ਮੁੱਖ ਮੰਤਰੀ ਮਾਨ ਦੀ ਜਾਪਾਨ ਫੇਰੀ ਪੰਜਾਬ ਦੇ ਭਵਿੱਖ ਨੂੰ ਨਵਾਂ ਰੂਪ ਦੇਵੇਗੀ : ਹਰਜੋਤ ਬੈਂਸ

Thursday, Dec 04, 2025 - 05:22 PM (IST)

ਮੁੱਖ ਮੰਤਰੀ ਮਾਨ ਦੀ ਜਾਪਾਨ ਫੇਰੀ ਪੰਜਾਬ ਦੇ ਭਵਿੱਖ ਨੂੰ ਨਵਾਂ ਰੂਪ ਦੇਵੇਗੀ : ਹਰਜੋਤ ਬੈਂਸ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਪਾਨ ਫੇਰੀ ਦੇ ਉਸਾਰੂ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਫੇਰੀ ਨਾਲ ਸੂਬੇ 'ਚ ਵੱਡਾ ਨਿਵੇਸ਼ ਆਵੇਗਾ ਅਤੇ ਰਣਨੀਤਕ ਸਬੰਧ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੇ ਵਫ਼ਦ ਦੀ ਦੂਰਦਰਸ਼ੀ ਕੂਟਨੀਤਕ ਪਹੁੰਚ ਪੰਜਾਬ ਦੀ ਮਨੁੱਖੀ ਸਰੋਤਾਂ ਨੂੰ ਉੱਭਰ ਰਹੇ ਮੌਕਿਆਂ ਨਾਲ ਜੋੜੇਗੀ, ਜਿਸ ਨਾਲ ਸੂਬੇ 'ਚ ਵਿਕਾਸ ਨੂੰ ਹੁਲਾਰਾ ਮਿਲੇਗਾ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਠੋਸ ਯਤਨਾਂ ਸਦਕਾ ਪੰਜਾਬ ਨੇ ਜਾਪਾਨੀ ਉਦਯੋਗ ਜਗਤ ਦੀ ਮੋਹਰੀ ਕੰਪਨੀ ਟੋਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ (ਟੀ. ਐੱਸ. ਐੱਫ.) ਨਾਲ ਇਤਿਹਾਸਕ ਨਿਵੇਸ਼ ਸਮਝੌਤਾ ਸਹੀਬੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੰਪਨੀ ਪੰਜਾਬ 'ਚ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ ਅਤੇ ਇਸ ਕੰਪਨੀ ਨਾਲ ਇਹ ਸਮਝੌਤਾ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਪੰਜਾਬ ਨੂੰ ਵਿਸ਼ਵ ਪੱਧਰ ‘ਤੇ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਸਥਾਪਿਤ ਕਰਨ ਦੇ ਸਫ਼ਰ 'ਚ ਇੱਕ ਵੱਡਾ ਮੀਲ ਪੱਥਰ ਹੋਵੇਗਾ। 

