ਹੁਸ਼ਿਆਰਪੁਰ ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, 4 ਮੁਲਜ਼ਮ ਗ੍ਰਿਫ਼ਤਾਰ

05/15/2024 1:22:05 PM

ਹੁਸ਼ਿਆਰਪੁਰ/ਮੇਹਟੀਆਣਾ (ਰਾਕੇਸ਼, ਸੰਜੀਵ)- ਹੁਸ਼ਿਆਰਪੁਰ ਜ਼ਿਲ੍ਹਾ ਪੁਲਸ ਨੇ ਪਿੰਡ ਸਾਹਰੀ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ’ਚ ਡੀ. ਐੱਸ. ਪੀ. ਐੱਸ. ਐੱਸ. ਸੰਧੂ ਨੇ ਦੱਸਿਆ ਕਿ 6 ਅਤੇ 7 ਮਈ ਦੀ ਮੱਧ ਰਾਤ ਨੂੰ ਪਿੰਡ ਸਾਹਰੀ ’ਚ ਸੁੱਤੇ ਹੋਏ ਸੁਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਾਹਰੀ ਦੀ ਚਾਰ-ਪੰਜ ਅਣਪਛਾਤੇ ਵਿਅਕਤੀਆਂ ਵੱਲੋਂ ਹਵੇਲੀ ’ਚ ਕਤਲ ਕਰ ਦਿੱਤਾ ਗਿਆ ਸੀ ਅਤੇ ਨਾਲ ਪਏ ਦੂਜੇ ਵਿਅਕਤੀ ਨੂੰ ਵੀ ਮਾਰ ਦੇਣ ਦੀ ਨੀਅਤ ਨਾਲ ਕਾਫ਼ੀ ਸੱਟਾਂ ਮਾਰੀਆਂ ਸੀ। ਇਸ ’ਤੇ ਸੁਖਵਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 49 ਥਾਣਾ ਮੇਹਟੀਆਣਾ ’ਚ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।

ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਵੱਲੋਂ ਦਿੱਤੇ ਗਏ ਹੁਕਮਾਂ ’ਤੇ ਐੱਸ. ਪੀ. ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਸ਼ਿਵ ਦਰਸ਼ਨ ਸਿੰਘ ਦੀ ਨਿਗਰਾਨੀ ’ਚ ਥਾਣਾ ਮੇਹਟੀਆਣਾ ਦੀ ਮੁੱਖ ਅਧਿਕਾਰੀ ਊਸ਼ਾ ਰਾਣੀ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਸੀ. ਆਈ. ਏ. ਸਟਾਫ਼ ਅਤੇ ਸਬ ਇੰਸਪੈਕਟਰ ਜਗਜੀਤ ਸਿੰਘ ਦੀ ਅਗਵਾਈ ’ਚ ਬਣਾਈ ਗਈ ਇਸ ਟੀਮ ਨੂੰ ਉਸੇ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਜਾਂਚ ਦੌਰਾਨ ਮੁਖਬਰ ਦੀ ਸੂਚਨਾ ’ਤੇ ਮੁਕੱਦਮੇ ਨੂੰ ਟ੍ਰੇਸ ਕਰਦੇ ਹੋਏ ਦੋਸ਼ੀ ਅਮਰਜੀਤ ਉਰਫ਼  ਬਾਬਾ ਪੁੱਤਰ ਪਿਆਰਾ ਸਿੰਘ ਵਾਸੀ ਚਕਰੋਤਾ ਥਾਣਾ ਗੜ੍ਹਸ਼ੰਕਰ, ਹਰਜਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਕਾਨਪੁਰ ਥਾਣਾ ਬੁੱਲੋਵਾਲ, ਸੁਨੀਲ ਉਰਫ਼ ਗੋਲੂ ਪੁੱਤਰ ਜਗਜੀਵਨ ਰਾਮ ਵਾਸੀ ਸੁਖਿਆਬਾਦ ਥਾਣਾ ਸਦਰ, ਲਵਪ੍ਰੀਤ ਉਰਫ਼ ਅਵੀ ਪੁੱਤਰ ਕਮਲਜੀਤ ਵਾਸੀ ਚੌਹਾਲ ਥਾਣਾ ਸਦਰ ਨੂੰ 12 ਮਈ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ- ਜਲੰਧਰ: ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੇ ਤੋੜਿਆ ਦਮ, ਇੰਟਰਨੈਸ਼ਨਲ ਡਰੱਗ ਰੈਕੇਟ ਨਾਲ ਜੁੜੇ ਨੇ ਤਾਰ

