ਆਮ ਆਦਮੀ ਕਲੀਨਿਕਾਂ ਨੇ ਮਰੀਜ਼ਾਂ ਦੇ ਬਚਾਏ 1000 ਕਰੋੜ ਤੋਂ ਵੀ ਵੱਧ ਰੁਪਏ

Tuesday, Sep 24, 2024 - 02:52 PM (IST)

ਆਮ ਆਦਮੀ ਕਲੀਨਿਕਾਂ ਨੇ ਮਰੀਜ਼ਾਂ ਦੇ ਬਚਾਏ 1000 ਕਰੋੜ ਤੋਂ ਵੀ ਵੱਧ ਰੁਪਏ

ਜਲੰਧਰ: ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਆਮ ਆਦਮੀ ਕਲੀਨਿਕਾਂ ਵਿਚ ਹੁਣ ਤਕ 2 ਕਰੋੜ 7 ਲੱਖ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ ਇਸ ਪਹਿਲਕਦਮੀ ਨਾਲ ਮਰੀਜ਼ਾਂ ਦੀ ਤਕਰੀਬਨ ਹਜ਼ਾਰ ਕਰੋੜ ਰੁਪਏ ਤੋਂ ਵੀ ਦੀ ਬਚਤ ਹੋਈ ਹੈ। 

ਪੰਜਾਬ ਵਿਚ ਪਹਿਲਾਂ ਤੋਂ ਹੀ 842 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਤੇ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 30 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ, ਜਿਸ ਨਾਲ ਪੰਜਾਬ ’ਚ ਹੁਣ ਕੁੱਲ 872 ਕਲੀਨਿਕ ਕਾਰਜਸ਼ੀਲ ਹੋ ਚੁੱਕੇ ਹਨ। ਮੁੱਖ ਮੰਤਰੀ ਵੱਲੋਂ ਜਨਤਾ ਨੂੰ ਸਮਰਪਿਤ ਕੀਤੇ ਗਏ 30 ਕਲੀਨਿਕਾਂ ’ਚੋਂ ਬਠਿੰਡਾ ਵਿਚ 5, ਹੁਸ਼ਿਆਰਪੁਰ ’ਚ 2, ਮਾਨਸਾ ’ਚ 7, ਮੋਗਾ ’ਚ 3, ਪਟਿਆਲਾ ’ਚ 6, ਐੱਸ. ਏ. ਐੱਸ. ਨਗਰ ਮੋਹਾਲੀ ’ਚ 5 ਅਤੇ ਸ੍ਰੀ ਮੁਕਤਸਰ ਸਾਹਿਬ ’ਚ 2 ਕਲੀਨਿਕ ਸ਼ਾਮਲ ਹਨ। ਇਨ੍ਹਾਂ ਕਲੀਨਿਕਾਂ ’ਚ ਕੁੱਲ 80 ਤਰ੍ਹਾਂ ਦੀਆਂ ਦਵਾਈਆਂ ਤੇ 38 ਟੈਸਟਾਂ ਦੀ ਸਹੂਲਤ ਮੁਹੱਈਆ ਮੁਫ਼ਤ ਕਰਵਾਈ ਜਾ ਰਹੀ ਹੈ। 

ਇਨ੍ਹਾਂ ਕਲੀਨਿਕਾਂ ’ਚ 72 ਲੱਖ ਤੋਂ ਵੱਧ ਜਾਂਚ ਟੈਸਟ ਮੁਫਤ ਕੀਤੇ ਗਏ ਹਨ। ਇਨ੍ਹਾਂ ਸਹੂਲਤਾਂ ਨੇ ਸੂਬੇ ਦੇ ਲੋਕਾਂ ਦੇ ਸਿਹਤ ਸੰਭਾਲ 'ਤੇ ਹੋਣ ਵਾਲੇ 1050 ਕਰੋੜ ਰੁਪਏ ਦੇ ਖਰਚੇ ਦੀ ਬੱਚਤ ਕਰਨ ’ਚ ਯੋਗਦਾਨ ਪਾਇਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਦਵਾਈਆਂ ਖਰੀਦਣ ਅਤੇ ਸਪਲਾਈ ਚੇਨ ਦੇ ਕੇਂਦਰੀਕਰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।ਸੀ. ਐੱਮ. ਓਜ਼/ਐੱਸ. ਐੱਮ. ਓਜ਼ ਨੂੰ ਸਥਾਨਕ ਪੱਧਰ ’ਤੇ ਦਵਾਈਆਂ ਦੀ ਖਰੀਦ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਪਹਿਲਕਦਮੀ ਨਾਲ ਮਰੀਜ਼ਾਂ ਦੀ ਲਗਭਗ 102.98 ਕਰੋੜ ਰੁਪਏ ਦੀ ਬੱਚਤ ਹੋਈ ਹੈ।

ਸਾਰੀਆਂ ਸੈਕੰਡਰੀ ਸਿਹਤ ਸਹੂਲਤਾਂ ’ਤੇ ਮੁਫ਼ਤ ਐਕਸ-ਰੇ ਅਤੇ ਅਲਟਰਾਸਾਊਂਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 512 ਪ੍ਰਾਈਵੇਟ ਐਕਸ-ਰੇ ਅਤੇ ਅਲਟਰਾਸਾਊਂਡ ਸੈਂਟਰਾਂ ਨੂੰ ਮਾਮੂਲੀ ਸਰਕਾਰੀ ਨਿਰਧਾਰਤ ਦਰਾਂ 'ਤੇ ਸੇਵਾਵਾਂ ਪ੍ਰਦਾਨ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਮੌਜੂਦਾ ਸਰਕਾਰੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸੂਬੇ ਵਿਚ ਰੋਜ਼ਾਨਾ ਕੀਤੇ ਜਾਣ ਵਾਲੇ ਅਲਟਰਾਸਾਊਂਡ ਦੀ ਗਿਣਤੀ 650 ਤੋਂ ਵਧ ਕੇ 1350 ਹੋ ਗਈ ਹੈ, ਜਦਕਿ ਸੂਬੇ ’ਚ ਐਕਸ-ਰੇ ਦੀ ਗਿਣਤੀ 3,000 ਤੋਂ ਵੱਧ ਕੇ 4,200 ਹੋ ਗਈ ਹੈ। ਹੁਣ ਤੱਕ ਕੁੱਲ 7.52 ਲੱਖ ਮਰੀਜ਼ਾਂ (5.67 ਲੱਖ ਐਕਸ-ਰੇ ਸੇਵਾਵਾਂ ਅਤੇ 1.85 ਲੱਖ ਯੂ. ਐੱਸ. ਜੀ. ਸੇਵਾਵਾਂ ਪ੍ਰਾਪਤ ਕੀਤੀਆਂ) ਨੇ ਇਨ੍ਹਾਂ ਸੇਵਾਵਾਂ ਦੀ ਵਰਤੋਂ ਕੀਤੀ ਹੈ।


author

Anmol Tagra

Content Editor

Related News