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਸੂਬੇ ਦੇ ਉਦਯੋਗਿਕ ਵਿਕਾਸ ਅਤੇ ਤਕਨੀਕੀ ਵਿੱਦਿਅਕ ਸਮਰੱਥਾ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰੇਗਾ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੂਰਅੰਦੇਸ਼ੀ ਦ੍ਰਿਸ਼ਟੀਕੋਣ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਕਿੱਲਿੰਗ ਐਕਸੀਲੈਂਸ ਸੈਂਟਰ ਉਦਯੋਗ-ਅਨੁਕੂਲ ਹੁਨਰ ਦਾ ਵਿਸਥਾਰ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਾਏਗਾ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੰਦਿਆਂ ਪੰਜਾਬ ਨੂੰ ਉੱਤਰੀ ਭਾਰਤ ਦੀ ਹੁਨਰ ਰਾਜਧਾਨੀ ਵਜੋਂ ਸਥਾਪਿਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਰਣਨੀਤਕ ਪਹੁੰਚ ਸਾਡੀਆਂ ਪ੍ਰਸ਼ਾਸਕੀ ਸਫ਼ਲਤਾਵਾਂ ਅਤੇ ਭਵਿੱਖਮੁਖੀ ਯੋਜਨਾਵਾਂ ਨੂੰ ਸਾਂਝਾ ਕਰਦਿਆਂ ਆਲਮੀ ਪੱਧਰ ‘ਤੇ ਪੰਜਾਬ ਦੀ ਇੱਕ ਸਫ਼ਲ ਪਛਾਣ ਕਾਇਮ ਕਰੇਗੀ, ਜਿਸ ਨਾਲ ਦੁਨੀਆਂ ਨੂੰ ਪਤਾ ਚੱਲੇਗਾ ਕਿ ਪੰਜਾਬ ਨਾ ਸਿਰਫ਼ ਕਾਰੋਬਾਰ ਲਈ ਖੁੱਲ੍ਹਾ ਹੈ, ਸਗੋਂ ਇਹ ਭਵਿੱਖ ਲਈ ਵੀ ਅਜਿਹੇ ਰਣਨੀਤਕ ਸਬੰਧ ਕਾਇਮ ਕਰ ਰਿਹਾ ਹੈ, ਜੋ ਇਸ ਦੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਲੋਕਾਂ 'ਚ ਨਿਵੇਸ਼ ਲਈ ਹੱਥ ਵਧਾਉਂਦੇ ਹਨ।

ਹਰਜੋਤ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਵਫ਼ਦ ਵੱਲੋਂ ਫਾਸਟ ਟਰੈਕ ਪੰਜਾਬ ਸਿੰਗਲ-ਵਿੰਡੋ ਸਿਸਟਮ, ਆਟੋ-ਡੀਮਡ ਪ੍ਰਵਾਨਗੀਆਂ ਅਤੇ ਪ੍ਰਗਤੀਸ਼ੀਲ ਪੰਜਾਬ ਰਾਈਟ ਟੂ ਬਿਜ਼ਨੈੱਸ ਐਕਟ ਸਮੇਤ ਸੂਬੇ ਦੇ ਬੇਮਿਸਾਲ ਸ਼ਾਸਨ ਸੁਧਾਰਾਂ ਨੂੰ ਸਫ਼ਲਤਾ ਪੂਰਵਕ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਨਵੀਂ ਉਦਯੋਗਿਕ ਨੀਤੀ 2022 'ਚ ਦਰਜ ਅਤੇ ਉਦਯੋਗਪਤੀਆਂ ਦੀ ਪ੍ਰਧਾਨਗੀ ਵਾਲੀਆਂ 24 ਸੈਕਟਰ-ਆਧਾਰਤ ਕਮੇਟੀਆਂ ਰਾਹੀਂ ਸੇਧਤ ਇਨ੍ਹਾਂ ਉਪਾਵਾਂ ਸਦਕਾ ਸੂਬੇ ਨੂੰ ਪਹਿਲਾਂ ਹੀ ਇਨਵੈਸਟ ਪੰਜਾਬ ਰਾਹੀਂ 1.4 ਲੱਖ ਕਰੋੜ ਤੋਂ ਵੱਧ ਦਾ ਨਿਵੇਸ਼ ਹਾਸਲ ਹੋ ਚੁੱਕਾ ਹੈ। ਹਰਜੋਤ ਬੈਂਸ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਸਫ਼ਲ ਵਿਕਾਸ ਕਹਾਣੀ ਦਾ ਗਵਾਹ ਬਣਨ ਲਈ ਦੁਨੀਆ ਭਰ ਦੇ ਨਿਵੇਸ਼ਕਾਂ ਅਤੇ ਭਾਈਵਾਲਾਂ ਨੂੰ ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹੈ।
 


author

Babita

Content Editor

Related News