ਆਈਕੇਜੀ ਪੀਟੀਯੂ ਦੀ ਪਹਿਲ, ਏਆਈ ਦੀ ਪੜ੍ਹਾਈ ਨੂੰ ਬਣਾਇਆ ''ਗਰੈਜੂਏਸ਼ਨ ਰੈਡੀ ਹੁਨਰ''

Sunday, Dec 14, 2025 - 07:40 PM (IST)

ਆਈਕੇਜੀ ਪੀਟੀਯੂ ਦੀ ਪਹਿਲ, ਏਆਈ ਦੀ ਪੜ੍ਹਾਈ ਨੂੰ ਬਣਾਇਆ ''ਗਰੈਜੂਏਸ਼ਨ ਰੈਡੀ ਹੁਨਰ''

ਚੰਡੀਗੜ੍ਹ/ਜਲੰਧਰ/ਕਪੂਰਥਲਾ : ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਨੇ ਏ.ਆਈ ਸੰਚਾਲਿਤ ਅਰਥਵਿਵਸਥਾ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵੱਲ ਇੱਕ ਨਿਰਣਾਇਕ ਕਦਮ ਚੁੱਕਦੇ ਹੋਏ ਯੂਨੀਵਰਸਿਟੀ-ਵਿਆਪੀ ਫਾਊਂਡੇਸ਼ਨ ਪ੍ਰੋਗਰਾਮ “ਪਾਵਰ ਆਫ ਏ.ਆਈ” ਲਾਗੂ ਕਰਨ ਦੀ ਪਹਲ ਕੀਤੀ ਹੈ। ਇਸਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਯੂਨੀਵਰਸਿਟੀ ਦਾ ਹਰ ਗ੍ਰੈਜੂਏਟ ਏ.ਆਈ. ਦੀ ਕਾਰਗਰ ਸਮਝ ਨਾਲ ਕੈਂਪਸ ਤੋਂ ਬਾਹਰ ਨਿਕਲੇ ਤੇ ਏਆਈ ਨੂੰ ਸਿਰਫ਼ ਇੱਕ ਟੈਕਨਾਲੋਜੀ ਰੁਝਾਨ ਨਹੀਂ, ਸਗੋਂ ਇੱਕ ਵਿਹਾਰਕ ਸਾਧਨ ਵਜੋਂ ਸਮਝੇ, ਜੋ ਸੇਵਾਵਾਂ, ਮੈਨੂਫੈਕਚਰਿੰਗ, ਸਿੱਖਿਆ, ਹੈਲਥਕੇਅਰ ਅਤੇ ਬਿਜ਼ਨਸ ਓਪਰੇਸ਼ਨਜ਼ ਸਮੇਤ ਕਈ ਖੇਤਰਾਂ ਨੂੰ ਤੇਜ਼ੀ ਨਾਲ ਬਦਲ ਰਿਹਾ ਹੈ। 

ਯੂਨੀਵਰਸਿਟੀ ਨੇ ਕੰਪਿਊਟਰ ਸਾਇੰਸ ਅਤੇ ਆਈ.ਟੀ ਨਾਲ ਸੰਬੰਧਿਤ ਬ੍ਰਾਂਚਾਂ ਵਿੱਚ ਏ.ਆਈ-ਕੇਂਦ੍ਰਿਤ ਕੋਰਸਵਰਕ ਸ਼ੁਰੂ ਕਰਨ ਤੇ ਇੰਜੀਨੀਅਰਿੰਗ ਅਤੇ ਹੋਰ ਵਿਗਿਆਨ ਤੇ ਤਕਨਾਲੋਜੀ ਸਟ੍ਰੀਮਾਂ ਦੇ ਵਿਦਿਆਰਥੀਆਂ ਲਈ ਇਸਨੂੰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧ ਵਿਚ ਯੂਨੀਵਰਸਿਟੀ ਅਤੇ ਸਾਰਸ ਇੰਸਟੀਟਿਊਟ ਵਿਚਕਾਰ ਇਕ ਕਰਾਰ ਕੀਤਾ ਗਿਆ ਹੈ, ਜਿਸ ਮੁਤਾਬਿਕ ਆਈਕੇਜੀ ਪੀਟੀਯੂ ਦੇ ਵਿਦਿਆਰਥੀ ਹੁਣ ਮਾਰਕੀਟ ਮੁਤਾਬਿਕ ਤਿਆਰ ਹੋਣਗੇ ਤੇ ਰੋਜ਼ਗਾਰ, ਉਦਮਤਾ ਚ ਵਾਧਾ ਕਰਨਯੋਗ ਹੋਣਗੇ।

ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ (ਡਾ.) ਸੁਸ਼ੀਲ ਮਿੱਤਲ ਨੇ ਦੱਸਿਆ ਕਿ “ਪਾਵਰ ਆਫ ਏਆਈ” ਕੋਰਸ ਵਿਦਿਆਰਥੀਆਂ ਲਈ ਮਾਈਕਰੋਸੋਫਟ, ਗੂਗਲ, ਐਪਲ ਵਰਗੀਆਂ ਵਿਸ਼ਵ-ਪੱਧਰੀ ਟੈਕ ਕੰਪਨੀਆਂ ਨਾਲ ਜੁੜੇ ਪ੍ਰੋਫੈਸ਼ਨਲਜ਼ ਸਮੇਤ ਹੋਰ ਮਾਹਰਾਂ ਦੇ ਸਹਿਯੋਗ ਨਾਲ ਡਿਜ਼ਾਈਨ ਕੀਤਾ ਜਾ ਰਿਹਾ ਹੈ। ਇਹ ਇੰਡਸਟਰੀ-ਅਲਾਇਨਡ ਪਹੁੰਚ ਵਿਦਿਆਰਥੀਆਂ ਨੂੰ ਏਆਈ ਨੂੰ ਅਸਲ ਦੁਨੀਆ ਦੇ ਯੂਜ਼-ਕੇਸਜ਼ ਅਤੇ ਭਵਿੱਖ ਦੀਆਂ ਭੂਮਿਕਾਵਾਂ ਦੇ ਮੁਤਾਬਕ ਸਿੱਖਣ ਵਿੱਚ ਸਹਾਇਤਾ ਕਰੇਗੀ।

ਉਨ੍ਹਾਂ ਦੱਸਿਆ ਕਿ “ਪਾਵਰ ਆਫ ਏ.ਆਈ” ਪ੍ਰੋਗਰਾਮ ਆਨਲਾਈਨ ਮੋਡ ਵਿੱਚ ਚਲਾਇਆ ਜਾਵੇਗਾ ਅਤੇ ਯੂਨੀਵਰਸਿਟੀ ਟ੍ਰੇਨਿੰਗ ਦੀ ਪੂਰੀ ਲਾਗਤ ਖੁਦ ਉਠਾਵੇਗੀ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਇਸ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ। ਇਸਨੂੰ ਵਿਦਿਆਰਥੀਆਂ ਲਈ ਲਾਜ਼ਮੀ ਕਰਨ ਦੀ ਵੀ ਯੋਜਨਾ ਹੈ।

ਉਪ-ਕੁਲਪਤੀ ਡਾ. ਸੁਸ਼ੀਲ ਮਿੱਤਲ ਨੇ ਕਿਹਾ ਕਿ ਏਆਈ ਹੁਣ ਵਿਕਲਪ ਨਹੀਂ ਰਹੀ, ਇਹ ਹਰ ਸੈਕਟਰ ਵਿੱਚ ਕਰੀਅਰ ਲਈ ਇੱਕ ਬੁਨਿਆਦੀ ਹੁਨਰ ਹੈ। ਸਾਡਾ ਮਕਸਦ ਆਈਕੇਜੀ ਪੀਟੀਯੂ ਦੇ ਹਰ ਗ੍ਰੈਜੂਏਟ ਨੂੰ ਏਆਈ ਦੀ ਲੋੜ, ਇਸ ਦੇ ਇਸਤੇਮਾਲ ਤੇ ਜ਼ਿੰਮੇਵਾਰੀ ਨਾਲ ਸਮਝਣ ਤੇ ਵਰਤਣਯੋਗ ਬਣਾਉਣਾ ਹੈ ਤਾਂ ਜੋ ਉਹ ਭਵਿੱਖ ਵਿੱਚ ਮੁਕਾਬਲਾ ਕਰ ਸਕੇ, ਯੋਗਦਾਨ ਦੇ ਸਕੇ ਅਤੇ ਹਰ ਪੱਧਰ ਤੇ ਅਗਵਾਈ ਕਰ ਸਕੇ।

ਇਸ ਮੌਕੇ ਮੌਜੂਦ ਸਾਰਸ ਇੰਸਟੀਟਿਊਟ (ਯੂ.ਐੱਸ.ਏ) ਦੇ ਪ੍ਰਤੀਨਿਧੀਆਂ ਵਿਚ ਅਮਿਤ ਕਟਾਰੀਆ (ਕੋ-ਫਾਊਂਡਰ) ਅਤੇ ਅਮਨ ਗੁਪਤਾ (ਸੀ.ਟੀ.ਓ) ਨੇ ਦੱਸਿਆ ਕਿ ਵਿਦਿਆਰਥੀਆਂ ਦੀ ਤਿਆਰੀ ਮਜ਼ਬੂਤ ਕਰਨ ਅਤੇ ਬਿਹਤਰ ਕਰੀਅਰ ਪਾਥ ਵੇ ਬਣਾਉਣ ਲਈ ਉਹ ਹਰ ਨਵੇਕਲਾ ਉਦਮ ਕਰਨਗੇ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਯੂਨੀਵਰਸਿਟੀ ਨੂੰ ਸਬਸਿਡਾਈਜ਼ਡ ਦਰਾਂ ‘ਤੇ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਦੀ ਲਾਗਤ ਯੂਨੀਵਰਸਿਟੀ ਆਪਣੀ ਵਿਦਿਆਰਥੀ-ਅਪਸਕਿਲਿੰਗ ਵਚਨਬੱਧਤਾ ਦੇ ਤਹਿਤ ਕਰੇਗੀ।


author

Baljit Singh

Content Editor

Related News