ਟਾਂਡਾ ਦੇ ਗੰਨ ਹਾਊਸ ’ਚ ਵਾਪਰੇ ਦੋਹਰੇ ਕਤਲ ਕਾਂਡ ਦਾ ਮੁਲਜ਼ਮ ਕਾਬੂ

09/21/2018 1:53:19 AM

 ਟਾਂਡਾ ਉਡ਼ਮੁਡ਼,   (ਜ. ਬ. ਪੰਡਿਤ, ਗੁਪਤਾ, ਮੋਮੀ, ਜਸਵਿੰਦਰ)-  ਟਾਂਡਾ ’ਚ ਬੀਤੇ ਦਿਨ ਗੰਨ ਹਾਊਸ ’ਚ ਹੋਏ ਗੋਲੀ ਕਾਂਡ ਪਿੱਛੇ ਕਾਰਨ ਮ੍ਰਿਤਕ ਅੌਰਤ ਦਲਵੀਰ ਕੌਰ ਅਤੇ ਗੰਨ ਹਾਊਸ ਦੇ ਮਾਲਕ ਵਿਚ ਨਾਜਾਇਜ਼ ਸਬੰਧ ਸਨ ਜਿਸ ਦੇ ਵਿਰੋਧ ਵਿਚ  ਗੰਨ ਹਾਊਸ ਦੇ ਮਾਲਕ ਦੇ ਨੌਜਵਾਨ ਪੁੱਤਰ ਨੇ ਹੀ ਗੁੱਸੇ ’ਚ ਆ ਕੇ ਦੋਨਾਂ ਅੌਰਤਾਂ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਸੀ।ਇਹ ਖੁਲਾਸਾ ਦੋਸ਼ੀ ਨੌਜਵਾਨ ਦੇ ਪੁਲਸ ਅਡ਼ਿੱਕੇ ਆਉਣ ਤੋਂ ਬਾਅਦ ਹੋਇਆ ਹੈ। 
 ਦੋਹਰੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਮਾਮਲੇ  ਬਾਰੇ  ਲੋਕਾਂ ’ਚ ਵੀ ਇਹੋ ਜਿਹੀਆਂ ਗੱਲਾਂ ਸਨ। ਗੋਲੀ ਕਾਂਡ ਦੇ ਦੋਸ਼ੀ ਗੰਨ ਹਾਊਸ ਦੇ ਮਾਲਕ ਦੇ ਪੁੱਤਰ ਅਮਨਪ੍ਰੀਤ ਸਿੰਘ ਸੋਨੂੰ ਨਿਵਾਸੀ ਚਾਹਲ ਨੇ 18 ਸਤੰਬਰ ਦੀ ਦੁਪਹਿਰ ਨੂੰ ਆਪਣੇ ਗੰਨ ਹਾਊਸ ਵਿਚ ਆਈਆਂ ਦੋ ਅੌਰਤਾਂ ਦਲਵੀਰ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਝਾਵਾਂ ਅਤੇ ਉਸ ਦੀ ਨਣਾਨ ਐੱਨ. ਆਰ. ਆਈ. ਸਰਬਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਨਿਵਾਸੀ ਪਿੱਪਲਾਂਵਾਲਾ, ਹੁਸ਼ਿਆਰਪੁਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਖੁਦ ਫਰਾਰ ਹੋ ਗਿਆ ਸੀ। ਟਾਂਡਾ ਪੁਲਸ ਨੇ ਸੋਨੂੰ ਖਿਲਾਫ਼ ਕਤਲ ਅਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕੀਤੀ ਸੀ, ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। 
 ਅੱਜ ਦੇਰ ਸ਼ਾਮ ਡੀ. ਐੱਸ. ਪੀ. ਦਫ਼ਤਰ ਟਾਂਡਾ ’ਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਸੀ. ਆਈ. ਏ. ਇੰਚਾਰਜ ਯਾਦਵਿੰਦਰ ਸਿੰਘ ਵੀ ਮੌਜੂਦ ਸਨ।
