ਜ਼ਹਿਰੀਲੇ ਪਾਣੀ ਤੋਂ ਲੈ ਕੇ ਹਸਪਤਾਲਾਂ-ਬੀਮਾ ਕੰਪਨੀਆਂ ਦੀ ਲੁੱਟ ਤੱਕ..., ਰਾਘਵ ਚੱਢਾ ਨੇ ਸੰਸਦ 'ਚ ਚੁੱਕੇ ਵੱਡੇ ਮੁੱਦੇ

Thursday, Dec 04, 2025 - 12:18 AM (IST)

ਜ਼ਹਿਰੀਲੇ ਪਾਣੀ ਤੋਂ ਲੈ ਕੇ ਹਸਪਤਾਲਾਂ-ਬੀਮਾ ਕੰਪਨੀਆਂ ਦੀ ਲੁੱਟ ਤੱਕ..., ਰਾਘਵ ਚੱਢਾ ਨੇ ਸੰਸਦ 'ਚ ਚੁੱਕੇ ਵੱਡੇ ਮੁੱਦੇ

ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਅੱਜ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦੇਸ਼ ਵਿਚ ਬੀਮਾ ਕੰਪਨੀਆਂ ਤੇ ਨਿੱਜੀ ਹਸਪਤਾਲਾਂ ਵੱਲੋਂ ਆਮ ਜਨਤਾ ਦੇ ਹੋ ਰਹੇ ਸ਼ੋਸ਼ਣ ਦਾ ਮੁੱਦਾ ਚੁੱਕਿਆ।

ਇਸ ਦੌਰਾਨ ਉਨ੍ਹਾਂ ਨੇ ਸਦਨ ਦੀ ਕਾਰਵਾਈ ਦੌਰਾਨ ਆਪਣੀ ਸਪੀਚ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸੰਸਦ ਵਿੱਚ ਮੈਂ ਉਸ ਦਰਦ ਦਾ ਮੁੱਦਾ ਉਠਾਇਆ ਜਿਸ ਦਾ ਸਾਹਮਣਾ ਹਰ ਆਮ ਭਾਰਤੀ ਪਰਿਵਾਰ ਕਰਦਾ ਹੈ। ਇਹ ਮੁੱਦਾ ਹੈ ਬੀਮਾ ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਦੁਆਰਾ ਸ਼ੋਸ਼ਣ ਦਾ। ਹਸਪਤਾਲਾਂ ਵਿਚ ਕਈ ਵਾਰ ਨਕਦੀ ਰਹਿਤ ਇਲਾਜ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਕਈ ਵਾਰ ਕਲੇਮ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਕਈ ਵਾਰ ਮਰੀਜ਼ ਬੀਮਾ ਕੰਪਨੀਆਂ ਦਾ ਅਦਾਇਗੀ ਲਈ ਮਹੀਨਿਆਂ ਬੱਧੀ ਪਿੱਛਾ ਕਰਦੇ ਰਹਿੰਦੇ ਹਨ। ਇਹ ਸ਼ੋਸ਼ਣ ਹੈ। ਸਿਹਤ ਬੀਮਾ ਇੱਕ ਜੂਆ ਨਹੀਂ ਹੋਣਾ ਚਾਹੀਦਾ। ਇਹ ਇੱਕ ਗਰੰਟੀ ਹੋਣੀ ਚਾਹੀਦੀ ਹੈ। ਅਜਿਹੇ ਹਸਪਤਾਲਾਂ ਤੇ ਬੀਮਾ ਕੰਪਨੀਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।

 

ਜ਼ਹਿਰੀਲੇ ਪਾਣੀ ਤੇ ਧਰਤੀ ਹੇਠਲੇ ਘਟਦੇ ਪਾਣੀ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ

ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪੰਜਾਬ ’ਚ ਪਾਣੀ ਦੇ ਗੰਭੀਰ ਸੰਕਟ ’ਤੇ ਬੁੱਧਵਾਰ ਰਾਜ ਸਭਾ ’ਚ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਤੇ ਹਰੀ ਕ੍ਰਾਂਤੀ ਦੀ ਅਗਵਾਈ ਕਰਨ ਵਾਲਾ ਪੰਜਾਬ ਅੱਜ ਪਾਣੀ ਦੀ ਗੁਣਵੱਤਾ ਤੇ ਮਾਤਰਾ ਦੋਵਾਂ ਮਾਮਲਿਆਂ ’ਚ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ‘ ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ’। ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਜ਼ਹਿਰੀਲੇ ਪਾਣੀ ਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਦੇ ਸਭ ਤੋਂ ਗੰਭੀਰ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ।

ਰਾਘਵ ਚੱਢਾ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਵੱਲੋਂ ਧਾਰਾ 252 (1) ਅਧੀਨ ਮਣੀਪੁਰ ਤੱਕ ਜਲ (ਪ੍ਰਦੂਸ਼ਣ ਰੋਕਥਾਮ ਤੇ ਕੰਟਰੋਲ) ਸੋਧ ਐਕਟ, 2024 ਦਾ ਵਿਸਥਾਰ ਕਰਨ ਦੇ ਪ੍ਰਸਤਾਵ ’ਤੇ ਚਰਚਾ ’ਚ ਹਿੱਸਾ ਲੈ ਰਹੇ ਸਨ।

ਉਨ੍ਹਾਂ ਪੰਜਾਬ ਦੇ ਪਾਣੀ ਸੰਕਟ ਦੇ ਤਿੰਨ ਗੰਭੀਰ ਪੱਖਾਂ ਵੱਲ ਹਾਊਸ ਦਾ ਧਿਆਨ ਖਿੱਚਿਆ। ਰਾਘਵ ਅਨੁਸਾਰ ਭਾਰਤ ਸਰਕਾਰ ਦੀ 2025 ਦੀ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੰਜਾਬ ’ਚ ਯੂਰੇਨੀਅਮ ਦਾ ਪ੍ਰਦੂਸ਼ਨ ਸਭ ਤੋਂ ਵੱਧ ਹੈ।

ਉਨ੍ਹਾਂ ਕਿਹਾ ਕਿ ਮਾਨਸੂਨ ਤੋਂ ਬਾਅਦ ਦੇ ਨਮੂਨਿਆਂ ’ਚੋਂ ਸਿਰਫ਼ 62.5 ਫੀਸਦੀ ਨੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਸੁਰੱਖਿਅਤ ਪੱਧਰ ਤੋਂ ਉੱਪਰ ਵਿਖਾਇਆ। ਯੂਰੇਨੀਅਮ ਦੇ ਨਾਲ-ਨਾਲ ਪਾਣੀ ’ਚ ਆਰਸੈਨਿਕ, ਸੀਸਾ, ਕੈਡਮੀਅਮ ਅਤੇ ਕ੍ਰੋਮੀਅਮ ਵਿਸ਼ਵ ਸਿਹਤ ਸੰਸਥਾ ਦੇ ਮਿਆਰਾਂ ਤੋਂ ਵੱਧ ਹੈ, ਖਾਸ ਕਰ ਕੇ ਮਾਲਵਾ ਖੇਤਰ ਬਠਿੰਡਾ, ਮਾਨਸਾ, ਫਰੀਦਕੋਟ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ’ਚ।

ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਤੋਂ ਬੀਕਾਨੇਰ ਤੱਕ ਚੱਲਣ ਵਾਲੀ ਰੇਲਗੱਡੀ ਨੰਬਰ 14703 ਨੂੰ ‘ਕੈਂਸਰ ਟ੍ਰੇਨ’ ਕਿਹਾ ਗਿਆ ਹੈ ਕਿਉਂਕਿ ਵੱਡੀ ਗਿਣਤੀ ’ਚ ਕੈਂਸਰ ਦੇ ਮਰੀਜ਼ ਇਲਾਜ ਲਈ ਇਸ ’ਚ ਸਫਰ ਕਰਦੇ ਹਨ।

