ਚਾਂਦੀ 100 ਰੁਪਏ ਹੋਈ ਸਸਤੀ, ਸੋਨੇ ''ਚ ਵੀ ਗਿਰਾਵਟ, ਜਾਣੋ ਕੀਮਤਾਂ

Friday, Oct 26, 2018 - 02:22 PM (IST)

ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਤੇਜ਼ੀ ਰਹੀ ਪਰ ਇਸ ਵਿਚਕਾਰ ਘਰੇਲੂ ਬਾਜ਼ਾਰ 'ਚ ਕੀਮਤਾਂ ਉੱਚੀਆਂ ਹੋਣ ਕਾਰਨ ਪ੍ਰਚੂਨ ਗਾਹਕੀ 'ਚ ਸੁਸਤੀ ਦਿਸੀ। ਇਸ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 35 ਰੁਪਏ ਦੀ ਹਲਕੀ ਗਿਰਾਵਟ ਨਾਲ 32,590 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸ ਦੌਰਾਨ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ 'ਚ ਆਈ ਕਮੀ ਕਾਰਨ ਚਾਂਦੀ 100 ਰੁਪਏ ਡਿੱਗ ਕੇ 39,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ।

ਕੌਮਾਂਤਰੀ ਬਾਜ਼ਾਰ 'ਚ ਲੰਡਨ ਦਾ ਸੋਨਾ ਹਾਜ਼ਰ 4.90 ਡਾਲਰ ਦੀ ਤੇਜ਼ੀ ਨਾਲ 1236.30 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 6.10 ਡਾਲਰ ਦੀ ਤੇਜ਼ੀ 'ਚ 1238.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਵਿਦੇਸ਼ੀ ਬਾਜ਼ਰ 'ਚ ਚਾਂਦੀ 'ਚ ਵੀ ਤੇਜ਼ੀ ਰਹੀ ਅਤੇ ਇਹ 0.06 ਡਾਲਰ ਉਛਲ ਕੇ 14.67 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਮਾਹਰਾਂ ਮੁਤਾਬਕ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਟੁੱਟਣ ਕਾਰਨ ਸੋਨੇ ਨੂੰ ਤੇਜ਼ੀ ਮਿਲੀ ਹੈ। ਇਸ ਦੇ ਇਲਾਵਾ ਕੌਮਾਂਤਰੀ ਸ਼ੇਅਰ ਬਾਜ਼ਾਰ 'ਚ ਮਚੀ ਉਥਲ-ਪੁਥਲ ਕਾਰਨ ਵੀ ਨਿਵੇਸ਼ਕਾਂ ਦਾ ਰੁਝਾਨ ਸੋਨੇ 'ਚ ਵਧਿਆ ਹੈ।


Related News