ਮਾਂ ਦੇ ਦੇਹਾਂਤ ਪਿੱਛੋਂ ਵਿਰਾਸਤੀ ਇੰਤਕਾਲ ਚੜ੍ਹਾਉਣ ਲਈ ਦਿੱਤਾ, ਪਟਵਾਰੀ ਨੇ ਰਜਿਸਟਰ ’ਤੇ ਬਿਨਾਂ ਚੜ੍ਹਾਏ ਦੇ ਦਿੱਤੀ ਫ਼ਰਦ
Saturday, Dec 13, 2025 - 09:33 AM (IST)
ਲੁਧਿਆਣਾ (ਬੇਰੀ) : ਸਰਕਾਰ ਚਾਹੇ ਹੀ ਇਹ ਦਾਅਵਾ ਕਰਦੀ ਹੈ ਕਿ ਪਟਵਾਰਖਾਨਿਆਂ ਵਿਚ ਬਿਨਾਂ ਰਿਸ਼ਵਤ ਦੇ ਸਾਰੇ ਕੰਮ ਹੋਣਗੇ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਹੈਬੋਵਾਲ ਵਿਚ ਪੈਂਦੇ ਜੱਸੀਆਂ ਚੌਕ ਪਟਵਾਰਖਾਨਾ ਇਨ੍ਹਾਂ ਦਿਨਾਂ ਵਿਚ ਭ੍ਰਿਸ਼ਟਾਚਾਰ ਅਤੇ ਲਾਪ੍ਰਵਾਹੀ ਦਾ ਅੱਡਾ ਬਣਿਆ ਹੋਇਆ ਹੈ ਜਿੱਥੇ ਆਮ ਆਦਮੀ ਦਾ ਕੰਮ ਨਹੀਂ ਹੁੰਦਾ। ਰਿਸ਼ਵਤ ਦੇਣ ਤੋਂ ਬਾਅਦ ਵੀ ਪਟਵਾਰੀ ਅਤੇ ਉਸ ਦੇ ਕਰਿੰਦੇ ਕੰਮ ਨਹੀਂ ਕਰਦੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਅਸ਼ੋਕ ਨਗਰ, ਖਜੂਰ ਚੌਕ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਪਟਵਾਰਖਾਨੇ ਦੇ ਖਿਲਾਫ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ : Punjab ਦੇ ਇਨਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut
ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਾਂ ਦੇ ਦੇਹਾਂਤ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਜਾਇਦਾਦ ਦਾ ਇੰਤਕਾਲ ਆਪਣੇ ਨਾਮ ਕਰਵਾਉਣ ਲਈ 6-7 ਮਹੀਨੇ ਪਹਿਲਾਂ ਸਾਰੇ ਦਸਤਾਵੇਜ਼ ਪਟਵਾਰੀ ਨੂੰ ਜਮ੍ਹਾ ਕਰਵਾ ਦਿੱਤੇ ਸਨ। ਪਟਵਾਰੀ ਨੇ ਉਸ ਤੋਂ ਕੰਮ ਬਦਲੇ ਰਿਸ਼ਵਤ ਲਈ ਸੀ ਅਤੇ ਪਟਵਾਰੀ ਨੇ ਉਸ ਨੂੰ ਕੱਚੀ ਫਰਦ ਫੜਾ ਦਿੱਤੀ ਅਤੇ 15 ਦਿਨ ਬਾਅਦ ਪੱਕੀ ਫਰਦ ਵੀ ਜਾਰੀ ਕਰ ਦਿੱਤੀ। ਇਸੇ ਫਰਦ ਦੇ ਆਧਾਰ ‘ਤੇ ਉਸ ਨੇ ਆਪਣੀ ਪਤਨੀ ਦੇ ਨਾਮ ਰਜਿਸਟਰੀ ਤੱਕ ਕਰਵਾ ਦਿੱਤੀ ਪਰ ਉਸ ਨੂੰ ਬਾਅਦ ਵਿਚ ਵੱਡਾ ਝਟਕਾ ਲੱਗਾ ਜਦੋਂ ਉਹ ਆਪਣੀ ਪਤਨੀ ਦੇ ਨਾਮ ’ਤੇ ਇੰਤਕਾਲ ਟ੍ਰਾਂਸਫਰ ਕਰਵਾਉਣ ਲਈ ਗਿਆ। ਉਸ ਨੂੰ ਉਦੋਂ ਪਤਾ ਲੱਗਾ ਕਿ ਹੁਣ ਤੱਕ ਤਾਂ ਉਸ ਦੇ ਨਾਮ ’ਤੇ ਹੀ ਇੰਤਕਾਲ ਨਹੀਂ ਚੜ੍ਹਾਇਆ ਗਿਆ। ਪਟਵਾਰੀ ਨੇ ਉਸ ਨੂੰ ਜੋ ਫਰਦ ਦਿੱਤੀ ਸੀ, ਉਹ ਬਿਨਾਂ ਰਜਿਸਟਰ ’ਤੇ ਇੰਤਕਾਲ ਕੀਤੇ ਹੀ ਜਾਰੀ ਕਰ ਦਿੱਤੀ ਗਈ। ਹਾਲਾਂਕਿ ਹੁਣ ਉਕਤ ਪਟਵਾਰੀ ਦੀ ਬਦਲੀ ਹੋ ਗਈ ਹੈ।
ਇਹ ਵੀ ਪੜ੍ਹੋ : Year Ender 2025: ਸਾਲ ਖਤਮ ਹੁੰਦਿਆਂ ਸੱਚ ਹੋਈਆਂ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ! ਹਿਲਾ ਕੇ ਰੱਖ'ਤੀ ਦੁਨੀਆ
ਫਿਰ ਪੀੜਤ ਨੇ ਇਸ ਦੀ ਸ਼ਿਕਇਤ ਏ.ਡੀ.ਸੀ. ਦਫਤਰ ਵਿਚ ਦਿੱਤੀ। ਏ.ਡੀ.ਸੀ. ਸਾਹਿਬ ਨੇ ਮੌਜੂਦਾ ਮਹਿਲਾ ਪਟਵਾਰੀ ਨੂੰ ਬੁਲਾ ਕੇ ਸਾਫ ਨਿਰਦੇਸ਼ ਦਿੱਤੇ ਕਿ ਤੁਰੰਤ ਗਲਤੀ ਸੁਧਾਰੀ ਜਾਵੇ ਅਤੇ ਪੀੜਤ ਦਾ ਕੰਮ ਪੂਰਾ ਕਰਵਾਇਆ ਜਾਵੇ ਪਰ ਸ਼ਿਕਾਇਤ ਦੇ ਬਾਵਜੂਦ ਪਟਵਾਰਖਾਨੇ ਦੇ ਕਰਿੰਦਿਆਂ ’ਤੇ ਸਰਕਾਰੀ ਹੁਕਮਾਂ ਦਾ ਕੋਈ ਅਸਰ ਨਹੀਂ ਦਿਖ ਰਿਹਾ। ਰਾਜੇਸ਼ ਕੁਮਾਰ ਦਾ ਦੋਸ਼ ਹੈ ਕਿ ਪਟਵਾਰੀ ਦੇ ਕਰਿੰਦੇ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਹਨ। ਉਹ ਦੱਸ ਚੁੱਕਾ ਹੈ ਕਿ ਪਹਿਲਾਂ ਪਟਵਾਰੀ ਦੇ ਕਰਿੰਦੇ ਨੂੰ ਉਹ ਪੈਸੇ ਦੇ ਚੁੱਕਾ ਹੈ। ਹੁਣ ਮੌਜੂਦਾ ਪਟਵਾਰੀ ਦੇ ਕਰਿੰਦੇ ਵੀ ਖੁੱਲੇਆਮ ਰਿਸ਼ਵਤ ਮੰਗ ਰਹੇ ਹਨ। ਹੁਣ ਪੀੜਤ ਨੇ ਡੀ.ਸੀ. ਨੂੰ ਗੁਹਾਰ ਲਗਾਈ ਹੈ ਕਿ ਉਸ ਦਾ ਇੰਤਕਾਲ ਜਲਦ ਕਰਵਾਇਆ ਜਾਵੇ ਅਤੇ ਪਟਵਾਰਖਾਨੇ ਵਿਚ ਚੱਲ ਰਹੀ ਰਿਸ਼ਵਤਖੋਰੀ ’ਤੇ ਸਖਤ ਕਾਰਵਾਈ ਹੋਵੇ। ਜੇਕਰ ਉਸ ਦਾ ਕੰਮ ਨਾ ਹੋਇਆ ਤਾਂ ਉਹ ਵਿਜੀਲੈਂਸ ਜਾ ਕੇ ਇਸ ਦੀ ਸ਼ਿਕਾਇਤ ਕਰੇਗਾ।
