ਬੀਮਾ ਕੰਪਨੀ ਨੇ ਨਹੀਂ ਦਿੱਤਾ ਮੈਡੀਕਲ ਦਾ ਪੂਰਾ ਬਿੱਲ, ਹੁਣ ਦੇਵੇਗੀ ਹਰਜਾਨਾ
Tuesday, Nov 28, 2017 - 10:39 PM (IST)
ਨਵਾਂਸ਼ਹਿਰ (ਤ੍ਰਿਪਾਠੀ)-ਪੀੜਤ ਨੂੰ ਜਨਰਲ ਇੰਸ਼ੋਰੈਂਸ ਕੰਪਨੀ ਦੀ ਹੈਲਥ ਬੀਮਾ ਪਾਲਸੀ ਤਹਿਤ ਮੈਡੀਕਲ ਬਿੱਲ ਦਾ ਪੂਰਾ ਭੁਗਤਾਨ ਨਾ ਕਰਨ 'ਤੇ ਖਪਤਕਾਰ ਫੋਰਮ ਨੇ ਹਰਜਾਨਾ ਅਤੇ ਬਾਕੀ ਦਾ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕੀ ਹੈ ਮਾਮਲਾ
ਨਵਾਂਸ਼ਹਿਰ ਦੇ ਕਸਬਾ ਰਾਹੋਂ ਨਿਵਾਸੀ ਦਵਿੰਦਰ ਸਿੰਘ ਪੁੱਤਰ ਮੋਹਨ ਲਾਲ ਨੇ ਫੋਰਮ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਕੋਲਾਮੈਡਲਮ ਐੱਮ. ਐੱਸ. ਜਨਰਲ ਇੰਸ਼ੋਰੈਂਸ ਕੰਪਨੀ ਤੋਂ ਵਾਹਨ ਲੋਨ ਲਿਆ ਸੀ। ਇਨਵੈਸਟਮੈਂਟ ਐਂਡ ਫਾਈਨਾਂਸ ਕੰਪਨੀ ਦੇ ਏਜੰਟ ਨੇ 3348 ਰੁਪਏ ਪ੍ਰੀਮੀਅਮ ਰਾਸ਼ੀ ਲੈ ਕੇ ਉਸਦਾ 75 ਹਜ਼ਾਰ ਰੁਪਏ ਦਾ ਫੈਮਿਲੀ ਫਲੋਟਰ ਟਾਈਪ ਹੈਲਥ ਬੀਮਾ ਕਰ ਕੇ ਉਸ ਨੂੰ ਕੰਪਨੀ ਦਾ ਕਾਰਡ ਜਾਰੀ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਸਰੀਰਕ ਕਮਜ਼ੋਰੀ ਦੌਰਾਨ ਨਵਾਂਸ਼ਹਿਰ ਦੇ ਰਾਜਾ ਹਸਪਤਾਲ 'ਚ ਜਨਰਲ ਜਾਂਚ ਲਈ ਗਿਆ ਸੀ। ਹਸਪਤਾਲ ਨੇ ਉਸ ਨੂੰ ਦਾਖਲ ਕਰ ਕੇ ਕੈਸ਼ਲੈੱਸ ਹੈਲਥ ਇੰਸ਼ੋਰੈਂਸ ਪਾਲਿਸੀ ਤਹਿਤ ਕੰਪਨੀ ਨੂੰ ਹਸਪਤਾਲ 'ਚ ਇਲਾਜ ਦੀ ਫੀਸ 26 ਹਜ਼ਾਰ ਰੁਪਏ ਸਬੰਧੀ ਈ-ਮੇਲ ਭੇਜਿਆ, ਜਿਸ 'ਤੇ ਕੰਪਨੀ ਨੇ 10,000 ਰੁਪਏ ਦੀ ਅਪਰੂਵਲ ਦੇ ਕੇ ਇਲਾਜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਚਾਰ ਦਿਨ ਹਸਪਤਾਲ 'ਚ ਇਲਾਜ ਅਧੀਨ ਰਹਿਣ ਤੋਂਬਾਅਦ ਹਸਪਤਾਲ ਨੇ ਡਿਸਚਾਰਜ ਕਰਨ ਤੋਂ ਪਹਿਲਾਂ ਫਾਈਨਲ ਡਿਸਚਾਰਜ ਬਿੱਲ ਕੰਪਨੀ ਨੂੰ ਮੇਲ ਕਰ ਦਿੱਤਾ ਪਰ ਬੀਮਾ ਕੰਪਨੀ ਨੇ ਇਲਾਜ ਉਨ੍ਹਾਂ ਦੀ ਬੀਮਾ ਪਾਲਿਸੀ 'ਚ ਕਵਰ ਨਹੀਂ ਹੈ, ਦਾ ਕਾਰਨ ਦੱਸਦੇ ਹੋਏ ਹਸਪਤਾਲ ਦੀ ਅਦਾਇਗੀ ਕਰਨ ਤੋਂ ਮਨ੍ਹਾ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹਸਪਤਾਲ 'ਚ ਬਕਾਇਆ 17,882 ਰੁਪਏ ਦੇ ਬਿੱਲ ਦੇ ਭੁਗਤਾਨ ਕਰਨ ਉਪਰੰਤ ਹੀ ਇਸ ਨੂੰ ਡਿਸਚਾਰਜ ਕੀਤਾ ਗਿਆ।
ਕੀ ਕਹਿਣੈ ਫੋਰਮ ਦਾ
ਉਕਤ ਸ਼ਿਕਾਇਤ ਦੇ ਆਧਾਰ 'ਤੇ ਫੋਰਮ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਜਿਊਰੀ ਮੈਂਬਰ ਕੰਵਲਜੀਤ ਸਿੰਘ ਵੱਲੋਂ ਬੀਮਾ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਗਿਆ। ਨੋਟਿਸ ਜਾਰੀ ਹੋਣ ਤੋਂ ਬਾਅਦ ਕੰਪਨੀ ਨੇ ਆਪਣਾ ਪੱਖ ਮਜ਼ਬੂਤੀ ਨਾਲ ਫੋਰਮ ਕੋਲ ਰੱਖਿਆ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਫੋਰਮ ਨੇ ਬੀਮਾ ਕੰਪਨੀ ਨੂੰ 9 ਫੀਸਦੀ ਵਿਆਜ ਸਮੇਤ 17,882 ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ। ਫੋਰਮ ਨੇ ਕੰਪਨੀ ਨੂੰ 7,000 ਰੁਪਏ ਵੱਖ ਤੋਂ ਹਰਜ਼ਾਨੇ ਦੇ ਰੂਪ 'ਚ ਦੇਣ ਦੇ ਨਿਰਦੇਸ਼ ਦਿੱਤੇ।
