ਘਰ ’ਚੋਂ ਹਥਿਆਰ ਤੇ ਗਹਿਣੇ ਚੋਰੀ
Wednesday, Sep 11, 2024 - 04:55 PM (IST)

ਅਬੋਹਰ (ਸੁਨੀਲ) : ਉਪ-ਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਾਲ ਵਿਖੇ ਚੋਰਾਂ ਨੇ ਇਕ ਵਿਅਕਤੀ ਦੇ ਘਰ ਦਾਖ਼ਲ ਹੋ ਕੇ ਅਲਮਾਰੀ ’ਚ ਰੱਖੇ ਹਥਿਆਰ ਅਤੇ ਗਹਿਣੇ ਚੋਰੀ ਕਰ ਲਏ। ਮਕਾਨ ਮਾਲਕ ਦੀ ਸ਼ਿਕਾਇਤ ’ਤੇ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਜਸਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ ਉਹ ਖੇਤੀ ਕਰਦਾ ਹੈ। 8 ਸਤੰਬਰ ਦੀ ਰਾਤ ਨੂੰ ਉਹ ਅਤੇ ਉਸ ਦਾ ਪਰਿਵਾਰ ਸੁੱਤੇ ਪਏ ਸਨ ਜਦੋਂ ਸਵੇਰੇ 6 ਵਜੇ ਦੇ ਕਰੀਬ ਜਾਗ ਕੇ ਦੇਖਿਆ ਕਿ ਉਸ ਦੇ ਰਿਹਾਇਸ਼ੀ ਕਮਰੇ, ਜਿਸ ’ਚ ਪੇਟੀਆਂ ਅਤੇ ਅਲਮਾਰੀ ਆਦੀ ਸੀ, ਉਸਨੂੰ ਖੋਲ੍ਹਣ ਦਾ ਯਤਨ ਕੀਤਾ ਤਾਂ ਕਮਰੇ ਦੇ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲਗਾ ਕੇ ਉਸ ਨੂੰ ਬੰਦ ਕੀਤਾ ਹੋਇਆ ਸੀ।
ਜਦ ਉਸਨੇ ਧੱਕੇ ਮਾਰ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਕਮਰੇ ਦੀ ਪਿੱਛੇ ਵਾਲੀ ਖਿੜਕੀ ਦੀ ਗਰਿੱਲ ਟੁੱਟੀ ਹੋਈ ਸੀ ਅਤੇ ਕਮਰੇ ’ਚ ਸਾਰਾ-ਸਾਮਾਨ ਖਿੱਲਰਿਆ ਪਿਆ ਸੀ। ਸਾਮਾਨ ਦੀ ਜਾਂਚ ਕਰਨ ’ਤੇ ਉਸ ਨੇ ਦੇਖਿਆ ਕਿ ਇਕ ਸੋਨੇ ਕੜਾ, 6 ਮੁੰਦਰੀਆਂ, ਝੁਮਕੇ ਦਾ ਇਕ ਜੋੜਾ, ਇਕ ਜੋੜੀ ਟੌਪਸ, ਵਾਲੀਆਂ, ਇਕ ਰਿਵਾਲਵਰ, ਦੋ ਅਤੇ ਇਕ ਨਾਲੀ ਬੰਦੂਕਾਂ ਅਤੇ 50 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।