ਅਮਰੀਕਾ ਭੇਜਣ ਦੇ ਨਾਂ ’ਤੇ ਆਰ. ਟੀ. ਓ. ਆਫਿਸ ਦੇ ਮੁਲਾਜ਼ਮ ਤੋਂ ਠੱਗੇ 25 ਲੱਖ, ਦੋਸ਼ੀ ਫ਼ਰਾਰ

Thursday, Jun 10, 2021 - 06:55 PM (IST)

ਅਮਰੀਕਾ ਭੇਜਣ ਦੇ ਨਾਂ ’ਤੇ ਆਰ. ਟੀ. ਓ. ਆਫਿਸ ਦੇ ਮੁਲਾਜ਼ਮ ਤੋਂ ਠੱਗੇ 25 ਲੱਖ, ਦੋਸ਼ੀ ਫ਼ਰਾਰ

ਜਲੰਧਰ (ਮਹੇਸ਼) : ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਆਰ. ਟੀ. ਓ. ਆਫਿਸ ਦੇ ਮੁਲਾਜ਼ਮ ਤਰੁਣ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਕੁੱਕੜ ਪਿੰਡ ਜ਼ਿਲ੍ਹਾ ਜਲੰਧਰ ਨਾਲ 25 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਥਾਣਾ ਜਲੰਧਰ ਕੈਂਟ ਵਿਚ 5 ਲੋਕਾਂ ਵਿਰੁੱਧ ਐੱਫ. ਆਈ. ਆਰ. ਨੰਬਰ 63 ਦਰਜ ਕੀਤੀ ਗਈ ਹੈ। ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਵੱਲੋਂ ਉਕਤ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਆਪਣੀ ਰਿਪੋਰਟ ਡੀ. ਏ. ਲੀਗਲ ਨੂੰ ਭੇਜੀ ਗਈ ਸੀ, ਜਿਸ ਤੋਂ ਬਾਅਦ ਗੁਰਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਕੋਟ ਬਾਦਲ ਖਾਂ ਜ਼ਿਲਾ ਜਲੰਧਰ, ਭੁਪਿੰਦਰ ਸਿੰਘ ਵਾਸੀ ਦਸਮੇਸ਼ ਨਗਰ ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਬੇਅੰਤ ਸਿੰਘ ਬੰਟੀ ਅਤੇ ਗੁਲਾਬ ਸਿੰਘ ਦੋਵੇਂ ਵਾਸੀ ਪਿੰਡ ਭੁੱਲਰ ਪੱਟੀ ਜ਼ਿਲ੍ਹਾ ਸੰਗਰੂਰ ਅਤੇ ਜਗਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਜਲੰਧਰ ਕੈਂਟ ਦੇ ਮੁਖੀ ਇੰਸ. ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਤਰੁਣ ਕੁਮਾਰ ਨੇ ਆਪਣੀ ਸ਼ਿਕਾਇਤ ’ਚ ਕਿਹਾ ਸੀ ਕਿ ਗੁਰਿੰਦਰ ਸਿੰਘ ਦੇ ਨਾਲ ਉਸਦੇ ਦੋਸਤਾਨਾ ਸਬੰਧ ਸਨ। ਉਸ ਨੇ ਕਿਹਾ ਕਿ ਉਸਦਾ ਕੋਈ ਜਾਣਕਾਰ ਹੈ, ਜੋ ਟਰੈਵਲ ਏਜੰਟ ਹੈ ਅਤੇ ਲੋਕਾਂ ਨੂੰ ਅਮਰੀਕਾ ਭੇਜਦਾ ਹੈ ਅਤੇ ਉਸਦਾ ਕੰਮ ਬਿਲਕੁਲ ਸਾਫ-ਸੁਥਰਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕੀਤੇ ਵਿਸ਼ੇਸ਼ ਉਪਰਾਲੇ

