ਇਟਲੀ ਦੀਆਂ ਸਰਹੱਦਾਂ ''ਤੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀਆਂ ਗੂੰਜਾਂ
Tuesday, Apr 30, 2024 - 02:56 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਇਟਲੀ ਅਤੇ ਆਸਟਰੀਆ ਦੀਆਂ ਸਰਹੱਦਾਂ 'ਤੇ ਵੱਸਦੇ ਸ਼ਹਿਰ ਬੁਲਜਾਨੋ ਦੀਆਂ ਸੰਗਤਾਂ ਵੱਲੋ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਆਲੇ ਤਰੇਂਤੋਂ ਤੋਂ ਆਰੰਭਤਾ ਉਪਰੰਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਪਰਕਰਮਾ ਕਰਦਿਆਂ ਹੋਇਆ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਪੁੱਜਦਿਆਂ ਹੋਈ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਵਿੰਦਰਜੀਤ ਸਿੰਘ ਬੁਲਜਾਨੋ ਪ੍ਰਬੰਧਕ ਜੁਝਾਰ ਸਿੰਘ ਅਤੇ ਹੋਰਨਾਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਦੂਰ ਦੁਰਾਡੇ ਤੋਂ ਕਾਫ਼ਲਿਆਂ ਦੇ ਰੂਪ ਵਿੱਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਜਿੰਨਾਂ ਦੁਆਰਾ ਨਗਰ ਕੀਰਤਨ ਵਿੱਚ ਪਹੁੰਚ ਕਰਕੇ ਰੌਣਕਾਂ ਨੂੰ ਚਾਰ ਚੰਨ ਲਾਏ ਗਏ। ਸ਼ਹੀਦ ਭਾਈ ਮਨੀ ਸਿੰਘ ਗੱਤਕਾ ਅਕੈਡਮੀ ਬੁਲਜਾਨੋ ਵਾਲੇ ਸਿੰਘਾਂ ਦੁਆਰਾ ਗੱਤਕਾ ਕਲਾ ਦੇ ਜੌਹਰ ਵਿਖਾਉਂਦੇ ਹੋਏ ਖ਼ੂਬ ਵਾਹ-ਵਾਹ ਖੱਟੀ। ਵੱਖ-ਵੱਖ ਕੀਰਤਨੀ ਜੱਥਿਆਂ ਦੁਆਰਾ ਆਈਆ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ
ਪੁਲਸ ਪ੍ਰਸ਼ਾ਼ਸ਼ਨ ਦੁਆਰਾ ਟ੍ਰੈਫ਼ਿਕ ਨੂੰ ਬੜੇ ਸੁਚੱਜੇ ਢੰਗ ਨਾਲ ਕੰਟਰੋਲ ਕਰਕੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਿੱਖੀ ਸੇਵਾ ਸੁਸਾਇਟੀ ਅਤੇ ਕਲਤੂਰਾ ਸਿੱਖ ਦੇ ਸੇਵਾਦਾਰਾਂ ਵੱਲੋ ਇਟਾਲੀਅਨ ਭਾਸ਼ਾ ਅਤੇ ਗੁਰਮੁਖੀ ਵਿਚ ਪ੍ਰਕਾਸ਼ਿਤ ਕਿਤਾਬਾਂ ਫ੍ਰੀ ਵੰਡਕੇ ਨਗਰ ਕੀਰਤਨ ਵਿਚ ਪੁੱਜੇ ਇਟਾਲੀਅਨ ਅਤੇ ਦੂਸਰੇ ਮੂਲ ਦੇ ਲੋਕਾਂ ਨੂੰ ਨਗਰ ਕੀਰਤਨ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਗਿਆ। ਸਿਰਾਂ 'ਤੇ ਕੇਸਰੀ ਰੰਗ ਦੀਆ ਦਸਤਾਰਾਂ ਤੇ ਦੁਪੱਟੇ ਲੈਕੇ ਪੁੱਜੀਆਂ ਸੰਗਤਾਂ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਸਮਾਨ ਗੂੰਜਣ ਲਾ ਦਿੱਤਾ। ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲਾਂ ਦਾ ਪ੍ਰਬੰਧ ਕਰਕੇ ਆਈਆਂ ਸੰਗਤਾਂ ਨੂੰ ਲੰਗਰ ਛਕਾਇਆ ਅਤੇ ਸੇਵਾਵਾਂ ਵਿੱਚ ਹਿੱਸਾ ਪਾਇਆ ਗਿਆ। ਅੰਤ ਵਿੱਚ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ। ਵੱਖ-ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆਂ ਅਤੇ ਹੋਰਨਾਂ ਸੇਵਾਦਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।