ਵਲੈਤਣ ਵਹੁਟੀਆਂ ਨੇ ਲੁੱਟ ਲਏ ਪੰਜਾਬੀ! 500 ਤੋਂ ਵੱਧ ਮੁੰਡਿਆਂ ਨਾਲ ਵੱਜੀ ਠੱਗੀ
Thursday, Dec 11, 2025 - 04:31 PM (IST)
ਲੁਧਿਆਣਾ: ਪੰਜਾਬ ਵਿਚ ਪਤਨੀ ਦੇ ਸਹਾਰੇ ਵਿਦੇਸ਼ ਜਾਣ ਦੇ ਚੱਕਰ ਵਿਚ ਪਤੀਆਂ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਹ ਰੁਝਾਨ ਬੇਹੱਦ ਖ਼ਤਰਨਾਕ ਸਾਬਤ ਹੋ ਰਿਹਾ ਹੈ । ਇਕੱਲੇ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਪਿਛਲੇ ਪੰਜ ਸਾਲਾਂ ਵਿਚ ਕੁੱਲ 523 ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ। ਪਤਨੀ ਦੇ ਵਿਦੇਸ਼ ਪਹੁੰਚਣ ਤੋਂ ਬਾਅਦ ਨਾਤਾ ਤੋੜ ਦੇਣ ਜਾਂ ਪਤੀ ਨੂੰ ਬਾਹਰ ਨਾ ਬੁਲਾਉਣ ਦੇ ਮਾਮਲੇ ਪੰਜਾਬ ਵਿਚ ਹਰ ਸਾਲ ਦੇਖਣ ਨੂੰ ਮਿਲਦੇ ਹਨ ।
ਐੱਨ.ਆਰ.ਆਈ. ਥਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ । ਸਾਲ 2020 ਵਿਚ 109, 2021 ਤੇ 2022 ਵਿਚ 117-117, 2023 ਵਿਚ 99, 2024 ਵਿਚ 44 ਅਤੇ 2025 ਵਿਚ ਹੁਣ ਤੱਕ ਲਗਭਗ 37 ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ।
ਇਸ ਮਾਮਲੇ ਵਿਚ ਕਈ ਪਤੀਆਂ ਨੇ ਆਪਣੀ ਸਾਰੀ ਜਮ੍ਹਾਂ-ਪੂੰਜੀ ਖ਼ਰਚ ਦਿੱਤੀ ਹੈ। ਬੀਤੇ ਕੱਲ੍ਹ ਹੀ ਇਕ ਨੌਜਵਾਨ ਨੇ ਇੰਗਲੈਂਡ ਗਈ ਪਤਨੀ ਵੱਲੋਂ ਗੱਲਬਾਤ ਬੰਦ ਕੀਤੇ ਜਾਣ 'ਤੇ ਸਤਲੁਜ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸੇ ਤਰ੍ਹਾਂ ਪਿੰਡ ਰਾਮਗੜ੍ਹ ਦੇ ਜਗਜੋਤ ਸਿੰਘ ਨੇ ਆਪਣੀ ਪਤਨੀ ਹਰਲੀਨ ਕੌਰ ਨੂੰ ਕੈਨੇਡਾ ਭੇਜਣ ਲਈ 24 ਲੱਖ ਰੁਪਏ ਖਰਚ ਕੀਤੇ, ਪਰ ਹਰਲੀਨ ਉਸ ਨੂੰ ਬੁਲਾਉਣ ਤੋਂ ਮੁੱਕਰ ਗਈ।