ਕੀ ਬਣੀ ਦੋਹਰੇ ਕਤਲ ਦੀ ਵਜ੍ਹਾ
 ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀ ਸੋਨੂੰ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਉਸ ਦੇ ਪਿਤਾ ਅਤੇ ਦਲਵੀਰ ਕੌਰ ਦੇ ਨਾਜਾਇਜ਼ ਸਬੰਧਾਂ ਕਾਰਨ ਨਾਰਾਜ਼ ਸੀ ਅਤੇ ਉਸ ਨੇ ਕਈ ਵਾਰ ਆਪਣੇ ਪਿਤਾ ਅਤੇ ਦਲਵੀਰ ਕੌਰ ਨੂੰ ਇਸ ਤੋਂ ਵਰਜਿਆ ਸੀ। 
ਜਦੋਂ ਬੀਤੇ ਦਿਨ ਉਕਤ ਅੌਰਤ  ਆਪਣੀ ਨਣਾਨ ਸਰਬਜੀਤ ਕੌਰ ਨਾਲ ਉਸ ਦੇ ਗੰਨ ਹਾਊਸ ਵਿਚ ਉਸ ਦੀ ਮੌਜੂਦਗੀ ਵਿਚ ਆਈਆਂ ਤਾਂ ਨਾਜਾਇਜ਼ ਸਬੰਧਾਂ ਕਾਰਨ ਹੋਈ ਬਹਿਸ ਦੌਰਾਨ ਪਹਿਲਾਂ ਤੋਂ ਹੀ ਗੁੱਸੇ ਨਾਲ ਭਰੇ ਸੋਨੂੰ ਨੇ ਗੰਨ ਹਾਊਸ ’ਚ ਕਿਸੇ ਵਿਅਕਤੀ ਵੱਲੋਂ ਜਮ੍ਹਾ ਕਰਵਾਏ ਪਿਸਤੌਲ ਨਾਲ ਦਲਵੀਰ ਕੌਰ ’ਤੇ ਗੋਲੀਆਂ ਵਰ੍ਹਾ ਦਿੱਤੀਆਂ ਜਿਨ੍ਹਾਂ ਵਿਚੋਂ ਕੁੱਝ ਗੋਲੀਆਂ ਸਰਬਜੀਤ ਕੌਰ ਦੇ ਵੀ ਲੱਗ ਗਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੋਨੂੰ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ । 
 ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਾਰ੍ਹਵੀਂ ਦੀ ਪਡ਼੍ਹਾਈ ਤੋਂ ਬਾਅਦ ਸੋਨੂੰ ਪਿਛਲੇ 7 ਮਹੀਨੇ ਤੋਂ ਗੰਨ ਹਾਊਸ ’ਚ ਬੈਠ ਰਿਹਾ ਸੀ ਅਤੇ ਇਸੇ ਦੌਰਾਨ ਉਸ ਨੂੰ ਅਕਸਰ ਗੰਨ ਹਾਊਸ ’ਚ ਆਉਣ ਵਾਲੀ ਦਲਵੀਰ ਕੌਰ ਅਤੇ ਆਪਣੇ ਪਿਤਾ ’ਚ ਨਾਜਾਇਜ਼ ਸਬੰਧਾਂ ਦੀ ਜ਼ਿਆਦਾ ਜਾਣਕਾਰੀ ਹੋਈ, ਜਿਸ ਦਾ ਉਹ ਲਗਾਤਾਰ ਵਿਰੋਧ ਕਰਦਾ ਸੀ ਅਤੇ ਇਸੇ ਰੰਜਿਸ਼ ਕਾਰਨ ਉਸ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਐੱਨ. ਆਰ. ਆਈ. ਅੌਰਤ ਸਰਬਜੀਤ ਕੌਰ ਨਾਲ ਉਸ ਦੀ ਕੋਈ ਰੰਜਿਸ਼ ਨਹੀਂ ਸੀ ਅਤੇ ਉਹ ਪਹਿਲੀ ਵਾਰ ਹੀ ਗੰਨ ਹਾਊਸ ਆਈ ਸੀ। 


Related News