ਮੈਰਿਜ ਬਿਊਰੋ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਸਰਗਰਮ

Wednesday, Oct 31, 2018 - 02:58 AM (IST)

ਮੈਰਿਜ ਬਿਊਰੋ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਸਰਗਰਮ

ਹੁਸ਼ਿਆਰਪੁਰ,   (ਘੁੰਮਣ)-  ਮੈਰਿਜ ਬਿਊਰੋ ਦੇ ਨਾਂ ’ਤੇ ਲੋਕਾਂ  ਕੋਲੋਂ ਬੈਂਕ ਖਾਤਿਆਂ ’ਚ ਪੈਸੇ ਜਮ੍ਹਾ ਕਰਵਾਉਣ ਵਾਲੇ ਕੁਝ ਵਿਅਕਤੀਆਂ ਖਿਲਾਫ਼ ਅੱਜ ਇੰਟਕ ਦੋਆਬਾ ਜ਼ੋਨ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਅਗਵਾਈ ’ਚ ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ ਨੂੰ ਇਕ ਸ਼ਿਕਾਇਤ ਦਿੱਤੀ ਗਈ। 
ਐੱਸ. ਐੱਚ. ਓ. ਨੂੰ ਦਿੱਤੀ ਸ਼ਿਕਾਇਤ ’ਚ ਹਰੀ ਰਾਮ ਵਾਸੀ ਮੁਹੱਲਾ ਕਮਾਲਪੁਰ ਨੇ ਦੱਸਿਆ ਉਨ੍ਹਾਂ ਅਖ਼ਬਾਰ ’ਚ ਰਿਸ਼ਤੇ ਸਬੰਧੀ ਇਸ਼ਤਿਹਾਰ ਦਿੱਤਾ ਸੀ, ਜਿਸ ਉਪਰੰਤ ਉਨ੍ਹਾਂ ਨੂੰ ਇਕ ਮੋਬਾਇਲ ਤੋਂ ਮੈਸੇਜ ਆਇਆ ਕਿ ਅਖ਼ਬਾਰ ਵਿਚ ਵਿਆਹ ਸਬੰਧੀ ਜੋ ਇਸ਼ਤਿਹਾਰ ਦਿੱਤਾ ਹੈ, ਉਸ ਨਾਲ ਸਬੰਧਤ ਲਡ਼ਕੀ ਵਾਲਿਆਂ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ, ਜਿਸ ਲਈ ਉਨ੍ਹਾਂ ਦੇ ਬੈਂਕ ਅਕਾਊਂਟ ’ਚ 3 ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਇਹ ਵੀ ਕਿਹਾ ਗਿਆ ਕਿ ਜੇਕਰ ਮੀਟਿੰਗ ਦੌਰਾਨ ਰਿਸ਼ਤਾ ਤੈਅ ਨਾ ਹੋਇਆ ਤਾਂ 300 ਰੁਪਏ ਫੀਸ ਕੱਟ ਕੇ 2700 ਰੁਪਏ ਵਾਪਸ ਕਰ ਦਿੱਤੇ ਜਾਣਗੇ। ਹਰੀ ਰਾਮ ਅਨੁਸਾਰ ਉਸ ਨੇ 3000 ਰੁਪਏ ਉਕਤ ਵਿਅਕਤੀਆਂ ਦੇ ਬੈਂਕ ਖਾਤੇ ’ਚ ਜਮ੍ਹਾ ਕਰਵਾ ਦਿੱਤੇ, ਜਿਸ ਤੋਂ ਬਾਅਦ ਨਾ ਤਾਂ ਕੋਈ ਸੰਦੇਸ਼ ਆਇਆ ਤੇ ਨਾ ਹੀ ਫੋਨ, ਸਗੋਂ ਜਿਸ ਨੰਬਰ ਤੋਂ ਫੋਨ ਆਇਆ ਸੀ, ਉਸ ਦਾ ਸਵਿੱਚ ਆਫ਼ ਆਉਣਾ ਸ਼ੁਰੂ ਹੋ ਗਿਆ। 
 ਕਰਮਵੀਰ ਬਾਲੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਲੋਕ ਮੈਰਿਜ ਬਿਊਰੋ ਦੇ ਨਾਂ ’ਤੇ ਠੱਗੇ ਜਾ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਸਾਈਬਰ ਕ੍ਰਾਈਮ ਵਿੰਗ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਇਸ ਮੌਕੇ ਦੀਪਕ ਨਈਅਰ ਵੀ ਮੌਜੂਦ ਸਨ।


Related News