ਚਾਈਨਾ ਡੋਰ ਨਹੀਂ ਹੁਣ ਇਸ ਡੋਰ ਤੋਂ ਰਹੋ ਸਾਵਧਾਨ, ਬਣ ਸਕਦੀ ਹੈ ਵੱਡੇ ਹਾਦਸਿਆਂ ਦਾ ਕਾਰਨ

Thursday, Dec 04, 2025 - 11:25 PM (IST)

ਚਾਈਨਾ ਡੋਰ ਨਹੀਂ ਹੁਣ ਇਸ ਡੋਰ ਤੋਂ ਰਹੋ ਸਾਵਧਾਨ, ਬਣ ਸਕਦੀ ਹੈ ਵੱਡੇ ਹਾਦਸਿਆਂ ਦਾ ਕਾਰਨ

ਅੰਮ੍ਰਿਤਸਰ (ਸਰਬਜੀਤ) - ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਜਿੱਥੇ ਪਤੰਗਾਂ ਵੇਚਣ ਅਤੇ ਉਡਾਉਣ ਵਾਲਿਆਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ, ਉੱਥੇ ਹੀ ਪਤੰਗਾ ਉਡਾਉਣ ਵਾਲੀ ਖੂਨੀ ਡੋਰ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਆਪਣੀ ਜਾਨ ਦੀ ਪ੍ਰਵਾਹ ਪੈ ਜਾਂਦੀ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਾਗਦਾ ਜ਼ਮੀਰ ਦੇ ਮੁਖੀ ਸੁਭਾਸ਼ ਸਹਿਗਲ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਚਾਈਨਾ ਖੂਨੀ ਡੋਰ ਲੋਕਾਂ ਦੀ ਜਾਨ ਦੀ ਦੁਸ਼ਮਣ ਹੋਈ ਪਈ ਸੀ, ਉਥੇ ਹੀ ਹੁਣ ਇਕ ਨਵੀਂ ਪਾਕਿਸਤਾਨੀ ਡੋਰ ਨੇ ਉਸ ਦੀ ਜਗ੍ਹਾ ਲੈ ਲਈ ਹੈ, ਜਿਸ ਤੋਂ ਬਚਣ ਲਈ ਮਨੁੱਖ ਨੂੰ ਕੋਈ ਵੀ ਚਾਂਸ ਨਹੀਂ ਮਿਲੇਗਾ।

ਸੁਭਾਸ਼ ਸਹਿਗਲ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਰਹੀ ਪਾਕਿਸਤਾਨੀ 21 ਤੰਦ 19 ਤੰਦ ਦੀ ਡੋਰ ਨੇ ਪੂਰੇ ਅੰਮ੍ਰਿਤਸਰ ਸ਼ਹਿਰ ਵਿਚ ਇਕ ਵਾਰ ਫਿਰ ਤੋਂ ਸਨਸਨੀ ਮਚਾ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਚਾਈਨਾ ਡੋਰ ਨਾਲ ਤਾਂ ਲੋਕ ਜਾ ਪਸ਼ੂ ਪੰਛੀ ਜ਼ਖਮੀ ਹੁੰਦੇ ਸਨ ਪਰ ਇਹ ਪਾਕਿਸਤਾਨੀ ਡੋਰ ਇਸ ਤਰ੍ਹਾਂ ਦੀ ਹੈ ਕਿ ਇਸ ਨੂੰ ਪੂਰੇ ਜ਼ੋਰ ਲਗਾ ਕੇ ਤੋੜਨ ਦਾ ਯਤਨ ਕੀਤਾ ਜਾਵੇ ਤਾਂ ਉਹ ਬਿਲਕੁਲ ਫੇਲ ਸਾਬਤ ਹੋ ਰਿਹਾ ਹੈ।

ਜਾਗਦਾ ਜਮੀਰ ਦੇ ਸੁਭਾਸ਼ ਸਹਿਗਲ ਨੇ ਆਪਣੇ ਟੀਮ ਮੈਂਬਰਾਂ ਨਾਲ ਇਸ ਪਾਕਿਸਤਾਨੀ ਡੋਰ ਸਬੰਧੀ ਜਾਣਕਾਰੀ ਦਿੰਦਿਆਂ ਪਤੰਗਾਂ ਉਡਾਉਣ ਵਾਲੇ ਅਤੇ ਇਸ ਦੀ ਵਿਕਰੀ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੁਰਾਣੀ ਪਰੰਪਰਾਕ ਧਾਗੇ ਵਾਲੀ ਡੋਰ ਹੀ ਵੇਚਣ ਅਤੇ ਖਰੀਦਣ, ਕਿਉਂਕਿ ਇਹ ਖਤਰਨਾਕ ਡੋਰ ਕਈ ਘਰਾਂ ਦੇ ਚਿਰਾਗ ਵੀ ਬੁਝਾ ਸਕਦੀ ਹੈ।

ਉਨ੍ਹਾਂ ਨੇ ਇਸ ਸਬੰਧੀ ਸ਼ਹਿਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਚਾਈਨਾ ਡੋਰ ਦੀ ਇਕ ਵੀਡੀਓ ਵਟਸਅੱਪ ’ਤੇ ਭੇਜ ਕੇ ਪੁਲਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਇਸ ਡੋਰ ਦੀ ਵਿਕਰੀ ਕਰਨ ਵਾਲਿਆਂ ’ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।

ਸੁਭਾਸ਼ ਸਹਿਗਲ ਨੇ ਕਿਹਾ ਕਿ ਇਹ ਪਾਕਿਸਤਾਨੀ ਡੋਰ ਚਾਈਨਾ ਡੋਰ ਤੋਂ ਵੀ ਉੱਪਰ ਖਤਰਨਾਕ ਹੈ, ਜਿਸ ਨੂੰ ਦੇਖ ਕੇ ਇੰਝ ਲੱਗਦਾ ਹੈ ਇਹ ਡੋਰ ਨਹੀਂ, ਬਲਕਿ ਬਿਜਲੀ ਦੀ ਤਾਰ ਜਾਂ ਕੋਈ ਲਿਆਓ ਪਤਲੀ ਰੱਸੀ ਹੋਵੇ ਜੋ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਲਈ ਇਸ ’ਤੇ ਜਲਦ ਤੋਂ ਜਲਦ ਰੋਕ ਲਗਾਈ ਜਾਵੇ ਤਾਂ ਜੋ ਸਰਦੀਆਂ ਦੇ ਦਿਨ ਤਿਉਹਾਰ ਲੋਕ ਆਪੋ-ਆਪਣੇ ਪਰਿਵਾਰਾਂ ਵਿੱਚ ਖੁਸ਼ੀਆਂ ਨਾਲ ਮਨਾ ਸਕਣ।
 


author

Inder Prajapati

Content Editor

Related News