PunjabKesari

2 ਨਾਬਾਲਗ ਵੀ ਸਨ ਵਾਰਦਾਤ ’ਚ ਸ਼ਾਮਲ
ਮੁੱਖ ਦੋਸ਼ੀ ਅਮਰਜੀਤ ਦੇ 2 ਨਾਬਾਲਗ ਲੜਕੇ, ਜੋ ਇਸ ਵਾਰਦਾਤ ’ਚ ਸ਼ਾਮਲ ਸੀ, ਨੂੰ 13 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਅਮਰਜੀਤ ਨੇ ਮੰਨਿਆ ਕਿ ਹਰਜਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ ਅਤੇ ਲਵਪ੍ਰੀਤ ਉਰਫ਼ ਅਵਨੀ ਪੁੱਤਰ ਕਮਲਜੀਤ ਵਾਸੀ ਚੌਹਾਲ ਥਾਣਾ ਸਦਰ ਦੋਵੇਂ ਪਿੰਡ ਖਾਨਪੁਰ ਘਰ ’ਚ ਰਹਿੰਦੇ ਹਨ। ਲਵਪ੍ਰੀਤ ਪੁੱਤਰ ਕਮਲਜੀਤ ਨੇ ਉਸ ਦੀ ਮੁਲਾਕਾਤ ਹਰਜਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ ਨਾਲ ਕਾਰਵਾਈ ਅਤੇ ਉਹ ਲਗਭਗ 20-25 ਦਿਨ ਤੋਂ ਹਰਜਿੰਦਰ ਸਿੰਘ ਦੇ ਘਰ ਆਪਣੀ ਪਤਨੀ ਅਤੇ 2 ਬੱਚਿਆਂ ਸਮੇਤ ਕਿਰਾਏ ’ਤੇ ਰਹਿ ਰਿਹਾ ਸੀ। ਜਿੱਥੇ ਰਹਿੰਦੇ ਕਾਫ਼ੀ ਦਿਨਾਂ ਤੋਂ ਉਹ ਅਤੇ ਉਸ ਦੇ ਸਾਥੀ ਦੋਸ਼ੀਆਂ ਨਾਲ ਮਿਲ ਕੇ ਖਾਨਪੁਰ ’ਚ ਰਹਿੰਦੇ ਆਲੇ-ਦੁਆਲੇ ਦੇ ਇਲਾਕੇ ’ਚ ਬਾਹਰ ਬੰਨ੍ਹੀਆਂ ਹੋਈਆਂ ਮੱਝਾਂ ਦੀ ਭਾਲ ’ਚ ਸੀ ਤਾਂ ਕਿ ਰੇਕੀ ਕਰਕੇ ਰਾਤ ਦੇ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਮੱਝਾਂ ਨੂੰ ਚੋਰੀ ਕੀਤਾ ਜਾ ਸਕੇ।

ਹਵਲੀ ਦੇ ਮਾਲਕ ਸੁਖਵਿੰਦਰ ਕੋਲੋਂ ਪੁੱਛੀਆਂ ਮੱਝਾਂ ਦੀਆਂ ਕੀਮਤਾਂ
ਹਰਜਿੰਦਰ ਸਿੰਘ ਨੇ ਪਿੰਡ ਸਾਹਰੀ ’ਚ ਹਵੇਲੀ ’ਚ ਬੰਨ੍ਹੀਆਂ ਹੋਈਆਂ ਮੱਝਾਂ ਬਾਰੇ ਦੱਸਿਆ ਅਤੇ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਉਸ ਨੇ ਬਾਕੀ ਦੋਸ਼ੀਆਂ ਨਾਲ ਮਿਲ ਕੇ ਬਾਹਰ ਖੇਤਾਂ ’ਚ ਬਣੀ ਹਵੇਲੀ ’ਚ ਬੰਨ੍ਹੀ ਹੋਈਆਂ ਲਗਭਗ 17-18 ਮੱਝਾਂ ਵੇਖੀਆਂ ਅਤੇ ਹਵੇਲੀ ਦੇ ਮਾਲਕ ਸੁਖਵਿੰਦਰ ਸਿੰਘ ਕੋਲੋਂ ਉਨ੍ਹਾਂ ਦੀ ਕੀਮਤ ਪੁੱਛੀ ਅਤੇ ਬਹਾਨੇ ਨਾਲ ਸਾਰੀਆਂ ਮੱਝਾਂ ਨੂੰ ਵੇਖ ਕੇ ਵਾਪਸ ਆ ਗਏ। ਫਿਰ ਸਭ ਨੇ ਮਨ ਬਣਾਇਆ ਕਿ ਇਹ ਮੱਝਾਂ ਬਾਹਰ ਖੁੱਲ੍ਹੇ ’ਚ ਹੋਣ ਕਾਰਨ ਆਸਾਨੀ ਨਾਲ ਚੋਰੀ ਕੀਤੀਆਂ ਜਾ ਸਕਦੀਆਂ ਹਨ।
ਉਸ ਨੇ ਬਾਬੂ ਚਾਚਾ ਨਾਮ ਦੇ ਆਪਣੇ ਜਾਣਕਾਰ ਦੇ ਕੋਲ ਸ਼ੌਕੀਨ ਨਾਂ ਦੇ ਵਿਅਕਤੀ ਵਾਸੀ ਉੱਤਰ ਪ੍ਰਦੇਸ਼ ਦਾ ਮੋਬਾਈਲ ਨੰਬਰ ਲੈ ਕੇ ਗੱਲਬਾਤ ਕੀਤੀ, ਜਿਸ ਨੂੰ ਸ਼ੌਕੀਨ ਨੇ ਦੱਸਿਆ ਕਿ ਉਸ ਕੋਲ ਮਹਿੰਦਰਾ ਬੋਲੈਰੋ ਗੱਡੀ ਹੈ, ਜੋ ਅਕਸਰ ਇਸੇ ਕੰਮ ਲਈ ਵਰਤੀ ਜਾਂਦੀ ਹੈ। ਉਸ ਨੇ ਵੀ ਚੋਰੀ ਦੀਆਂ ਮੱਝਾਂ ਲੈਣ ਦੀ ਹਾਮੀ ਭਰ ਦਿੱਤੀ। ਦੋਵਾਂ ਵਿਚਕਾਰ ਇਕ ਮੱਝ ਪ੍ਰਤੀ 12,000 ਰੁਪਏ ਦਾ ਸੌਦਾ ਤੈਅ ਹੋ ਗਿਆ।

ਇਹ ਵੀ ਪੜ੍ਹੋ- 1 ਜੂਨ ਨੂੰ ਵੋਟਿੰਗ ਮਸ਼ੀਨ ਦੀ ਆਵਾਜ਼ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੀ ਆਖ਼ਰੀ ਚੀਕ ਵਾਂਗ ਹੋਵੇਗੀ: ਭਗਵੰਤ ਮਾਨ

