ਮੋਗਾ ਦੇ DC ''ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੀ ਜ਼ਮਾਨਤ ਅਰਜ਼ੀ ਖਾਰਜ
Tuesday, Dec 09, 2025 - 01:54 PM (IST)
ਮੋਹਾਲੀ (ਜੱਸੀ): ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ’ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਅਤੇ ਦੀਵਾਰਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ’ਚ ਗ੍ਰਿਫ਼ਤਾਰ ਆਕਾਸ਼ਦੀਪ ਸਿੰਘ ਵੱਲੋਂ ਆਪਣੇ ਵਕੀਲ ਰਾਹੀਂ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ’ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਅਦਾਲਤ ’ਚ ਮੁਲਜ਼ਮ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਲੀਲ ਦਿੱਤੀ ਕਿ ਇਸ ਕੇਸ ’ਚ ਵੱਧ ਤੋਂ ਵੱਧ 7 ਸਾਲ ਦੀ ਕੈਦ ਹੈ ਜਦਕਿ ਆਕਾਸ਼ਦੀਪ ਪਿਛਲੇ ਕਰੀਬ 5 ਸਾਲ ਤੋਂ ਜੇਲ੍ਹ ’ਚ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਆਕਾਸ਼ਦੀਪ ਮੁੱਖ ਸਾਜਿਸ਼ਕਾਰਾਂ ’ਚੋਂ ਨਹੀਂ ਹੈ, ਉਸ ਵੱਲੋਂ ਤਾਂ ਝੰਡਾ ਲਹਿਰਾਉਣ ਸਮੇਂ ਦੀ ਵੀਡੀਓ ਬਣਾਈ ਗਈ ਸੀ।
ਉੱਧਰ ਸਰਕਾਰੀ ਧਿਰ ਦਾ ਦੋਸ਼ ਸੀ ਕਿ ਮੁਲਜ਼ਮ ਸਿੱਖ ਫਾਰ ਜਸਟਿਸ ਵਰਗੇ ਸੰਗਠਨ ਨਾਲ ਜੁੜਿਆ ਹੋਇਆ ਹੈ ਤੇ ਇਹ ਮਾਮਲਾ ਦੇਸ਼ ਧ੍ਰੋਹ ਦਾ ਹੈ। ਅਦਾਲਤ ਵੱਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਕਾਸ਼ਦੀਪ ਸਿੰਘ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ 14 ਅਗਸਤ 2020 ਨੂੰ ਪੰਜਾਬ ਪੁਲਸ ਵੱਲੋਂ ਦੇਸ਼ ਧ੍ਰੋਹ ਸਮੇਤ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ’ਚ ਇਸ ਮਾਮਲੇ ਨੂੰ ਕੌਮੀ ਜਾਂਚ ਏਜੰਸੀ ਨੇ ਆਪਣੇ ਅਧਿਕਾਰ ਅੰਦਰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਇਸ ਮਾਮਲੇ ’ਚ ਚਾਰ ਮੁਲਜ਼ਮਾਂ ਜਸਪਾਲ ਸਿੰਘ, ਇੰਦਰਜੀਤ ਸਿੰਘ, ਜਗਵਿੰਦਰ ਸਿੰਘ ਅਤੇ ਆਕਾਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ। ਜਾਂਚ ਦੌਰਾਨ ਇਸ ਮਾਮਲੇ ’ਚ ਸਿੱਖ ਫਾਰ ਜਸਟਿਸ ਸੰਗਠਨ ਦਾ ਨਾਮ ਸਾਹਮਣੇ ਆਇਆ। 2021 ’ਚ ਉਕਤ ਮੁਲਜ਼ਮਾਂ ਖ਼ਿਲਾਫ਼ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ’ਚ ਦੋਸ਼ ਤੈਅ ਕੀਤੇ ਗਏ ਸਨ।
