ਚਾਕੂ ਦੀ ਨੌਕ ''ਤੇ ਗੋਲਗੱਪੇ ਵੇਚਣ ਵਾਲੇ ਕੋਲੋਂ ਮੋਬਾਇਲ ਤੇ ਨਗਦੀ ਖੋਹੀ
Thursday, Dec 11, 2025 - 05:40 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਦੇਰ ਸ਼ਾਮ ਇੱਥੇ ਟਰੱਕ ਯੂਨੀਅਨ ਨੇੜੇ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਨੇ ਚਾਕੂ ਦੀ ਨੋਕ 'ਤੇ ਇਕ ਗੋਲਗੱਪੇ ਦੀ ਰੇਹੜੀ ਲਗਾਉਣ ਵਾਲੇ ਤੋਂ ਮੋਬਾਈਲ ਫੋਨ ਤੇ ਨਕਦੀ ਲੁੱਟ ਲਈ। ਘਟਨਾ ਉਪਰੰਤ ਬੇਖੌਫ ਬਦਮਾਸ਼ ਆਪਣੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਘਟਨਾ ਦੀ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਵਾਰਦਾਤ ਮਗਰੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਰੇਹੜੀ-ਫੜ੍ਹੀ ਲਗਾਉਣ ਵਾਲੇ ਸਹਿਮੇ ਹੋਏ ਹਨ।
ਘਟਨਾ ਦਾ ਸ਼ਿਕਾਰ ਹੋਏ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ਦੇ ਰਹਿਣ ਵਾਲੇ ਸੁਮਿਤ ਕੁਮਾਰ ਹਾਲ ਆਬਾਦ ਭਵਾਨੀਗੜ੍ਹ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਵੀ ਹਮੇਸ਼ਾ ਵਾਂਗ ਆਪਣੀ ਗੋਲਗੱਪੇ ਦੀ ਰੇਹੜੀ 'ਤੇ ਮੌਜੂਦ ਸੀ ਤਾਂ ਇਸ ਦੌਰਾਨ ਰਾਤ ਕਰੀਬ 9 ਵਜੇ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਰੇਹੜੀ 'ਤੇ ਪਹੁੰਚਦਿਆਂ ਹੀ ਉਸਦੀ ਗਰਦਨ 'ਤੇ ਚਾਕੂ 'ਤੇ ਚਾਕੂ ਰੱਖ ਦਿੱਤਾ ਤੇ ਉਸ ਕੋਲੋਂ ਮੋਬਾਈਲ ਫੋਨ ਤੇ ਲਗਭਗ 5 ਹਜ਼ਾਰ ਰੁਪਏ ਖੋਹ ਲਏ ਤੇ ਕਾਕੜਾ ਰੋਡ ਵੱਲ ਨੂੰ ਫਰਾਰ ਹੋ ਗਏ। ਸੁਮਿਤ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਸਬੰਧੀ ਸੂਚਨਾ ਦਿੱਤੀ ਗਈ ਹੈ ਜਦੋਂ ਕਿ ਭਵਾਨੀਗੜ੍ਹ ਥਾਣੇ ਦੇ ਐੱਸ.ਐੱਚ.ਓ. ਮਾਲਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਘਟਨਾਸਥਾਨ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ।
