ਸੜਕਾਂ ''ਤੇ ਖੜੇ ਪਾਣੀ ਕਰਕੇ ਇਟਲੀ ਦੇ ਵਨੇਸ਼ੀਆ ਵਰਗਾ ਲਗਦਾ ਸੀ ਬੇਗੋਵਾਲ!

08/17/2019 10:20:47 PM

ਬੇਗੋਵਾਲ,(ਰਜਿੰਦਰ): ਮੌਸਮ ਵਿਭਾਗ ਦੇ ਅਲਰਟ ਦੇ ਚਲਦਿਆਂ ਬੇਗੋਵਾਲ ਸ਼ਹਿਰ 'ਚ ਹੋਈ ਮੋਹਲੇਧਾਰ ਬਾਰਿਸ਼ ਨੇ ਇਥੋਂ ਦੀਆਂ ਸੜਕਾਂ ਦਾ ਮੁਹਾਦਰਾਂ ਬਦਲ ਕੇ ਰੱਖ ਦਿੱਤਾ। ਹਾਲਾਤ ਇਹ ਰਹੇ ਕਿ ਬਾਰਿਸ਼ ਨਾਲ ਬੇਗੋਵਾਲ 'ਚ ਟਾਂਡਾ ਸੜਕ, ਬਲੋਚੱਕ ਰੋਡ, ਮੇਨ ਬਾਜ਼ਾਰ, ਮੀਖੋਵਾਲ ਪੱਤੀ ਤੋਂ ਨਗਰ ਪੰਚਾਇਤ ਬੇਗੋਵਾਲ ਰੋਡ ਤੇ ਮਾਤਾ ਰਾਣੀ ਮੰਦਰ ਨੂੰ ਜਾਂਦੀ ਸੜਕ ਸਮੇਤ ਸ਼ਹਿਰ ਦੇ ਅਨੇਕਾਂ ਰਸਤਿਆਂ 'ਤੇ ਪਾਣੀ ਭਰ ਗਿਆ। ਜਿਸ ਨੂੰ ਵੇਖ ਇੰਝ ਲਗਦਾ ਸੀ ਕਿ ਜਿਵੇਂ ਇਹ ਬੇਗੋਵਾਲ ਦਾ ਬਾਜ਼ਾਰ ਨਹੀਂ, ਸਗੋਂ ਇਟਲੀ ਦਾ ਸ਼ਹਿਰ ਵਨੇਸ਼ੀਆ ਹੋਵੇ। ਜ਼ਿਕਰਯੋਗ ਹੈ ਕਿ ਬੇਗੋਵਾਲ ਦੇ ਮੇਨ ਬਾਜ਼ਾਰ, ਮਾਤਾ ਰਾਣੀ ਮੰਦਰ ਰੋਡ ਤੇ ਪੁਰਾਣੇ ਬਾਜ਼ਾਰ ਨੂੰ ਜਾਣ ਵਾਲੇ ਰਸਤਿਆਂ 'ਤੇ ਬਾਰਿਸ਼ ਦਾ ਪਾਣੀ ਛੱਲਾਂ ਪਾਣੀ ਰਿਹਾ ਸੀ, ਜਿਥੋਂ ਲੋਕ ਡਰਦੇ-ਡਰਦੇ ਲੰਘ ਰਹੇ ਸਨ। ਡਰ ਵੀ ਹੋਣਾ ਸੀ ਕਿਉਂਕਿ ਇਹ ਉਹ ਸੜਕ ਹੈ, ਜੋ ਖਸਤਾ ਹਾਲਤ ਹੈ ਤੇ ਇਸ ਨੂੰ ਬਣਾਏ ਜਾਣ ਦਾ ਪ੍ਰਾਜੈਕਟ ਹਾਲੇ ਫਾਈਲਾਂ ਵਿਚ ਹੀ ਲਟਕਿਆ ਹੋਇਆ ਹੈ ਤੇ ਲੋਕਾਂ ਲੰਮੇ ਸਮੇਂ ਤੋਂ ਇਹੀ ਉਡੀਕ ਲਗਾਈ ਬੈਠੇ ਹਨ ਕਿ ਇਹ ਰਸਤਾ ਕਦੋਂ ਬਣੇਗਾ। ਬਾਰਿਸ਼ ਤਾਂ ਰਾਤ ਦੀ ਹੀ ਸ਼ੁਰੂ ਹੋ ਗਈ ਸੀ, ਜੋ ਹਲਕੀ-ਹਲਕੀ ਪੈਂਦੀ ਰਹੀ ਤੇ ਸਵੇਰ ਵੇਲੇ ਪਈ ਹੀ ਨਹੀਂ। ਜਿਉਂ ਹੀ ਸ਼ਹਿਰ ਵਿਚ ਮਾਰਕੀਟ ਖੁਲੀ ਤਾਂ ਉਸ ਤੋਂ ਕੁਝ ਸਮੇਂ ਬਾਅਦ ਇਥੇ ਸਵੇਰ ਤੋਂ ਲਗਾਤਾਰ ਸ਼ਾਮ ਤੱਕ ਹੋਈ ਮੋਹਲੇਧਾਰ ਬਾਰਿਸ਼ ਨੇ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ-ਪਾਣੀ ਕਰ ਦਿੱਤਾ। 

