ਨਵਜੋਤ ਸਿੱਧੂ ਦੇ 500 ਕਰੋੜ ਵਾਲੇ ਦਾਅਵੇ ''ਤੇ CM ਮਾਨ ਦਾ ਵੱਡਾ ਬਿਆਨ
Wednesday, Dec 10, 2025 - 04:58 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ. ਨਵਜੋਤ ਕੌਰ ਸਿੱਧੂ ਦੇ ਦਾਅਵਿਆਂ ਨੂੰ ਲੈ ਕੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਟੈਂਡਰ ਲਾ ਰੱਖੇ ਹਨ, ਜਿਹੜਾ ਜ਼ਿਆਦਾ ਭਾਅ ਭਰ ਦੇਵੇਗਾ, ਉਸ ਨੂੰ CM ਉਮੀਦਵਾਰ ਐਲਾਨ ਦੇਣਗੇ। ਉਨ੍ਹਾਂ ਕਿਹਾ ਕਿ ਇਹ ਹੁਣ ਮੰਡੀਆਂ ਦੇ ਭਾਅ ਵਾਂਗ ਮੁੱਖ ਮੰਤਰੀ, ਮੰਤਰੀ ਤੇ ਕੌਂਸਲਰਾਂ ਦੇ ਭਾਅ ਦੱਸ ਰਹੇ ਹਨ।
ਪੰਜਾਬ 'ਚ ਨਿਵੇਸ਼ ਵਧਾਉਣ ਦੇ ਮੰਤਵ ਨਾਲ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਪਰਤੇ ਭਗਵੰਤ ਸਿੰਘ ਮਾਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਮੈਂ ਪੰਜਾਬ ਦੀ ਤਰੱਕੀ ਚਾਹੁੰਦਾ ਹਾਂ, ਪੰਜਾਬ ਦੇ ਮੁੰਡੇ- ਕੁੜੀਆਂ ਨੂੰ ਇੱਥੇ ਹੀ ਕਾਮਯਾਬ ਹੁੰਦੇ ਵੇਖਣਾ ਚਾਹੁੰਦਾ ਹਾਂ। ਜਿਸ ਦੀ ਜਿਹੋ ਜਿਹੀ ਨੀਯਤ ਹੁੰਦੀ ਹੈ, ਓਹੋ ਜਿਹੇ ਕੰਮ ਕਰਦਾ ਹੈ। ਇਹ ਲੋਕ ਕੌਂਸਲਰ, ਐੱਮ.ਐੱਲ.ਏ. ਤੇ ਸੀ.ਐੱਮ. ਦੇ ਰੇਟ ਦੱਸੀ ਜਾ ਰਹੇ ਹਨ, ਇੰਨ੍ਹਾਂ ਦੀ ਨੀਅਤ ਹੀ ਇਹੋ ਜਿਹੀ ਹੈ। ਦੂਜੇ ਪਾਸੇ ਮੈਂ ਪੰਜਾਬ ਵਿਚ ਇਨਵੈਸਟਮੈਂਟ ਲਿਆਉਣ ਬਾਰੇ ਗੱਲਾਂ ਕਰ ਰਿਹਾ ਹਾਂ।
ਮਾਨ ਨੇ ਕਿਹਾ ਕਿ ਇਹ ਲੋਕ ਪੰਜਾਬ ਦੀ ਅਰਥਵਿਵਸਥਾ ਦੀ ਬੋਲੀ ਲਗਾ ਰਹੇ ਹਨ। ਇਹ ਸਾਰੇ ਮਹਿਕਮਿਆਂ ਤੇ ਮੰਤਰਾਲਿਆਂ ਦੇ ਰੇਟ ਲਗਾ ਰਹੇ ਹਨ। ਮਾਨ ਨੇ ਕਿਹਾ ਕਿ ਜਿਹੜਾ ਬੰਦਾ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਲਵੇਗਾ, ਉਹ ਸੇਵਾ ਤਾਂ ਨਹੀਂ ਕਰੇਗਾ। ਉਹ ਪਹਿਲਾਂ ਆਪਣੇ 500 ਕਰੋੜ ਰੁਪਏ ਪੂਰੇ ਕਰੇਗਾ ਤੇ ਫ਼ਿਰ ਮੁਨਾਫ਼ੇ ਵੱਲ ਜਾਵੇਗਾ। ਇਹ ਤਾਂ ਪੰਜਾਬ ਦਾ ਟੈਂਡਰ ਭਰਨ ਵਾਲੀ ਹੀ ਗੱਲ ਹੈ, ਜੋ ਜ਼ਿਆਦਾ ਭਰ ਦੇਵੇਗਾ, ਉਸ ਨੂੰ ਮੁੱਖ ਮੰਤਰੀ ਬਣਾ ਦਿਆਂਗੇ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਪਾਰਟੀਆਂ ਨਹੀਂ ਬਣਾਉਂਦੀਆਂ, ਸਗੋਂ ਲੋਕ ਬਣਾਉਂਦੇ ਹਨ।
