'ਆਪ' ਦੇ ਰਾਸ਼ਟਰੀ ਬੁਲਾਰੇ ਗਰੇਵਾਲ ਦੇ ਕਾਂਗਰਸ ਭਵਨ 'ਚ ਦੌਰੇ ਨੇ ਛੇੜੀ ਨਵੀਂ ਚਰਚਾ, ਝਾੜੂ ਛੱਡ ਫੜ ਸਕਦੇ ਨੇ 'ਹੱਥ'
Wednesday, Apr 17, 2024 - 10:39 PM (IST)
ਲੁਧਿਆਣਾ (ਵਿੱਕੀ) - ਲੰਬੇ ਸਮੇਂ ਤੋਂ ਅਟਕੀ ਆਪ ਲੁਧਿਆਣਾ ਦੀ ਲੋਕ ਸਭਾ ਸੀਟ ’ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਨਾਮ ’ਤੇ ਮੋਹਰ ਲਗਦੇ ਹੀ ਆਪ ਵਿਚ ਅੰਦਰੂਨੀ ਵਿਰੋਧ ਸ਼ੁਰੂ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਕ ਆਪ ਦੇ ਰਾਸ਼ਟਰੀ ਬੁਲਾਰੇ ਅਹਬਾਬ ਸਿੰਘ ਗਰੇਵਾਲ ਕਿਸੇ ਵੀ ਸਮੇਂ ਝਾੜੂ ਦਾ ਸਾਥ ਛੱਡ ਕੇ ਕਾਂਗਰਸ ਦਾ ਹੱਥ ਫੜ ਸਕਦੇ ਹਨ। ਇਸ ਗੱਲ ਦੀ ਚਰਚਾ ਉਦੋਂ ਸ਼ੁਰੂ ਹੋਈ, ਜਦੋਂ ਅਹਬਾਬ ਗਰੇਵਾਲ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ-15 ਵਿਚ ਪੰਜਾਬ ਕਾਂਗਰਸ ਭਵਨ ਵਿਚ ਦੇਖੇ ਗਏ।
ਦੱਸਿਆ ਜਾ ਰਿਹਾ ਹੈ ਕਿ ਗਰੇਵਾਲ ਕਾਫੀ ਸਮੇਂ ਤੱਕ ਕਾਂਗਰਸ ਭਵਨ ਵਿਚ ਰਹੇ ਅਤੇ ਉਨ੍ਹਾਂ ਦੀ ਨੇਤਾ ਵਿਰੋਧੀ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਬੰਦ ਕਮਰਾ ਮੀਟਿੰਗ ਵੀ ਹੋਈ। ਇਸ ਮੀਟਿੰਗ ਵਿਚ ਯੂਥ ਕਾਂਗਰਸ ਦੇ ਨੇਤਾ ਰੂਬੀ ਗਿੱਲ ਵੀ ਮੌਜੂਦ ਰਹੇ। ਸੂਤਰ ਦੱਸਦੇ ਹਨ ਕਿ ਲੁਧਿਆਣਾ ਲੋਕ ਸਭਾ ਸੀਟ ’ਤੇ ਆਪ ਦੀ ਟਿਕਟ ’ਤੇ ਅਹਬਾਬ ਸਿੰਘ ਗਰੇਵਾਲ ਚੋਣ ਲੜਨ ਦੇ ਇੱਛਕ ਸਨ ਜਿਸ ਦੇ ਲਈ ਉਨ੍ਹਾਂ ਦੀ ਪਾਰਟੀ ਲੀਡਰਸ਼ਿਪ ਨਾਲ ਵੀ ਗੱਲ ਹੋਈ ਸੀ ਪਰ ਮੰਗਲਵਾਰ ਨੂੰ ਵਿਧਾਇਕ ਪਰਾਸ਼ਰ ਦੀ ਟਿਕਟ ਦਾ ਐਲਾਨ ਹੁੰਦੇ ਹੀ ਗਰੇਵਾਲ ਦੇ ਹਮਾਇਤੀ ਵੀ ਨਿਰਾਸ਼ ਹੋ ਗਏ ਪਰ ਗਰੇਵਾਲ ਨੇ ਹਮਾਇਤੀਆਂ ਨੂੰ 2 ਦਿਨ ਤੱਕ ਇੰਤਜ਼ਾਰ ਕਰਨ ਲਈ ਕਿਹਾ ਸੀ। ਇਸ ਤੋਂ ਅਗਲੇ ਹੀ ਦਿਨ ਮਤਲਬ ਅੱਜ ਗਰੇਵਾਲ ਦੇ ਪੰਜਾਬ ਕਾਂਗਰਸ ਭਵਨ ਵਿਚ ਦੇਖੇ ਜਾਣ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ।