PunjabKesari

ਦੁਕਾਨਾਂ 'ਚ ਵੜਿਆ ਪਾਣੀ
ਸ਼ਨੀਵਾਰ ਪਈ ਬਾਰਿਸ਼ ਦਾ ਪਾਣੀ ਬੇਗੋਵਾਲ ਸ਼ਹਿਰ ਵਿਚਲੀਆਂ ਕੁਝ ਦੁਕਾਨਾਂ ਵਿਚ ਜਾ ਵੜਿਆ। ਜਿਸ ਕਾਰਨ ਦੁਕਾਨਦਾਰਾਂ ਨੂੰ ਬਹੁਤ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਸ ਦੌਰਾਨ ਕੁਝ ਦੁਕਾਨਦਾਰਾਂ ਨੇ ਤਾਂ ਟੁੱਲੂ ਪੰਪ ਲਗਾ ਕੇ ਦੁਕਾਨਾਂ ਵਿਚੋਂ ਪਾਣੀ ਕੱਢਿਆ। 

ਪਾਣੀ ਦੀ ਨਿਕਾਸੀ ਸੁਧਾਰਨ ਦੀ ਮੰਗ
ਬਾਰਿਸ਼ ਦੇ ਪਾਣੀ ਨਾਲ ਬੇਗੋਵਾਲ ਦੀਆਂ ਸੜਕਾਂ ਦੇ ਭਰਨ ਤੋਂ ਬਾਅਦ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੇ ਸ਼ਹਿਰ ਵਿਚ ਪਾਣੀ ਦੇ ਨਿਕਾਸੀ ਸਿਸਟਮ ਨੂੰ ਸੁਧਾਰਨ ਲਈ ਨਗਰ ਪੰਚਾਇਤ ਪਾਸੋਂ ਮੰਗ ਕੀਤੀ ਹੈ। ਕੁਝ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੇਗੋਵਾਲ ਇਕ ਐੱਨ.ਆਰ.ਆਈ. ਹੱਬ ਹੈ, ਜਿਸ ਨੂੰ ਵਿਦੇਸ਼ਾਂ ਵਿਚ ਮਿੰਨੀ ਅਮਰੀਕਾ ਵਜੋਂ ਜਾਣਿਆ ਜਾਂਦਾ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਐੱਨ.ਆਰ.ਆਈਜ਼ ਦੇ ਇਸ ਪ੍ਰਮੁੱਖ ਸ਼ਹਿਰ ਵੱਲ ਸਮੇਂ ਦੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਜਿਸ ਦਾ ਨਤੀਜਾ ਅੱਜ ਸਾਰਿਆਂ ਦਾ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਪਾਏ ਜਾਣ ਤੋਂ ਬਾਅਦ ਪਾਣੀ ਦੀ ਨਿਕਾਸੀ ਵਿਚ ਰੁਕਾਵਟ ਵਧੀ ਹੈ। ਪਰ ਇਸ ਪਾਸੇ ਹਾਲੇ ਤੱਕ ਮੌਜੂਦਾ ਕਾਂਗਰਸ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ। 

PunjabKesari

ਕੀ ਹੈ ਵਨੇਸ਼ੀਆ ਸ਼ਹਿਰ 
ਯੂਰਪ ਦੇ ਇਟਲੀ ਵਿਚ ਪੈਂਦਾ ਵੇਨਿਸ ਸ਼ਹਿਰ ਇਕ ਪ੍ਰਸਿੱਧ ਟੂਰਿਸਟ ਹੱਬ ਵਜੋਂ ਜਾਣਿਆ ਜਾਂਦਾ ਹੈ। ਇਹ ਇਟਲੀ ਦੇ ਉੱਤਰ ਪੂਰਬੀ ਹਿੱਸੇ ਵਿਚ ਪੈਂਦਾ ਹੈ ਤੇ ਇਸ ਸ਼ਹਿਰ ਦੀ ਖਾਸੀਅਤ ਇਹ ਹੈ ਕਿ ਇਹ 118 ਛੋਟੇ-ਛੋਟੇ ਟਾਪੂਆਂ ਦਾ ਇਕ ਸਮੂਹ ਹੈ, ਜਿਸ ਵਿਚ ਨਹਿਰਾਂ ਪੈਂਦੀਆਂ ਹਨ। ਇਥੇ ਟਾਪੂਆਂ ਤੇ ਨਹਿਰਾਂ ਨੂੰ 400 ਪੁਲਾਂ ਨਾਲ ਜੋੜਿਆ ਗਿਆ ਹੈ। ਇਸ ਸ਼ਹਿਰ ਵਿਚ ਇਤਿਹਾਸਿਕ ਇਮਾਰਤਾਂ, ਬਾਜ਼ਾਰ ਤੇ ਲੋਕਾਂ ਦੀ ਰਿਹਾਇਸ਼ ਤੱਕ ਸ਼ਾਮਲ ਹੈ। ਇਥੇ ਇਕ ਜਗਾ ਤੋਂ ਦੂਸਰੀ ਜਗਾ 'ਤੇ ਕਿਸ਼ਤੀ ਰਾਹੀ ਜਾਣਾ ਪੈਂਦਾ ਹੈ। ਸੰਸਾਰ ਭਰ ਵਿਚ ਇਸ ਸ਼ਹਿਰ ਨੂੰ ਵੇਨਿਸ ਵਜੋਂ ਜਾਣਿਆ ਜਾਂਦਾ ਹੈ, ਪਰ ਇਟਾਲੀਆਂ ਵਿਚ ਇਸ ਨੂੰ ਵਨੇਜ਼ੀਆ ਤੇ ਸਥਾਨਕ ਸ਼ਹਿਰ ਇਸ ਨੂੰ ਵਨੇਸ਼ੀਆ ਵੀ ਆਖਦੇ ਹਨ। 


Related News