵੇਦਾਰ ਰਣਧੀਰ ਸਿੰਘ ਥਰਾਜ

ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਦੇ ਆਗੂਆਂ ਵੱਲੋਂ ਲੋਕ ਸਭਾ ਚੋਣਾਂ ਸਬੰਧੀ ਤਿਆਰੀਆਂ ਵਿੱਢੀਆਂ ਹੋਈਆਂ ਹਨ, ਜਿਸ ਕਰ ਕੇ ਉਨ੍ਹਾਂ ਵਲੋਂ ਗਰਾਉਂਡ ਲੈਵਲ ’ਤੇ ਵਰਕਰ ਮਿਲਣੀਆਂ ਕਰਨ ਦੇ ਨਾਲ-ਨਾਲ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਤਾਂ ਜੋ ਲੋਕ ਸਭਾ ਫਰੀਦਕੋਟ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਈ ਜਾ ਸਕੇ, ਪਰ ਅਜੇ ਤੱਕ ਪਾਰਟੀ ਹਾਈਕਮਾਂਡ ਵਲੋਂ ਸੂਬੇ ਵਿਚ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ ਅਤੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਥਰਾਜ ਪਿੰਡ ਦੇ ਸਾਬਕਾ ਸਰਪੰਚ ਰਣਧੀਰ ਸਿੰਘ ਥਰਾਜ ਜੋ ਪਿਛਲੇ ਲੰਮੇ ਸਮੇਂ ਪਾਰਟੀ ਲਈ ਕੰਮ ਕਰ ਰਹੇ ਹਨ ਪਾਰਟੀ ਲਈ ਮਜ਼ਬੂਤ ਦਾਅਵੇਦਾਰ ਮੰਨ੍ਹੇ ਜਾ ਰਹੇ ਹਨ ਅਤੇ ਪਾਰਟੀ ਆਗੂ ਅਤੇ ਵਰਕਰ ਕਹਿ ਰਹੇ ਹਨ ਕਿ ਆਪਣੇ ਵਿਰੋਧੀਆਂ ਨੂੰ ਤੱਕੜੀ ਟੱਕਰ ਦੇਣ ਲਈ ਰਣਧੀਰ ਸਿੰਘ ਥਰਾਜ ਮਜ਼ਬੂਤ ਦਾਅਵੇਦਾਰ ਉਮੀਦਵਾਰ ਮੰਨ੍ਹੇ ਜਾ ਰਹੇ ਹਨ। ਰਣਧੀਰ ਸਿੰਘ ਥਰਾਜ ਦੇ ਇਲਾਵਾ ਰਾਜਵਿੰਦਰ ਸਿੰਘ ਅਤੇ ਕੋਟ ਭਾਈ ਵੱਲੋਂ ਵੀ ਦਾਅਵੇਦਾਰੀ ਪ੍ਰਗਟਾਈ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਦੇਸ਼ ਦੀ ਸਰਹੱਦ ਦੀ ਰਾਖੀ ਕਰਨ ਵਾਲਾ ਸਾਬਕਾ ਫ਼ੌਜੀ ਸ਼ੰਭੂ ਬਾਰਡਰ 'ਤੇ ਹੋਇਆ 'ਸ਼ਹੀਦ'

ਆਪਣੇ ਹੀ ਬਣ ਸਕਦੇ ਨੇ ਕਾਂਗਰਸ ਅਤੇ ਅਕਾਲੀਆਂ ਦੀ ਹਾਰ ਦਾ ਕਾਰਨ

ਆਪ ਅਤੇ ਭਾਜਪਾ ਵੱਲੋਂ ਫਰੀਦਕੋਟ ਦੀ ਸੀਟ ਜਿੱਤਣ ਲਈ ਸੈਲੀਬ੍ਰਿਟੀ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ, ਪਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਅਤੇ ਹਲਕੇ ਦੇ ਲੋਕਾਂ ਵਿਚ ਚਰਚਾਵਾਂ ਦਾ ਗਰਮ ਬਾਜ਼ਾਰ ਹੈ ਕਿ ਇਸ ਵਾਰ ਲੋਕ ਸੈਲੀਬ੍ਰਿਟੀ ਨੂੰ ਬਾਹਰਲਾ ਰਸਤਾ ਦਿਖਾਉਣਗੇ, ਉਸ ਹਿਸਾਬ ਦੇ ਨਾਲ ਕਾਂਗਰਸੀ ਅਤੇ ਅਕਾਲੀ ਸੈਲੀਬ੍ਰਿਟੀ ਨੂੰ ਮੈਦਾਨ ਵਿਚ ਉਤਾਰਨ ਦੇ ਮੂਡ ਵਿਚ ਨਹੀਂ ਹੈ ਅਤੇ ਫਰੀਦਕੋਟ ਹਲਕੇ ਨਾਲ ਸਬੰਧਤ ਲੋਕਲ ਆਗੂ ਨੂੰ ਉਮੀਦਵਾਰ ਬਣਾਏ ਜਾਣ ਦੇ ਹੱਕ ਵਿਚ ਹੈ, ਜੇਕਰ ਅਜਿਹਾ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਫਰੀਦਕੋਟ ਸੀਟ ਕੱਢ ਸਕਦਾ ਹੈ, ਕਿਉਂਕਿ ਕਾਂਗਰਸ ਪਾਰਟੀ ਆਪਸੀ ਖਿੱਚੋਤਾਣ ਕਾਂਗਰਸ ਉਮੀਦਵਾਰ ਦਾ ਹਾਰ ਦਾ ਕਾਰਣ ਬਣ ਸਕਦੀ ਹੈ। ਜੇਕਰ ਕਾਂਗਰਸ ਜਾਂ ਅਕਾਲੀਆਂ ਦੇ ਹੱਥੋਂ ਇਹ ਸੀਟ ਜਾਂਦੀ ਹੈ ਤਾਂ ਇਸ ਹਾਰ ਦਾ ਕਾਰਣ ਉਨ੍ਹਾਂ ਦੇ ਆਪਣੇ ਹੀ ਬਣ ਸਕਦੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News