ਸਰਕਾਰੀ ਸਕੂਲਾਂ ’ਚ ਹੁਣ ਮਿਲੇਗਾ ਠੰਢਾ ਪਾਣੀ; ਲਾਏ ਜਾਣਗੇ ਵਾਟਰ ਕੂਲਰ ਤੇ ਆਰ. ਓ. ਸਿਸਟਮ
Monday, Feb 16, 2026 - 11:07 AM (IST)
ਲੁਧਿਆਣਾ (ਵਿੱਕੀ)- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਾਫ਼ ਅਤੇ ਠੰਢਾ ਪਾਣੀ ਮੁਹੱਈਆ ਕਰਵਾਉਣ ਲਈ ਇਕ ਵੱਡਾ ਕਦਮ ਚੁੱਕਿਆ ਗਿਆ ਹੈ। ਵਿਭਾਗ ਨੇ ਦੇਖਿਆ ਹੈ ਕਿ ਬਹੁਤ ਸਾਰੇ ਸਕੂਲਾਂ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਹੈ ਤੇ ਵਾਟਰ ਕੂਲਰਾਂ ਦੀ ਘਾਟ ਕਾਰਨ ਬੱਚੇ ਗਰਮੀਆਂ ਵਿਚ ਗਰਮ ਪਾਣੀ ਪੀਣ ਲਈ ਮਜਬੂਰ ਹਨ। ਇਸ ਮੁੱਦੇ ਨੂੰ ਹੱਲ ਕਰਨ ਲਈ ਵਿਭਾਗ ਨੇ 15ਵੇਂ ਵਿੱਤ ਕਮਿਸ਼ਨ ਦੀਆਂ ‘ਟਾਈਡ ਗ੍ਰਾਂਟਾਂ’ ਦੀ ਵਰਤੋਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਾਈਡ ਗ੍ਰਾਂਟਾਂ ਦਾ 50 ਫੀਸਦੀ ਪੀਣ ਵਾਲੇ ਪਾਣੀ, ਮੀਂਹ ਦੇ ਪਾਣੀ ਦੀ ਸੰਭਾਲ ਤੇ ਪਾਣੀ ਦੀ ਰੀਸਾਈਕਲਿੰਗ ਲਈ ਵਰਤਿਆ ਜਾ ਸਕਦਾ ਹੈ। ਸਕੂਲਾਂ ਵਿਚ ਹੁਣ ਵਾਟਰ ਕੂਲਰ ਤੇ ਆਰ.ਓ. ਸਿਸਟਮ ਲਗਾਏ ਜਾਣਗੇ। ਇਹ ਉਪਕਰਣ ਪੰਜਾਬ ਪੀ. ਡਬਲਯੂ. ਡੀ. ਸੀ. ਐੱਸ.ਆਰ. ਵਿਚ ਪ੍ਰਦਾਨ ਕੀਤੀਆਂ ਵਿਸ਼ੇਸ਼ਤਾਵਾਂ ਅਤੇ ਦਰਾਂ ਅਨੁਸਾਰ ਖਰੀਦੇ ਜਾਣਗੇ।
ਖਰੀਦ ਲਈ ਕਮੇਟੀ ਗਠਿਤ
ਵਾਟਰ ਕੂਲਰਾਂ ਤੇ ਆਰ. ਓ. ਸਿਸਟਮਾਂ ਦੀ ਪਾਰਦਰਸ਼ੀ ਖਰੀਦ ਨੂੰ ਯਕੀਨੀ ਬਣਾਉਣ ਲਈ ਵਿਭਾਗ ਨੇ ਇਕ ਵਿਸ਼ੇਸ਼ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਹਨ। ਸਬੰਧਤ ਗ੍ਰਾਮ ਪੰਚਾਇਤ ਦੇ ਸਰਪੰਚ ਨੂੰ ਇਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਸਬੰਧਤ ਸਕੂਲ ਦੇ ਮੁੱਖ ਅਧਿਆਪਕ, ਪੰਚਾਇਤ ਰਾਜ ਵਿਭਾਗ ਦੇ ਜੇ. ਈ. ਤੇ ਸਬੰਧਤ ਪੰਚਾਇਤ ਸਕੱਤਰ ਨੂੰ ਕਮੇਟੀ ’ਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪੂਰੀ ਖਰੀਦ ਪ੍ਰਕਿਰਿਆ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਓਰਮੈਂਟ ਐਕਟ 2019 ਅਤੇ ਸਮੇਂ-ਸਮੇਂ ’ਤੇ ਇਸ ਵਿਚ ਕੀਤੀਆਂ ਗਈਆਂ ਸੋਧਾਂ ਦੇ ਅਨੁਸਾਰ ਪੂਰੀ ਕੀਤੀ ਜਾਣੀ ਚਾਹੀਦੀ ਹੈ।
