ਕਾਂਗਰਸ ਛੱਡ ਭਾਜਪਾ ''ਚ ਜਾਣ ਵਾਲੇ ਚੌਧਰੀ ਪਰਿਵਾਰ ''ਤੇ ਸਾਬਕਾ CM ਚੰਨੀ ਨੇ ਵਿਨ੍ਹਿਆ ਨਿਸ਼ਾਨਾ, ਕਿਹਾ- ''ਅੱਜ ਤਾਂ...''
Sunday, Apr 21, 2024 - 04:57 AM (IST)
ਚੰਡੀਗੜ੍ਹ (ਅੰਕੁਰ )- ਪਿਛਲੇ ਕਈ ਦਿਨਾਂ ਤੋਂ ਚੌਧਰੀ ਪਰਿਵਾਰ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਐਲਾਨੇ ਜਾਣ ਕਾਰਨ ਕਾਂਗਰਸ ਹਾਈਕਮਾਨ ਨਾਲ ਨਾਰਾਜ਼ ਚੱਲ ਰਿਹਾ ਸੀ। ਉਨ੍ਹਾਂ ਦੀਆਂ ਕਈ ਵਾਰ ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵੀ ਛਿੜੀਆਂ ਸਨ, ਜੋ ਕਿ ਸੱਚ ਸਾਬਿਤ ਹੋਈਆਂ ਹਨ। ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਲੜ ਫੜ ਲਿਆ ਹੈ।
ਅਜਿਹੇ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਦੇ ਨਾਲ ਮਿਲ ਲੋਕਾਂ ਦੇ ਕਈ ਕੰਮ ਕੀਤੇ ਜਿਸ ਕਾਰਨ ਕਾਂਗਰਸ ਨੇ ਵੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੱਡੇ-ਵੱਡੇ ਅਹੁਦੇ ਦਿੱਤੇ ਸਨ। ਪਰ ਹੁਣ ਮੌਜੂਦਾ ਹਾਲਾਤ 'ਚ ਚੌਧਰੀ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਵਿਕਰਮਜੀਤ ਸਿੰਘ ਨੇ ਜੋ ਕੁਝ ਕੀਤਾ ਹੈ, ਉਸ ਨੇ ਚੌਧਰੀ ਪਰਿਵਾਰ ਦਾ ਸਾਰਾ ਇਤਿਹਾਸ ਹੀ ਤਹਿਸ-ਨਹਿਸ ਕਰ ਦਿੱਤਾ ਹੈ। ਅੱਜ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਰੂਹ ਵੀ ਰੋ ਰਹੀ ਹੋਵੇਗੀ।
ਇਹ ਵੀ ਪੜ੍ਹੋ- ਸ਼ਾਰਟ ਸਰਕਟ ਕਾਰਨ ਖੇਤ 'ਚ ਲੱਗੀ ਅੱਗ, ਡੇਢ ਏਕੜ ਕਣਕ ਦੀ ਫਸਲ ਸੜ ਕੇ ਹੋਈ ਸੁਆਹ
ਚੰਨੀ ਨੇ ਅੱਗੇ ਕਿਹਾ ਕਿਹਾ ਕਿ ਚੌਧਰੀ ਸੰਤੋਖ ‘ਭਾਰਤ ਜੋੜੋ ਯਾਤਰਾ’ ਦੌਰਾਨ ਆਪਣਾ ਸਰੀਰ ਤਿਆਗ ਗਏ ਸਨ ਪਰ ਉਨ੍ਹਾਂ ਦੀ ਆਤਮਾ ਸਾਡੇ ਵਿਚਕਾਰ ਜ਼ਿੰਦਾ ਸੀ। ਪਰ ਚੌਧਰੀ ਪਰਿਵਾਰ ਨੇ ਆਪਣੇ ਲਾਲਚ ਤੇ ਲਾਲਸਾ ਦੀ ਪੂਰਤੀ ਲਈ ਜੋ ਕੰਮ ਕੀਤਾ ਹੈ, ਉਸ ਨੇ ਉਨ੍ਹਾਂ ਨੂੰ ਮਾਰ ਦਿੱਤਾ ਹੈ। ਚੰਨੀ ਨੇ ਕਿਹਾ ਕਿ ਚੌਧਰੀ ਪਰਿਵਾਰ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਪੁੱਤਰ ਹੀ ਸੀ ਜਿਸ ਨੇ ਮਹਾਭਾਰਤ ਕਰਵਾ ਕੇ ਪਰਿਵਾਰ ਦਾ ਨਾਸ਼ ਕਰ ਦਿੱਤਾ ਸੀ। ਚੌਧਰੀ ਸੰਤੋਖ ਦੀ ਪਤਨੀ ਤੇ ਪੁੱਤਰ ਦੇ ਅੜੀਅਲ ਤੇ ਹੰਕਾਰੀ ਰਵੱਈਏ ਨੇ ਆਪਣੇ ਪਰਿਵਾਰ ਦਾ ਸਿਆਸੀ ਜੀਵਨ ਖਤਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਚੌਧਰੀ ਪਰਿਵਾਰ ਨੇ 100 ਸਾਲ ਕਾਂਗਰਸ ਦੀ ਸੇਵਾ ਕੀਤੀ ਹੈ। ਮਾ. ਗੁਰਬੰਤਾ ਸਿੰਘ, ਚੌਧਰੀ ਜਗਜੀਤ ਸਿੰਘ, ਚੌਧਰੀ ਸੰਤੋਖ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਉਹ ਸਤਿਕਾਰ ਕਰਦੇ ਹਨ। ਚੌਧਰੀ ਪਰਿਵਾਰ ’ਚ ਇਕ ਵਿਧਾਇਕ ਹੈ, ਉਹ ਪਾਰਟੀ ਨਾਲ ਜੁੜੇ ਰਹਿੰਦੇ। ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਪਰ ਉਨ੍ਹਾਂ ਦੀ ਪਤਨੀ ਤੇ ਪੁੱਤਰ ਨੇ ਜਲੰਧਰ ਤੇ ਪੰਜਾਬ ਨੂੰ ਹੀ ਨਹੀਂ ਸਗੋਂ ਆਪਣੀ ਕੌਮ ਨੂੰ ਬਦਨਾਮ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e