3 ਸ਼ੋਅਰੂਮਾਂ ’ਚ ਚੋਰੀ

Sunday, Nov 18, 2018 - 02:06 AM (IST)

ਹਰਿਆਣਾ,   (ਰੱਤੀ)-  ਕਸਬਾ ਹਰਿਆਣਾ ’ਚ ਚੋਰੀਆਂ ਦੀਆਂ ਘਟਨਾਵਾਂ ਵਧਣ ਨਾਲ ਇਲਾਕਾ ਵਾਸੀਆਂ ’ਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। ਬੀਤੀ ਰਾਤ ਹਰਿਆਣਾ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਚੋਰਾਂ ਨੇ ਤਿੰਨ ਸ਼ੋਅਰੂਮਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ। 
ਜਾਣਕਾਰੀ ਦਿੰਦਿਆਂ ਹੀਰੋ ਕੰਪਨੀ ਦੇ ਸ਼ੋਅਰੂਮ ਦੀ ਵਰਕਸ਼ਾਪ ਦੇ ਮੈਨੇਜਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦਰਵਾਜ਼ਾ ਤੇ ਕੰਧ ਤੋਡ਼ ਕੇ ਅੰਦਰ ਦਾਖ਼ਲ ਹੋਣ ਉਪਰੰਤ ਵੱਖ-ਵੱਖ ਗਾਹਕਾਂ ਵੱਲੋਂ ਦਿੱਤੀਆਂ ਕਿਸ਼ਤਾਂ ਦੇ ਕਰੀਬ 20 ਹਜ਼ਾਰ ਰੁਪਏ ਚੋਰੀ ਕਰ ਲਏ। ਇਸ ਦੇ ਨਾਲ ਹੀ ਗੁਆਂਢੀ ਹਾਂਡਾ ਸ਼ੋਅਰੂਮ ਦਾ ਸ਼ਟਰ ਤੋਡ਼ ਕੇ ਵੀ ਅੰਦਰ ਸਾਮਾਨ ਖਿਲਾਰ ਦਿੱਤਾ ਪਰ ਉਨ੍ਹਾਂ ਉਥੇ ਕੋਈ ਰਾਸ਼ੀ ਨਹੀਂ ਰੱਖੀ ਸੀ। ਹਾਂਡਾ ਸ਼ੋਅਰੂਮ ਦੇ ਮੈਨੇਜਰ ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਦਾ ਭੰਨ-ਤੋੜ ਤੋਂ ਇਲਾਵਾ ਹੋਰ ਕੋਈ ਨੁਕਸਾਨ ਨਹੀਂ ਹੋਇਆ। 
ਇਸੇ ਤਰ੍ਹਾਂ ਤੀਸਰੇ ਸੈਨੇਟਰੀ ਸ਼ੋਅਰੂਮ ਡੀ. ਐੱਮ. ਐਂਟਰਪ੍ਰਾਈਜ਼ਿਜ਼ ਦੇ ਮਾਲਕ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਛੱਤ ’ਤੇ ਲੱਗੇ ਦਰਵਾਜ਼ੇ ਨੂੰ ਤੋਡ਼ ਕੇ ਚੋਰ ਅੰਦਰ ਦਾਖ਼ਲ ਹੋਏ ਅਤੇ ਗੱਲੇ ਵਿਚ ਪਏ ਕਰੀਬ 700 ਰੁਪਏ   ਚੋਰੀ  ਕਰ  ਕੇ ਲੈ ਗਏ। ਚੋਰੀਆਂ ਦੀਆਂ ਘਟਨਾਵਾਂ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News