ਰਾਘਵ ਚੱਢਾ ਨੇ ਦੱਸਿਆ ਕਿ 1 ਕਿਲੋਗ੍ਰਾਮ ਝੋਨਾ ਉਗਾਉਣ ਲਈ 5,000 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਪੰਜਾਬ ਦੇ 117 ਬਲਾਕਾਂ ’ਚੋਂ 113 ਪੂਰੀ ਤਰ੍ਹਾਂ ‘ਜ਼ਿਆਦਾ ਸ਼ੋਸ਼ਤ’\\\" ਕੀਤੇ ਗਏ ਹਨ। 1970 ’ਚ ਪਾਣੀ ਦਾ ਹੇਠਲਾ ਪੱਧਰ 20 ਫੁੱਟ ਸੀ। ਅੱਜ ਇਹ 500 ਫੁੱਟ ਤੱਕ ਪਹੁੰਚ ਗਿਆ ਹੈ।

ਉਨ੍ਹਾਂ ਕਿਹਾ ਕਿ ਨਾਸਾ ਦੇ ਸੈਟੇਲਾਈਟ ਡਾਟਾ ਅਨੁਸਾਰ ਜ਼ਮੀਨ ਹੇਠਲਾ ਪਾਣੀ ਗੁਆਉਣ ਨੂੰ ਲੈ ਕੇ ਪੰਜਾਬ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਖੇਤਰ ਹੈ। ਸਤਲੁਜ, ਬਿਆਸ ਤੇ ਘੱਗਰ ਦਰਿਆ ਉਦਯੋਗਿਕ ਰਹਿੰਦ-ਖੂੰਹਦ, ਰਸਾਇਣਾਂ, ਦਵਾਈਆਂ ਦੀ ਰਹਿੰਦ-ਖੂੰਹਦ ਤੇ ਅਣਸੋਧੇ ਸੀਵਰੇਜ ਕਾਰਨ ਜ਼ਹਿਰੀਲੇ ਹੋ ਗਏ ਹਨ। ਅੰਕੜਿਆਂ ਅਨੁਸਾਰ ਪੰਜਾਬ ਦੇ 76 ਫੀਸਦੀ ਦਰਿਆ ਦੇਸ਼ ’ਚ ਸਭ ਤੋਂ ਵੱਧ ਪ੍ਰਦੂਸ਼ਿਤ ਹਨ।

ਰਾਘਵ ਚੱਢਾ ਨੇ ਕਿਹਾ ਕਿ ਜਦੋਂ ਦੇਸ਼ ਨੂੰ ਭੋਜਨ ਦੀ ਲੋੜ ਸੀ ਤਾਂ ਪੰਜਾਬ ਨੇ ਦੇਸ਼ ਨੂੰ ਅਨਾਜ ਪ੍ਰਦਾਨ ਕੀਤਾ। ਅੱਜ ਜਦੋਂ ਪੰਜਾਬ ਸੰਕਟ ’ਚ ਹੈ ਤਾਂ ਉਹ ਮਦਦ ਨਹੀਂ ਮੰਗ ਰਿਹਾ, ਇਨਸਾਫ਼ ਦੀ ਮੰਗ ਕਰ ਰਿਹਾ ਹੈ।

ਜੇ ਪੰਜਾਬ 50 ਸਾਲਾਂ ਤੋਂ ਦੇਸ਼ ਦੀ ਖੁਰਾਕ ਸੁਰੱਖਿਆ ਦੀ ਰੀੜ੍ਹ ਦੀ ਹੱਡੀ ਰਿਹਾ ਹੈ ਤਾਂ ਦੇਸ਼ ਨੂੰ ਅੱਜ ਪੰਜਾਬ ਦਾ ਸਮਰਥਨ ਕਰਨਾ ਚਾਹੀਦਾ ਹੈ।


author

Rakesh

Content Editor

Related News