ਇਸ ਪਿੰਡ ਨੇ ਕਰ ''ਤਾ ਐਲਾਨ, ਵੋਟ ਲੈਣ ਨਾ ਆਇਓ ਨਹੀਂ ਤਾਂ ਲੋਕ ਡਾਂਗ ਉੱਪਰ ''ਪਹਿਰਾ'' ਦੇਣਗੇ
Thursday, Dec 11, 2025 - 05:27 PM (IST)
ਗੋਨਿਆਣਾ ਮੰਡੀ (ਗੋਰਾ ਲਾਲ) : ਗੋਨਿਆਣਾ ਨਜ਼ਦੀਕ ਪਿੰਡ ਨੇਹੀਆਂ ਵਾਲਾ ਦੀ ਚਿੜੀਆ ਬਸਤੀ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਪੂਰਾ ਬਾਈਕਾਟ ਕਰਦਿਆਂ ਧਮਾਕੇਦਾਰ ਐਲਾਨ ਕੀਤਾ ਕਿ ਹੁਣ ਕਿਸੇ ਵੀ ਪਾਰਟੀ ਦਾ ਕੋਈ ਆਗੂ, ਵਰਕਰ ਜਾਂ ਉਮੀਦਵਾਰ ਵੋਟਾਂ ਮੰਗਣ ਲਈ ਪਿੰਡ ਵਿਚ ਕਦਮ ਨਾ ਰੱਖੇ, ਨਹੀਂ ਤਾਂ ਲੋਕਤੰਤਰ ਦੇ ਨਾਂ ’ਤੇ ਖਾਲੀ ਭਾਸ਼ਣ ਸੁਣਨ ਵਾਲੇ ਇਹ ਲੋਕ ਡਾਂਗ ਉੱਪਰ ਹੀ "ਪਹਿਰਾ" ਦੇਣਗੇ ਅਤੇ ਵੋਟਾਂ ਵਾਲੇ ਦਿਨ ਪੋਲਿੰਗ ਬੂਥ ਨਹੀਂ ਲੱਗਣ ਦੇਣਗੇ। ਬਸਤੀ ਦੀਆਂ ਕੁਝ ਕੰਧਾਂ ਉੱਤੇ ਵੱਡੇ-ਵੱਡੇ ਪੋਸਟਰ ਚਿਪਕਾਏ ਗਏ ਹਨ, ਜਿਨ੍ਹਾਂ ਉੱਤੇ ਵੱਡੇ-ਵੱਡੇ ਸ਼ਬਦਾਂ ਵਿਚ ਲਿਖਿਆ ਹੈ “ਵੋਟਾਂ ਦਾ ਬਾਈਕਾਟ, ਕੋਈ ਆਗੂ ਪਿੰਡ ਵਿਚ ਦਾਖਿਲ ਨਾ ਹੋਵੇ। ਇਸ ਐਲਾਨ ਨੇ ਸਿਰਫ ਸਿਆਸੀ ਪਾਰਟੀਆਂ ਨੂੰ ਹੀ ਨਹੀਂ, ਸਗੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਇਹ ਇਲਜ਼ਾਮ ਸਿੱਧੇ—ਸਿੱਧੇ ਦਹਾਕਿਆਂ ਦੀ ਲਾਪਰਵਾਹੀ ਵੱਲ ਉਂਗਲੀ ਉਠਾਉਂਦਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ 75 ਸਾਲ ਬੀਤ ਗਏ, ਪੰਜਾਬ ਵਿਚ ਕਈ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਬਦਲੀਆਂ, ਪੰਚਾਇਤਾਂ ਆਈਆਂ ਤੇ ਗਈਆਂ ਪਰ ਚਿੜੀਆ ਬਸਤੀ ਕਦੇ ਵੀ ਸਰਕਾਰੀ ਖ਼ਿਆਲਗਰੀ ਦਾ ਹਿੱਸਾ ਹੀ ਨਹੀਂ ਬਣੀ । ਉਹ ਕਹਿੰਦੇ ਹਨ ਕਿ ਅੱਜ ਵੀ ਸਾਡੇ ਇਲਾਕੇ ਦੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ, ਨਾ ਪੀਣ ਵਾਲੇ ਪਾਣੀ ਦੀ ਲਾਈਨ, ਨਾ ਪੱਕੀਆਂ ਗਲੀਆਂ, ਨਾ ਡ੍ਰੇਨ ਸਿਸਟਮ, ਨਾ ਬੱਸ ਸੇਵਾ, ਨਾ ਖੇਡ ਮੈਦਾਨ ਅਤੇ ਨਾ ਹੀ ਸਿਹਤ ਸਹੂਲਤ। ਬਸਤੀ ਦੇ ਇਕ ਵੱਡੇ ਬਜ਼ੁਰਗ ਨੇ ਕੌੜੇ ਸ਼ਬਦਾਂ ਵਿਚ ਕਿਹਾ “ਸਾਨੂੰ ਅਕਸਰ ਲੱਗਦਾ ਹੈ ਜਿਵੇਂ ਅਸੀਂ ਭਾਰਤ ਦੇ ਵਾਸੀ ਨਹੀਂ, ਕਿਸੇ ਪਿੱਛੜੇ ਅਤੇ ਛੱਡੇ ਹੋਏ ਦੇਸ਼ ਦੇ ਨਾਗਰਿਕ ਹਾਂ। ਜੇ ਇਹ ਭਾਰਤ ਦਾ ਹਿੱਸਾ ਹੈ ਤਾਂ ਫਿਰ ਆਜ਼ਾਦੀ ਦਾ ਫਲ ਕੌਣ ਖਾ ਰਿਹਾ ਹੈ” ਲੋਕਾਂ ਨੇ ਇਹ ਵੀ ਦੱਸਿਆ ਕਿ ਚੋਣਾਂ ਸਮੇਂ ਵੱਡੇ—ਵੱਡੇ ਵਾਅਦੇ ਹੁੰਦੇ ਹਨ, ਫੋਟੋਆਂ ਖਿਚਵਾਉਣ ਲਈ ਤਾਂ ਹਰ ਪਾਰਟੀ ਆ ਜਾਂਦੀ ਹੈ ਪਰ ਅਗਲੇ ਹੀ ਦਿਨ ਬਸਤੀ ਦੀ ਕਿਸਮਤ ਉਹੋ ਜਿਹੀ ਰਹਿ ਜਾਂਦੀ ਹੈ—ਚਿੱਕੜ, ਬਿਮਾਰੀਆਂ, ਮੱਛਰ ਅਤੇ ਨਰਕ ਵਾਲਾ ਰਹਿਣ—ਜੋਗ ਜੀਵਨ। ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਨੇਤਾਵਾਂ ਨੂੰ ਸਾਡੀ ਯਾਦ ਆਉਂਦੀ ਹੈ ਪਰ ਚੋਣਾਂ ਤੋਂ ਬਾਅਦ ਸਾਡੀ ਕਿਸਮਤ ਕਿਸੇ ਦੀ ਫਾਈਲ ਵਿਚ ਦੱਬ ਕੇ ਰਹਿ ਜਾਂਦੀ ਹੈ। ਇਸ ਵਾਰੀ ਬਸਤੀ ਦੇ ਨੌਜਵਾਨ, ਬਜ਼ੁਰਗ, ਔਰਤਾਂ ਅਤੇ ਬੱਚੇ ਇੱਕੋ ਸੁਰ ਵਿਚ ਕਹਿ ਰਹੇ ਹਨ ਕਿ ਹੁਣ ਬੱਸ! ਜਦੋਂ ਤੱਕ ਸਹੂਲਤਾਂ ਨਹੀਂ ਮਿਲਦੀਆਂ, ਕਿਸੇ ਪਾਰਟੀ ਦੀ ਨਾਟਕਬਾਜ਼ੀ ਨਹੀਂ ਚੱਲੇਗੀ। ਗੱਲ ਸਿਰਫ ਬਾਈਕਾਟ ਦੀ ਨਹੀਂ, ਇਹ ਇਕ ਪ੍ਰਤੀਕਾਤਮਕ ਠੋਕਰ ਹੈ ਉਨ੍ਹਾਂ ਸਰਕਾਰਾਂ ਨੂੰ ਜੋ ਚੋਣਾਂ ਤੋਂ ਇਲਾਵਾ ਮਨੁੱਖੀ ਹੱਕਾਂ ਨੂੰ ਕਦੇ ਤਰਜੀਹ ਹੀ ਨਹੀਂ ਦਿੰਦੀਆਂ।