ਤਰੁਣ ਨੇ ਕਿਹਾ ਕਿ ਉਹ ਗੁਰਿੰਦਰ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸਨੂੰ ਆਪਣੀ ਵਿਦੇਸ਼ ਜਾਣ ਦੀ ਇੱਛਾ ਦੱਸੀ। ਗੁਰਿੰਦਰ ਸਿੰਘ ਨੇ ਉਸ ਤੋਂ 35 ਲੱਖ ਰੁਪਏ ਦੀ ਮੰਗ ਕਰਦਿਆਂ ਕਿਹਾ ਕਿ 20 ਲੱਖ ਰੁਪਏ ਐਡਵਾਂਸ ਵਿਚ ਦੇਣੇ ਹੋਣਗੇ, ਬਾਕੀ 15 ਲੱਖ ਰੁਪਏ ਅਮਰੀਕਾ ਦਾ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੋਣਗੇ। ਤਰੁਣ ਨੇ ਕਿਹਾ ਕਿ ਉਸ ਨੇ 20 ਲੱਖ ਰੁਪਏ ਗੁਰਿੰਦਰ ਨੂੰ ਨਕਦ ਦਿੱਤੇ ਅਤੇ ਸਬੂਤ ਦੇ ਤੌਰ ’ਤੇ ਉਸਦੀ ਵੀਡੀਓ ਵੀ ਉਸ ਕੋਲ ਹੈ। ਇਸ ਤੋਂ ਇਲਾਵਾ 5 ਲੱਖ ਰੁਪਏ ਉਸ ਤੋਂ ਹੋਰ ਲੈ ਲਏ ਗਏ। ਕੁੱਲ 25 ਲੱਖ ਰੁਪਏ ਦੀ ਗੁਰਿੰਦਰ ਸਿੰਘ ਅਤੇ ਉਸਦੇ 4 ਹੋਰ ਸਾਥੀਆਂ ਵੱਲੋਂ ਉਸ ਨਾਲ ਠੱਗੀ ਕੀਤੀ ਗਈ। ਗੁਰਿੰਦਰ ਉਸਨੂੰ ਝੂਠ ਬੋਲਦਾ ਰਿਹਾ ਕਿ ਟਰੈਵਲ ਏਜੰਟ ਦੇ ਆਫ਼ਿਸ ਵਿਚ ਰੇਡ ਹੋਈ ਹੈ, ਜਿਸ ਕਾਰਨ ਅਮਰੀਕਾ ਦਾ ਵੀਜ਼ਾ ਲੱਗਣ ’ਤੇ ਕੁਝ ਦੇਰੀ ਹੋ ਸਕਦੀ ਹੈ। ਉਸ ਵੱਲੋਂ ਲਗਾਤਾਰ ਟਾਲ-ਮਟੋਲ ਕਰਨ ਤੋਂ ਉਹ ਸਮਝ ਗਿਆ ਕਿ ਗੁਰਿੰਦਰ ਸਿੰਘ ਨੇ ਉਸ ਨਾਲ ਠੱਗੀ ਕੀਤੀ। ਉਸਨੇ ਆਪਣੇ ਦਿੱਤੇ ਹੋਏ ਪੈਸੇ ਉਸ ਕੋਲੋਂ ਮੰਗਣੇ ਸ਼ੁਰੂ ਕੀਤੇ ਤਾਂ ਉਸਨੇ ਨਹੀਂ ਦਿੱਤੇ।

ਇਹ ਵੀ ਪੜ੍ਹੋ : ਨਿੱਜੀ ਹਸਪਤਾਲਾਂ ਲਈ ਕੋਵਿਡ ਟੀਕੇ ਦੀਆਂ ਕੀਮਤਾਂ ’ਤੇ ਕੇਂਦਰ ਨੇ ਬਹੁਤ ਦੇਰੀ ਨਾਲ ਲਿਆ ਫੈਸਲਾ : ਸਿਹਤ ਮੰਤਰੀ    

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

Anuradha

Content Editor

Related News