ਇਕ ਦੋਸ਼ੀ ਦੇ ਨਾ ਆਉਣ ਕਾਰਨ ਵਾਰਦਾਤ ਦੀ ਤਾਰੀਖ਼ ਬਦਲੀ
ਸਾਰੇ ਦੋਸ਼ੀ 28 ਅਪ੍ਰੈਲ 2024 ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਪਰ ਉਸ ਦਿਨ ਸੁਨੀਲ ਉਰਫ਼ ਗੋਲੂ ਕਿਸੇ ਕੰਮ ’ਚ ਰੁੱਝੇ ਹੋਣ ਕਾਰਨ ਉਨ੍ਹਾਂ ਕੋਲ ਨਹੀਂ ਪੁੱਜ ਸਕਿਆ। ਇਸ ਕਾਰਨ ਡਰਦੇ ਹੋਏ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ। ਫਿਰ ਅਮਰਜੀਤ ਉਰਫ ਬਾਬਾ ਨੇ 5 ਮਈ ਨੂੰ ਵਾਦਾਤ ਤੋਂ ਇਕ ਦਿਨ ਪਹਿਲਾਂ ਹਰਜਿੰਦਰ ਸਿੰਘ ਉਰਫ਼ ਸੋਨੂੰ ਦੇ ਨਾਲ ਪਿੰਡ ਸਾਹਰੀ ਦੇ ਬਾਹਰ ਹਵੇਲੀ ’ਚ ਰੇਕੀ ਕੀਤੀ। 6 ਮਈ ਨੂੰ ਵਾਰਦਾਤ ਵਾਲੇ ਦਿਨ ਸੁਨੀਲ ਉਰਫ਼ ਗੋਲੂ ਨੇ ਆਪਣੇ ਕੋਲ ਹਰਜਿੰਦਰ ਸਿੰਘ ਨੂੰ ਘਰ ਸੱਦ ਲਿਆ। ਜਿੱਥੇ ਹਰਜਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਪੁਰ ਅਤੇ ਲਵਪ੍ਰੀਤ ਪੁੱਤਰ ਕਲਮਜੀਤ ਵਾਸੀ ਚੌਹਾਰ ਪਹਿਲਾਂ ਤੋਂ ਮੌਜੂਦ ਸੀ। ਸ਼ੌਕੀਨ ਨੂੰ ਵੀ ਮਹਿੰਦਰਾ ਬੋਲੈਰੋ ਸਮੇਤ ਪਿੰਡ ਖਾਨਪੁਰ ’ਚ ਹਰਜਿੰਦਰ ਦੇ ਘਰ ਸੱਦ ਲਿਆ। ਜੋ ਰਾਤ 8 ਵਜੇ ਦੇ ਲਗਭਗ ਉਨ੍ਹਾਂ ਕੋਲ ਪੁੱਜਾ। ਅਮਰਜੀਤ ਉਰਫ਼ ਬਾਬਾ, ਹਰਜਿੰਦਰ ਸਿੰਘ, ਸੁਨੀਲ ਉਰਫ਼ ਗੋਲੂ, ਲਵਪ੍ਰੀਤ ਅਤੇ ਅਮਰਜੀਤ ਉਰਫ਼ ਬਾਬੂ ਆਪਣੇ ਦੋਵਾਂ ਲੜਕਿਆਂ ’ਚੋਂ ਆਪਣੇ ਇਕ ਲੜਕੇ ਨੂੰ ਹਵੇਲੀ ਲੈ ਗਿਆ। ਅਤੇ ਆਪਣੇ ਛੋਟੇ ਲੜਕੇ ਨੂੰ ਸ਼ੌਕੀਨ ਕੋਲ ਉਸ ਦੀ ਗੱਡੀ ’ਚ ਛੱਡ ਦਿੱਤਾ, ਤਾਂ ਕਿ ਉਹ ਸ਼ੌਕੀਨ ਨੂੰ ਹਵੇਲੀ ਤੱਕ ਦਾ ਰਾਹ ਦਿਖਾ ਕੇ ਹਵੇਲੀ ਤੱਕ ਲਿਆ ਸਕੇ।

ਇਹ ਵੀ ਪੜ੍ਹੋ- ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲ 'ਚ ਵੇਖ ਭੁੱਬਾਂ ਮਾਰ-ਮਾਰ ਰੋਇਆ ਪਰਿਵਾਰ

