ਇਟਲੀ : ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ
Monday, Apr 08, 2024 - 12:53 PM (IST)
ਮਿਲਾਨ (ਸਾਬੀ ਚੀਨੀਆ): ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਸਤੇਨੇਦਲੋ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਹਾਜਰੀ ਭਰ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਗੁਰੂਦੁਆਰਾ ਸਾਹਿਬ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦਲੋ ਤੋਂ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅਤੇ ਸਿੱਖੀ ਪਰੰਪਰਾਵਾਂ ਤਹਿਤ ਹੋਈ।
ਸਾਰੇ ਰਸਤੇ ਵਿਚ ਸੰਗਤਾਂ ਦੁਆਰਾ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ। ਜਿਸਦਾ ਇਟਾਲੀਅਨ ਅਤੇ ਹੋਰਨਾਂ ਮੂਲ ਦੇ ਲੋਕਾਂ ਤੇ ਗਹਿਰਾ ਪ੍ਰਭਾਵ ਪਿਆ। ਨਗਰ ਕੀਰਤਨ ਮੌਕੇ ਵੱਖ-ਵੱਖ ਰਾਗੀ ਸਿੰਘਾਂ ਜਿਨ੍ਹਾਂ ਵਿੱਚ ਗ੍ਰੰਥੀ ਭਾਈ ਹਰਜੀਤ ਸਿੰਘ ਅਤੇ ਸਾਥੀਆਂ ਦੁਆਰਾ ਇਲਾਹੀ ਕੀਰਤਨ ਅਤੇ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਗਿਆਨੀ ਰਾਵਲ ਸਿੰਘ ਬੂਲੇਵਾਲ ਅਤੇ ਸਾਥੀਆਂ ਦੁਆਰਾ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗੱਤਕਾ ਅਕਾਦਮੀ ਬਨਿੳਲੋ ਮੇਲਾ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਇਟਲੀ ਦੇ ਵੱਖ-ਵੱਖ ਇਲਾਕਿਆਂ ਦੇ ਹੋਰਨਾਂ ਗੁਰੂਦੁਆਰਾ ਸਾਹਿਬ, ਵੱਖ-ਵੱਖ ਸੰਸਥਾਵਾਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਤਰ੍ਹਾਂ ਦੇ ਗੁਰੂ ਕੇ ਲੰਗਰ ਜਿਨ੍ਹਾਂ ਵਿਚ ਚਾਹ, ਪਕੌੜੇ, ਪਿੱਜਾ, ਪਾਣੀ, ਜੂਸ ਆਦਿ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ ਸਨ।
ਪੜ੍ਹੋ ਇਹ ਅਹਿਮ ਖ਼ਬਰ- ਬਾਬਾ ਸਾਹਿਬ ਅੰਬੇਡਕਰ , ਮਹਾਤਮਾ ਜੋਤੀਬਾ ਫੂਲੇ ਆਦਿ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ 14 ਅਪ੍ਰੈਲ ਨੂੰ
ਕਸਤੇਨੇਦਲੋ ਕਮੂਨੇ ਦੀ ਵਾਈਸ ਮੇਅਰ ਇਊਜੇਨੀਆ ਨੇ ਵੀ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦੀ ਵਧਾਈ ਦਿੱਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਕਸਤੇਨੇਦੋਲੋ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਸ਼ਾਮ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਕਸਤੇਨੇਦਲੋ ਦੀ ਪਰਿਕਰਮਾ ਕਰਦਿਆਂ ਨਗਰ ਕੀਰਤਨ ਦੀ ਸਮਾਪਤੀ ਗੁਰੂਦੁਆਰਾ ਸਾਹਿਬ ਵਿਖੇ ਹੋਈ ਅਤੇ ਇਸ ਨਗਰ ਕੀਰਤਨ ਮੌਕੇ ਵੱਖ- ਵੱਖ ਸੇਵਾਵਾਂ ਲਈ ਗੁਰਦਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਇਲਾਕੇ ਦੀ ਸੰਗਤਾਂ ਅਤੇ ਸੇਵਾਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਕਾਰਜ ਹੋਇਆ ਅਤੇ ਅੱਗੋਂ ਵੀ ਸਹਿਯੋਗ ਮਿਲਣ ਦੀ ਉਮੀਦ ਪ੍ਰਗਟਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।