ਕੇਂਦਰ ਦਾ ਪੰਜਾਬ ਨੂੰ ਵੱਡਾ ਤੋਹਫ਼ਾ! ਆਖ਼ਿਰ ਪੂਰਾ ਹੋਵੇਗਾ ਅੰਗਰੇਜ਼ਾਂ ਦੇ ਵੇਲੇ ਦਾ ਪ੍ਰਾਜੈਕਟ

Saturday, Dec 06, 2025 - 12:48 PM (IST)

ਕੇਂਦਰ ਦਾ ਪੰਜਾਬ ਨੂੰ ਵੱਡਾ ਤੋਹਫ਼ਾ! ਆਖ਼ਿਰ ਪੂਰਾ ਹੋਵੇਗਾ ਅੰਗਰੇਜ਼ਾਂ ਦੇ ਵੇਲੇ ਦਾ ਪ੍ਰਾਜੈਕਟ

ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੰਜਾਬ ਵਿਚ ਅੰਗਰੇਜ਼ਾਂ ਵੇਲੇ ਸ਼ੁਰੂ ਕੀਤੇ ਗਏ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 40 ਕਿਲੋਮੀਟਰ ਲੰਬੇ ਕਾਦਿਆਂ-ਬਿਆਸ ਰੇਲ ਲਾਈਨ ਪ੍ਰਾਜੈਕਟ ਨੂੰ "ਡੀਫ੍ਰੀਜ਼" ਕਰਕੇ ਇਸ 'ਤੇ ਕੰਮ ਦੁਬਾਰਾ ਸ਼ੁਰੂ ਕਰਨ। ਇਹ ਪ੍ਰਾਜੈਕਟ ਪਹਿਲਾਂ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਸੀ, ਪਰ ਹੁਣ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਇਸ ਮਾਮਲੇ ਨੂੰ ਉਠਾਇਆ ਅਤੇ ਇਸ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰੇਲ ਮੰਤਰੀ ਵੈਸ਼ਨਵ ਨੇ ਇਹ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਰੇਲਵੇ ਪ੍ਰਾਜੈਕਟਾਂ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਹੈ।

ਰਵਨੀਤ ਸਿੰਘ ਬਿੱਟੂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਨਿਰਮਾਣ ਕਾਰਜ ਫਿਰ ਤੋਂ ਸ਼ੁਰੂ ਕਰਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਰੇਲ ਲਾਈਨ ਬਹੁਤ ਮਹੱਤਵਪੂਰਨ ਹੈ। ਇਹ ਨਵੀਂ ਰੇਲ ਲਾਈਨ ਇਲਾਕੇ ਦੀ Steel City ਕਹੇ ਜਾਣ ਵਾਲੇ ਬਟਾਲਾ ਦੀਆਂ ਸੰਘਰਸ਼ ਕਰ ਰਹੀਆਂ ਉਦਯੋਗਿਕ ਇਕਾਈਆਂ ਨੂੰ ਇਕ ਮਹੱਤਵਪੂਰਨ ਹੁਲਾਰਾ ਦੇਵੇਗੀ। ਬਿੱਟੂ ਨੇ ਜਾਣਕਾਰੀ ਦਿੱਤੀ ਕਿ ਉੱਤਰੀ ਰੇਲਵੇ ਦੇ ਮੁੱਖ ਪ੍ਰਬੰਧਕੀ ਅਧਿਕਾਰੀ (ਨਿਰਮਾਣ) ਦੁਆਰਾ ਇਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਰੇਲਵੇ ਬੋਰਡ ਇਸ ਨੂੰ ਡੀਫ੍ਰੀਜ਼ ਕਰਕੇ ਇਸ ਦਾ ਐਸਟੀਮੇਟ ਤੁਰੰਤ ਪਾਸ ਕਰੇਗਾ ਅਤੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ।

ਅੰਗਰੇਜ਼ਾਂ ਵੇਲੇ ਮਨਜ਼ੂਰ ਹੋਇਆ ਸੀ ਪ੍ਰਾਜੈਕਟ 

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਪ੍ਰਾਜੈਕਟ ਬਹੁਤ ਪੁਰਾਣਾ ਹੈ। ਇਸ ਨੂੰ ਸਭ ਤੋਂ ਪਹਿਲਾਂ 1929 ਵਿਚ ਬ੍ਰਿਟਿਸ਼ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਅਤੇ ਨਾਰਥ-ਵੈਸਟਰਨ ਰੇਲਵੇ ਨੇ ਇਸ 'ਤੇ ਕੰਮ ਸ਼ੁਰੂ ਕੀਤਾ ਸੀ। 1932 ਤੱਕ ਲਗਭਗ ਇਕ-ਤਿਹਾਈ ਕੰਮ ਪੂਰਾ ਹੋ ਚੁੱਕਾ ਸੀ, ਪਰ ਅਚਾਨਕ ਇਹ ਪ੍ਰਾਜੈਕਟ ਬੰਦ ਕਰ ਦਿੱਤਾ ਗਿਆ ਸੀ। ਰੇਲਵੇ ਨੇ 2010 ਦੇ ਰੇਲ ਬਜਟ ਵਿਚ ਵੀ ਇਸ ਨੂੰ ਮੁੜ ਤੋਂ ਸ਼ਾਮਲ ਕੀਤਾ ਸੀ, ਪਰ ਯੋਜਨਾ ਕਮਿਸ਼ਨ ਦੀਆਂ ਵਿੱਤੀ ਚਿੰਤਾਵਾਂ ਕਾਰਨ ਕੰਮ ਇਕ ਵਾਰ ਫਿਰ ਰੁਕ ਗਿਆ ਸੀ। 


author

Anmol Tagra

Content Editor

Related News