ਮੱਝਾਂ ਦੇ ਰੀਂਗਣ ’ਤੇ ਜਾਗਿਆ ਸੁਖਵਿੰਦਰ
ਦੋਸ਼ੀ ਅਮਰਜੀਤ ਸਿੰਘ ਉਰਫ਼ ਬਾਬਾ 6 ਅਤੇ 7 ਮਈ ਦੀ ਰਾਤ ਨੂੰ ਬਾਕੀ ਹੋਰ ਦੋਸ਼ੀਆਂ ਨਾਲ ਮੱਝਾਂ ਚੋਰੀ ਕਰਨ ਲਈ ਹਵੇਲੀ ਪੁੱਜਾ ਅਤੇ ਹਵੇਲੀ ’ਚ ਬੰਨ੍ਹੀਆਂ ਹੋਈਆਂ ਮੱਝਾਂ ਦੇ ਰੱਸੇ ਤੋਂ ਕੱਟਣੇ ਸ਼ੁਰੂ ਕਰ ਦਿੱਤੇ। ਜਿਸ ’ਤੇ ਮੱਝਾਂ ਨੇ ਰੀਂਗਣਾ ਸ਼ੁਰੂ ਕਰ ਦਿੱਤਾ। ਇੰਨੇ ’ਚ ਸੁੱਤਾ ਹੋਇਆ ਸੁਖਵਿੰਦਰ ਸਿੰਘ ਜਾਗ ਪਿਆ ਅਤੇ ਅਮਰਜੀਤ ਨੇ ਸਾਥੀ ਦੋਸ਼ੀਆਂ ਨਾਲ ਮਿਲ ਕੇ ਉਸ ਦੇ ਸਿਰ ’ਚ ਕਿਰਪਾਨਾਂ, ਦਾਤਰ ਤੇ ਡੰਡੇ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਨਾਲ ਖੜ੍ਹੇ ਵਿਅਕਤੀ ਨੂੰ ਗੰਭੀਰ ਤੌਰ’ਤੇ ਜ਼ਖ਼ਮੀ ਕਰ ਦਿੱਤਾ ਅਤੇ ਸ਼ੌਕੀਨ ਨੂੰ ਫੋਨ ਕਰਕੇ ਗੱਡੀ ਹਵੇਲੀ ਲੈ ਕੇ ਆਉਣ ਲਈ ਕਿਹਾ। ਬੋਲੈਰੋ ਗੱਡੀ ’ਚ 4 ਮੱਝਾਂ ਤੇ ਇਕ ਝੋਟਾ ਚੜ੍ਹਾ ਦਿੱਤਾ ਤੇ ਖੁਦ ਹਰਜਿੰਦਰ ਸਿੰਘ ਨਾਲ ਗੱਡੀ ਨੂੰ ਮੇਨ ਰੋਡ ’ਤੇ ਪਾ ਕੇ ਗੱਡੀ ’ਚ ਬੈਠ ਕੇ ਮੌਕੇ ’ਤੇ ਚਲੇ ਗਏ। ਦੂਜੇ ਦੋਸ਼ੀ ਸੁਨੀਲ ਕੁਮਾਰ ਉਰਫ਼ ਗੋਲੂ, ਲਵਪ੍ਰੀਤ ਅਤੇ ਅਮਰਜੀਤ ਦਾ ਲੜਕਾ ਮੌਕੇ ’ਤੇ ਪੈਦਲ ਵਾਪਸ ਪਿੰਡ ਖਾਨਪੁਰ ਨੂੰ ਭੱਜ ਗਏ। ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮੇ ’ਚ ਦੋਸ਼ੀ ਅਮਰਜੀਤ ਉਰਫ਼ ਬਾਬਾ ਦੇ ਦੋਵਾਂ ਲੜਕਿਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਵਾਰਦਾਤ ’ਚ ਵਰਤੋਂ ਕੀਤੀ ਗਈ ਮਹਿੰਦਰਾ ਬੋਲੈਰੋ ਬਰਾਮਦ ਕਰ ਲਈ ਗਈ ਹੈ।

ਇਹ ਵੀ ਪੜ੍ਹੋ-ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਕਰੰਟ ਲੱਗਣ ਕਾਰਨ ਤੜਫ਼-ਤੜਫ਼ ਕੇ ਨਿਕਲੀ ਜਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News