...ਤਾਂ ਵਿਆਹ ਕਰਵਾਉਣ ਵਾਲੇ ਪਰਿਵਾਰ, ਪੰਡਤ-ਪਾਠੀ, ਹਲਵਾਈ ਤੇ ਟੈਂਟ ਵਾਲੇ ''ਤੇ ਵੀ ਹੁੰਦੀ ਹੈ ਕਾਰਵਾਈ! ਜਾਣ ਲਓ Rule

Saturday, Dec 06, 2025 - 04:35 PM (IST)

...ਤਾਂ ਵਿਆਹ ਕਰਵਾਉਣ ਵਾਲੇ ਪਰਿਵਾਰ, ਪੰਡਤ-ਪਾਠੀ, ਹਲਵਾਈ ਤੇ ਟੈਂਟ ਵਾਲੇ ''ਤੇ ਵੀ ਹੁੰਦੀ ਹੈ ਕਾਰਵਾਈ! ਜਾਣ ਲਓ Rule

ਲੁਧਿਆਣਾ (ਖ਼ੁਰਾਨਾ)– ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਅਗਵਾਈ ਹੇਠ, ਬਾਲ ਵਿਆਹ ਦੀ ਰੋਕਥਾਮ ਸਬੰਧੀ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਬਾਲਾ ਜੀ ਪ੍ਰੇਮ ਆਸ਼ਰਮ, ਪਿੰਡ ਖੰਡੂਰ, ਪਿੰਡ ਰੁੜਕਾ, ਨਵੀਂ ਦਾਣਾ ਮੰਡੀ, ਮਾਡਲ ਟਾਊਨ ਅਤੇ ਸਰਕਾਰੀ ਹਾਈ ਸਕੂਲ ਫੀਲਡ ਗੰਜ, ਖੇੜੀ-ਝਮੇੜੀ ਵਿਖੇ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸਮੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ 27 ਨਵੰਬਰ ਤੋਂ ਆਗਾਮੀ 08 ਮਾਰਚ, 2026 ਤੱਕ ਬਾਲ ਵਿਆਹ ਦੀ ਰੋਕਥਾਮ ਲਈ ਵਿਸ਼ੇਸ਼ ਅਭਿਆਨ ਆਰੰਭਿਆ ਗਿਆ ਹੈ ਜਿਸਦੇ ਤਹਿਤ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਸੁਚੇਤ ਕੀਤਾ ਜਾਣਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਵਿਆਹ ਲਈ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜੇਕਰ ਕੋਈ ਪਰਿਵਾਰ ਘੱਟ ਉਮਰ ਦੇ ਬੱਚਿਆਂ ਦਾ ਵਿਆਹ ਕਰਦੇ ਪਾਏ ਜਾਂਦੇ ਹਨ ਤਾਂ ਉਹਨਾਂ ਦੇ ਪਰਿਵਾਰ ਦੇ ਮੈਬਰਾਂ ਨੂੰ 1 ਲੱਖ ਰੁਪਏ ਜੁਰਮਾਨਾ ਅਤੇ 2 ਸਾਲ ਦੀ ਕੈਦ ਦੀ ਸਜਾ ਹੋਵੇਗੀ ਅਤੇ ਵਿਆਹ ਕਰਵਾਉਣ ਵਿੱਚ ਸ਼ਾਮਲ ਪਾਰਟੀ ਜਿਵੇਂ ਕਿ ਮੈਰਿਜ ਪੈਲੇਸ ਦੇ ਮਾਲਕ, ਹਲਵਾਈ, ਟੈਂਟ ਹਾਊਸ, ਪੰਡਿਤ, ਪਾਦਰੀ, ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ਼ ਕਰਵਾਉਣ ਵਾਲੇ ਪਾਠੀ, ਪ੍ਰਿਟਿੰਗ ਪ੍ਰੈਸ, ਬੈਂਡ ਪਾਰਟੀ, ਸਜਾਵਟ ਕਰਨ ਵਾਲਿਆਂ ਆਦਿ 'ਤੇ ਵੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਾਰੀ ਸਖ਼ਤ ਨਿਰਦੇਸ਼ਾਂ ਤਹਿਤ ਸਬੰਧਤ ਧਿਰਾਂ ਕੋਲ ਜਦੋਂ ਵੀ ਕੋਈ ਵਿਅਕਤੀ ਵਿਆਹ ਦੀ ਬੁਕਿੰਗ ਲਈ ਸੰਪਰਕ ਕਰਦਾ ਹੈ ਤਾਂ ਪਹਿਲਾਂ ਲੜਕੇ-ਲੜਕੀ ਦੀ ਉਮਰ ਵੈਰੀਫਾਈ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਵਰਿੰਦਰ ਸਿੰਘ (ਜ਼ਿਲ੍ਹਾ ਪ੍ਰੋਗਰਾਮ ਦਫਤਰ), ਰੀਤੂ ਸੂਦ ਅਤੇ ਸੰਜਨਾ ਕੁਮਾਰੀ (ਜਿਲ੍ਹਾ ਬਾਲ ਸੁਰੱਖਿਆ ਯੂਨਿਟ), ਕਿਰਨਦੀਪ ਕੌਰ ਅਤੇ ਪ੍ਰਭਜੋਤ ਕੋਰ (ਚਾਈਲਡ ਲਾਈਨ) ਵੀ ਸ਼ਾਮਲ ਸਨ।


author

Anmol Tagra

Content Editor

Related News