ਇਹ ਵੀ ਪੜ੍ਹੋ- ਪਰਮਿੰਦਰ ਢੀਂਡਸਾ ਨੇ ਸਾਦੇ ਢੰਗ ਨਾਲ ਮਨਾਈ ਵਿਆਹ ਦੀ 24ਵੀਂ ਵਰ੍ਹੇਗੰਢ, ਦੇਖੋ ਤਸਵੀਰਾਂ
ਦੱਸ ਦੇਈਏ ਕਿ ਅਹਬਾਬ ਆਪ ਵੱਲੋਂ 2017 ਵਿਚ ਹਲਕਾ ਵੈਸਟ ਵਿਚ ਸਾਬਕਾ ਮੰਤਰੀ ਆਸ਼ੂ ਖਿਲਾਫ ਚੋਣ ਲੜ ਚੁੱਕੇ ਹਨ ਜਿਸ ਵਿਚ ਉਨ੍ਹਾਂ ਨੂੰ ਕਰੀਬ 30 ਹਜ਼ਾਰ ਵੋਟ ਮਿਲਣ ਕਾਰਨ ਉਹ ਦੂਜੇ ਸਥਾਨ ’ਤੇ ਰਹੇ ਸਨ। ਗੱਲ ਕਰਨ ’ਤੇ ਅਹਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਣ ਜਾ ਰਹੇ, ਸਗੋਂ ਅੱਜ ਚੰਡੀਗੜ੍ਹ ਵਿਚ ਰੂਬੀ ਗਿੱਲ ਦੇ ਸੱਦੇ ’ਤੇ ਕਾਂਗਰਸ ਭਵਨ ਵਿਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਚਾਹ ਪੀਣ ਗਏ ਸਨ ਅਤੇ ਉਹ ਪਹਿਲਾਂ ਵੀ ਉਥੇ ਜਾਂਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਛੱਡ ਕੇ ਕਿਸੇ ਦੂਜੀ ਪਾਰਟੀ ਵਿਚ ਜਾਵਾਂਗਾ ਤਾਂ ਪਹਿਲਾਂ ਘੋਸ਼ਣਾ ਕਰਨ ਤੋਂ ਬਾਅਦ ਅਜਿਹਾ ਕਦਮ ਚੁੱਕਾਂਗਾ ਪਰ ਹਾਲ ਦੀ ਘੜੀ ਆਪ ਵਿਚ ਹੀ ਹਾਂ। ਭਵਿੱਖ ਵਿਚ ਆਪ ਨੂੰ ਛੱਡਣ ਦਾ ਕੋਈ ਚਾਂਸ ਹੋਣ ਬਾਰੇ ਪੁੱਛੇ ਜਾਣ ’ਤੇ ਗਰੇਵਾਲ ਨੇ ਗੱਲ ਨੂੰ ਘੁਮਾਉਂਦੇ ਹੋਏ ਇੰਨਾ ਹੀ ਕਿਹਾ ਕਿ ਚਾਂਸ ਤਾਂ ਉਨ੍ਹਾਂ ਨੂੰ ਆਪ ਵੱਲੋਂ ਲੋਕ ਸਭਾ ਚੋਣਾਂ ਦੀ ਟਿਕਟ ਮਿਲਣ ਦੇ ਵੀ ਸਨ ਪਰ ਨਹੀਂ ਮਿਲੀ। ਗਰੇਵਾਲ ਦੀ ਇਹ ਗੱਲ ਸਾਫ ਸੰਕੇਤ ਹੈ ਕਿ ਆਪ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਵਿਚ ਨਾਰਾਜ਼ਗੀ ਤਾਂ ਜ਼ਰੂਰ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e